ਕੁਝ ਵਰ੍ਹਿਆਂ ਦੀ ਗੱਲ ਐ ਚੜਦੇ ਸਾਲ, ਨਵੇਂ ਵਰ੍ਹੇ ਦਾ ਪਹਿਲਾ ਦਿਨ ਮੈਂ ਕਾਲਜ਼ ਜਾਣ ਲਈ ਤਿਆਰ ਹੋ ਰਹੀ ਸੀ। ਅਚਾਨਕ ਕੋਈ ਬਾਹਰੋਂ ਅੰਦਰ ਆਉਂਦਾ ਤੇ ਦੱਸਦਾ ਕੇ ਤੁਹਾਡਾ ਪ੍ਰਾਹੁਣਾ ਗੁਜ਼ਰ ਗਿਆ। ਮੈਂ ਅੰਦਰ ਖੜੀ ਸੁਣ ਰਹੀ ਸੀ,ਸੁਣ ਕੇ ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਾਹਲੀ ਵਿਚ ਪਤਾ ਹੀ ਨਹੀਂ ਲੱਗਾ ਕੇ ਕਿਸ ਪ੍ਰਾਹੁਣੇ ਦੀ ਗੱਲ ਹੋ ਰਹੀ ਐ।ਥੋੜੇ ਟਾਇਮ ਬਾਦ ਪਤਾ ਲੱਗਾ ਕਿ ਉਹ ਮੇਰੇ ਪਿਉ ਦੀ ਗੱਲ ਕਰ ਰਹੇ ਸਨ। ਮੈਂ ਆਪਣੇ ਬਾਪ ਨੂੰ ਕਦੇ ਨਹੀਂ ਸੀ ਦੇਖਿਆ ਅਚਾਨਕ ਚਿਰਾਂ ਬਾਅਦ ਜਦੋਂ ਪਿਉ ਦਾ ਜ਼ਿਕਰ ਹੋਇਆ ਤਾਂ ਰੂਹ ਨੂੰ ਇੱਕ ਝਟਕਾ ਲੱਗਾ। ਕੁਝ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਾਂ ਬਾਪ ਦੇ ਮਰਨ ਤੇ ਰੋਣ ਵੀ ਨਹੀਂ ਸੀ ਆ ਰਿਹਾ ਕਿਉਂਕਿ ਕਦੇ ਪਿਉ ਦੇ ਹੋਣ ਦਾ ਅਹਿਸਾਸ ਨਹੀਂ ਸੀ ਮਾਣਿਆ। ਗੱਲਾਂ ਕਰਨ ਤੇ ਪਤਾ ਲੱਗਾ ਕਿ ਮੇਰੇ ਪਿਉ ਦੀ ਮੌਤ ਦੋ ਦਿਨ ਪਹਿਲਾ ਹੋ ਗੲੀ। ਸਾਨੂੰ ਕਿਸੇ ਨੇ ਖਬਰ ਨਹੀਂ ਸੀ ਦਿੱਤੀ। ਬੇਸ਼ੱਕ ਅਸੀਂ ਭੈਣ ਭਰਾ ਆਪਣੇ ਪਿਉ ਨੂੰ ਕਦੇ ਨਹੀਂ ਮਿਲੇ ਪਰ ਇੱਕ ਤਲਬ ਸੀ ਕਦੇ ਨਾ ਮੁੱਕਣ ਵਾਲੀ। ਦੂਜੇ ਦਿਨ ਮਾਮੇ ਤੇ ਮਾਂ ਨਾਲ ਅਸੀਂ ਸਾਡੇ ਦਾਦਕੇ ਪਿੰਡ ਗੲੇ। ਸਾਨੂੰ ਦੇਖ ਪਿੰਡ ਦੇ ਲੋਕਾਂ ਦਾ ਝੁੰਡ ਬਣ ਗਿਆ ਉਹ ਸਾਨੂੰ ਇਸ ਤਰ੍ਹਾਂ ਦੇਖ ਰਹੇ ਸੀ ਜਿਵੇਂ ਕੋਈ ਅਸੀ ਬਾਹਰਲੀ ਦੁਨੀਆਂ ਦੇ ਲੋਕ ਚ ਉਹਨਾਂ ਚ ਉਤਰੇ ਹੋਈਏ। ਸਾਰੇ ਸਾਡੇ ਵੱਲ ਦੇਖ ਕੇ ਆਪਸ ਵਿੱਚ ਗੱਲਾਂ ਕਰ ਰਹੇ ਸਨ।ਉਸ ਸਮੇਂ ਉਹਨਾਂ ਦੀਆਂ ਨਜ਼ਰਾਂ ਮੈਨੂੰ ਚੁੱਭ ਰਹੀਆਂ ਸਨ। ਕੁਝ ਟਾਇਮ ਅਸੀਂ ਬੈਠੇ ਐਨੇ ਨੂੰ ਦੋ ਬੁੜੀਆਂ ਮਾਂ ਨੂੰ ਆ ਕੇ ਮਿਲਦੀਆਂ ਹਨ ਜੋਂ ਮਾਂ ਦੀਆਂ ਸਹੇਲੀਆਂ ਸੀ।ਉਹਨਾਂ ਨੂੰ ਗੱਲਾਂ ਚ ਰੁਝੇ ਦੇਖ ਮੈਂ ਆਪਣੇ ਪਿਉ ਦੇ ਘਰ ਚ ਬੈਠੀ ਸੋਚ ਰਹੀ ਸੀ, ਕਾਸ਼ ਰੱਬ ਮਾੜੀ ਤਕਦੀਰ ਨਾ ਲਿਖਦਾ ਅਸੀਂ ਵੀ ਮਾਂ ਬਾਪ ਨਾਲ ਰਹਿੰਦੇ ਪਿਉ ਦੀ ਦਿਮਾਗੀ ਹਾਲਤ ਜੇ ਠੀਕ ਹੁੰਦੀ , ਅਸੀਂ ਆਪਣੇ ਮਾਮੇ ਮਾਮੀਆਂ ਦੇ ਸ਼ਰੀਕ ਕਦੇ ਨਾ ਬਣਦੇ। ਜਿਵੇਂ ਵੀ ਹਲਾਤ ਹੁੰਦੇ ਅਸੀਂ ਆਪਣੇ ਘਰ ਹੁੰਦੇ ਨਾ ਮਾਮੇ ਮਾਮੀਆਂ ਦੀਆਂ ਉਹਨਾਂ ਦੇ ਪੁੱਤਰਾਂ ਤੇ ਨੂੰਹਾਂ ਦੀਆਂ ਹੱਡ ਝੀਰਵੀਆਂ ਗੱਲਾਂ ਸਹਿਣੀਆਂ ਪੈਂਦੀਆਂ। ਅਚਾਨਕ ਇੱਕ ਨੌਜਵਾਨ ਕੁੜੀ ਆਉਂਦੀ ਏ ਮੈਨੂੰ ਖਿਆਲਾਂ ਚ ਬੈਠੀ ਨੂੰ ਜਗਾਉਂਦੀ ਐ ,ਤੇ ਰੋਟੀ ਖਾਣ ਲਈ ਬੋਲਦੀ ਹੈ। ਅੰਦਰ ਉੱਠੇ ਤੂਫਾਨ ਨੂੰ ਰੋਕਣਾ ਸ਼ਾਇਦ ਮੇਰੇ ਵੱਸੋਂ ਬਾਹਰ ਹੋ ਰਿਹਾ ਸੀ।ਮੈਂ ਰੋਟੀ ਖਾਣ ਲਈ ਮਨ੍ਹਾਂ ਕੀਤਾ ਤੇ ਅੰਦਰ ਕੋਨੇ ਵਿੱਚ ਜਾ ਬੈਠੀ ਅਚਾਨਕ ਮੇਰੀ ਨਜ਼ਰ ਇੱਕ ਕੰਧ ਤੇ ਟੰਗੀ ਤਸਵੀਰ ਤੇ ਪਈ ਮੈਂ ਕੋਲ ਜਾ ਕੇ ਦੇਖਣ ਲਈ ਇੱਕ ਅਧੇੜ ਉਮਰ ਦੀ ਅੌਰਤ ਮੇਰੇ ਕੋਲ ਆਈ ਤੇ ਦੱਸਣ ਲੱਗੀ ਕੇ,”ਇਹ ਤੇਰੇ ਪਿਉ ਦੀ ਫੋਟੋ ਆ ਧੀਏ” ਮੈਂ ਸਵਾਲ ਭਰੀਆਂ ਨਜ਼ਰਾਂ ਨਾਲ ਉਹਨੂੰ ਦੇਖਣ ਲੱਗੀ। ਉਸਨੇ ਬੋਲਦੇ ਬੋਲਦੇ ਮੈਨੂੰ ਗਲ ਲਾ ਕੇ ਦੱਸਿਆ ਕਿ ਮੈਂ ਤੇਰੀ ਭੂਆ ਆ ਪੁੱਤ।”
ਮੈਂ ਬੁੱਤ ਦੀ ਤਰ੍ਹਾਂ ਖੜੀ ਰਹੀ ।ਉਸ ਦੀਆਂ ਗੱਲਾਂ ਮੈਨੂੰ ਕੰਡਿਆਂ ਵਾਂਗ ਚੁੱਭ ਰਹੀਆਂ ਸਨ।ਮੈਂ ਐਨੇ ਵਰ੍ਹੇ ਦੀ ਹੋ ਗਈ ਸੀ। ਪਹਿਲੀ ਵਾਰ ਭੂਆ ਫੁੱਫੜ, ਤਾਇਆਂ ਚਾਚਾ ਸੁਣ ਮੇਰੇ ਦਿਮਾਗ ਨੂੰ ਕੁਝ ਚੜ੍ਹ ਰਿਹਾ ਸੀ। ਐਨੇ ਟਾਇਮ ਅਸੀਂ ਜੋਂ ਦੁੱਖ ਤਕਲੀਫਾਂ ਝੱਲ ਨਾਨੇ ਦੇ ਘਰ ਪਲੇ ਉਸ ਸਮੇਂ ਕਿਥੇ ਸਨ। ਸਾਨੂੰ ਜਿਉਂਦਿਆਂ ਮੋਇਆ ਨੂੰ ਕੋਈ ਪੁੱਛਣ ਤੱਕ ਨਹੀਂ ਆਇਆ।
ਮੈਂ ਮਾਂ ਕੋਲ ਗੲੀ ਤੇ ਕਿਹਾ,” ਮਾਂ ਚੱਲੋਂ ਚੱਲੀਏ ਬਹੁਤ ਟਾਇਮ ਹੋ ਗਿਆ।” ਮਾਂ ਨੇ ਮੇਰੇ ਵੱਲ ਦੇਖਿਆ ਤੇ ਮਾਮੇ ਨੂੰ ਬੋਲਿਆ,”ਚੱਲੋਂ ਭਾਈ ਚੱਲਦੇ ਆ।”
ਜਿਵੇਂ ਉਹ ਮੈਨੂੰ ਦੇਖ ਸਮਝ ਗੲੀ ਹੋਵੇ , ਜਿਵੇਂ ਮੇਰੇ ਅੰਦਰ ਚੱਲ ਰਹੇ ਤੂਫਾਨ ਦੀ ਉਸਨੂੰ ਭਣਕ ਲੱਗ ਗਈ ਹੋਵੇ। ਮੈਂ ਆ ਕੇ ਗੱਡੀ ਚ ਬੈਠੀ। ਕੁਝ ਟਾਇਮ ਬਾਅਦ ਸਾਰੇ ਆ ਗੲੇ ਅਤੇ ਪਿੰਡ (ਮੇਰੇ ਨਾਨਕੇ) ਨੂੰ ਚੱਲ ਪਏ । ਰਾਸਤੇ ਵਿੱਚ ਵੀ ਮਾਮੇ ਉਹੀ ਗੱਲਾਂ ਕਰ ਰਹੇ ਸਨ ਉਹਨਾਂ ਦੀਆਂ ਗੱਲਾਂ ਮੇਰੇ ਦਿਮਾਗ ਤੇ ਹਾਵੀ ਹੋ ਰਹੀਆਂ ਸਨ। ਮੈਂ ਮਾਂ ਦੇ ਮੋਢੇ ਤੇ ਸਿਰ ਰੱਖ ਕੇ ਸੌਂ ਗੲੀ। ਮਾਂ ਦੇ ਗਲ਼ ਲੱਗ ਕੇ ਜਿਵੇਂ ਮਨ ਦਾ ਭਾਰ ਹੌਲਾ ਹੋ ਗਿਆ ਹੋਵੇ।ਘਰ ਆ ਕੇ ਮੈਂ ਅੰਦਰ ਪੈ ਗੲੀ ਘਰ ਚ ਰੋਣਾ ਧੋਣਾ ਹੋਣ ਕਰਕੇ ਮਨ ਖਰਾਬ ਸੀ।
ਸ਼ਾਮੀਂ ਦਾ ਵੇਲਾ ਸੀ ਅਚਾਨਕ ਫੌਨ ਵੱਜਦਾ ਜੋਂ ਕਾਲਜ਼ ਵਿੱਚੋਂ ਸੀ। ਕਾਲਜ਼ ਵਿੱਚ ਕੋਈ ਜ਼ਰੂਰੀ ਫੰਕਸ਼ਨ ਸੀ ਦੂਜੇ ਦਿਨ ਸਭ ਦਾ ਜਾਣਾ ਜ਼ਰੂਰੀ ਸੀ।ਰਾਤ ਦਾ ਵੇਲਾ ਸਾਰੇ ਇਕੱਠੇ ਬੈਠੇ ਗੱਲਾਂ ਕਰ ਰਹੇ ਸਨ। ਮੈਂ ਉਹਨਾਂ ਚ ਜਾ ਬੈਠ ਗੲੀ। ਉਥੇ ਹੀ ਤੇਜੋ ਮਾਮੀ ਜਿਸਨੇ ਮੈਨੂੰ ਸਕੀਆਂ ਮਾਮੀਆਂ ਤੋਂ ਕਿਤੇ ਜ਼ਿਆਦਾ ਵੱਧ ਮਾਂ ਵਾਂਗ ਪਿਆਰ ਦਿੱਤਾ ਮੈਂ ਉਸਦੀ ਗੋਦ ਵਿਚ ਸੌਂ ਗੲੀ। ਅੱਧੀ ਰਾਤ ਨੂੰ ਜਦੋਂ ਅੱਖ ਖੁੱਲੀ ਦੇਖਿਆ ਸਾਰੇ ਸੌਂ ਗਏ ਸਨ। ਮੈਂ ਅੱਚਵੀ ਜਿਹੀ ਲੱਗ ਗਈ।ਦੋ ਦਿਨ ਬੀਤਣ ਤੇ ਮੈਂ ਬਿਲਕੁਲ ਨਹੀਂ ਸੀ ਰੋਈ। ਰਾਤ ਦੇ ਹਨੇਰੇ ਨੇ ਜਿਵੇਂ ਮੇਰੇ ਅੰਦਰ ਕੋਈ ਜਵਾਲਾਮੁਖੀ ਜਗਾ ਦਿੱਤੀ ਹੋਵੇ ਮੇਰੇ ਅੰਦਰ ਹੰਝੂਆਂ ਦਾ ਗਵਾਰ ਉੱਠ ਗਿਆ ਜੋਂ ਰੋਕਿਆ ਨਹੀਂ ਸੀ ਰੁਕ ਰਿਹਾ। ਕੁਝ ਅਚਾਨਕ ਜ਼ਿੰਦਗੀ ਚ ਆਏ ਮੋੜ ਕਰਕੇ ਕੁਝ ਦੁੱਖ ਦੇ ਟਾਇਮ ਚ ਆਪਣਿਆਂ ਵੱਲੋਂ ਬੋਲੀਆਂ ਗੱਲਾਂ ਮੇਰੇ ਦਿਮਾਗ ਤੇ ਘੁੰਮਣ ਲੱਗੀਆਂ। ਅੈਵੇ ਕਰਦੇ ਕਰਾਉਂਦੇ ਦਿਨ ਚੜ੍ਹ ਗਿਆ। ਮੈਂ ਕਾਲਜ਼ ਜਾਣ ਲਈ ਬੱਸ ਅੱਡੇ ਤੇ ਬੱਸ ਦੀ ਉਡੀਕ ਕਰ ਰਹੀ ਸੀ।ਬੱਸ ਆਈ ਮੈਂ ਬੱਸ ਚ ਚੜ੍ਹਦੀ ਹੀ ਸੀ, ਅੱਗੋਂ ਆਵਾਜ਼ ਆਈ ,”ਰਾਜੂ ਐਥੇ ਆ ਕੇ ਬੈਠ ਜਾ” । ਬੱਸ ਦੀ ਮੂਹਰਲੀ ਟਾਕੀ ਨਾਲ ਸੀਟ ਤੇ ਮੇਰੇ ਨਾਲ ਪੜ੍ਹਦੀ ਕੁੜੀ ਬੈਠੀ ਸੀ। ਉਸਨੇ ਮੇਰੇ ਮੂੰਹ ਵੱਲ ਵੇਖਿਆ ਤੇ ਬੋਲੀ,”ਐ ਮੂੰਹ ਕੀਤਾ ਕੀ ਹੋਇਆ।” ਉਸਦੇ ਪੁੱਛਦੇ ਸਾਰ ਮੇਰੀਆਂ ਅੱਖਾਂ ਚੋਂ ਪਾਣੀ ਡੁੱਲਣ ਲੱਗਾ ਜੋ ਰੁਕ ਹੀ ਨਹੀਂ ਸੀ ਰਿਹਾ। ਬੱਸ ਦੀ ਟਾਕੀ ਚ ਖੜ੍ਹੇ ਮੁੰਡੇ ਮੈਨੂੰ ਰੋਂਦੀ ਦੇਖ ਮੂੰਹ ਆਈਆਂ ਗੱਲਾਂ ਬੋਲ ਰਹੇ ਸੀ।ਆਸੇ ਪਾਸੇ ਲੋਕ ਵੀ ਆਪਣੀ ਆਪਣੀ ਮਾਨਸਿਕਤਾ ਅਨੁਸਾਰ ਮੇਰੇ ਵੱਲ ਦੇਖ ਆਪਣੇ ਮਨ ਚ ਸੋਚ ਰਹੇ ਸੀ। ਅਚਾਨਕ ਧਨੌਲੇ ਬੱਸ ਰੁਕੀ ਦੇ ਇਕ ਮਾਤਾ ਜੋਂ ਸਾਡੇ ਘਰਾਂ ਚੋਂ ਹੀ ਸੀ ਉਤਰਨ ਲੱਗੀ ਤੇ ਉਸਦੀ ਨਜ਼ਰ ਮੇਰੇ ਤੇ ਪਈ । ਮੈਨੂੰ ਦੇਖ ਉਹ ਬੱਸ ਚੋਂ ਉਤਰਦੀ ਰੁਕੀ ਤੇ ਮੇਰੇ ਸਿਰ ਤੇ ਹੱਥ ਰੱਖ ਬੋਲੀ,”ਧੀਏ ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਨਾਲੇ ਉਹ (ਮੇਰਾ ਪਿਉ )ਮਾੜੇ ਕਰਮਾਂ ਆਲ਼ਾ ਸੀ ਉਹਦੇ ਨਾਲੋਂ ਜ਼ਿਆਦਾ ਸੋਡੀ ਫ਼ੁੱਟੀ ਕਿਸ਼ਮਤ ਸੀ, ਫ਼ਿਕਰ ਨਾ ਕਰ ਰੱਬ ਭਲੀ ਕਰੋ।” ਅੈਨਾ ਬੋਲ ਉਹ ਬੱਸ ਚੋਂ ਉਤਰ ਗੲੀ। ਉਸਦੇ ਬੋਲ ਮੇਰੇ ਰਿਸਦੇ ਜ਼ਖ਼ਮਾਂ ਨੂੰ ਮਰ੍ਹਮ ਦੀ ਤਰ੍ਹਾਂ ਲੱਗੇ। ਉਸਦਾ ਸਿਰ ਤੇ ਰੱਖਿਆ ਹੱਥ ਜਿਵੇਂ ਮੇਰੇ ਅੰਦਰ ਕੋਈ ਨਵੀਂ ਤਾਕਤ ਭਰ ਗਿਆ। ਮੈਂ ਸਮਝ ਗੲੀ ਕੇ ਮੇਰੇ ਰਿਸਦੇ ਜ਼ਖ਼ਮਾਂ ਤੇ ਦੁਨੀਆਂ ਨੇ ਮਰ੍ਹਮ ਨਹੀਂ ਲਾਉਣੀ ਸਗੋਂ ਖੁਦ ਮਜ਼ਬੂਤ ਹੋ ਦੁਨੀਆਂ ਵਿੱਚ ਵਿਚਰਨਾ ਪੈਣਾ ਮੈਂ ਮਨ ਸਮਝਾ ਆਪਣਾ ਧਿਆਨ ਆਉਣ ਵਾਲੀ ਜ਼ਿੰਦਗੀ ਤੇ ਦੇਣ ਲੱਗੀ।
✍️-ਰਾਜਵਿੰਦਰ ਕੌਰ
ਫੋਨ ਨੰਬਰ -9878798826