ਤ੍ਰਿਵੈਣੀ (ਬੋਹੜ,ਪਿੱਪਲ,ਨਿੱਮ)ਥੱਲੇ ਡਾਹੇ ਹੋਏ ਤਖਤਪੋਸ਼ ਦੇ ਉੱਤੇ ਚਾਰ ਪੰਜ ਅਮਲੀ ਨਸ਼ੇ ਵਿੱਚ ਮਸਤ ਹੋਏ ਆਪਸ ਵਿੱਚ ਗੱਲਾਂ ਕਰਦੇ ਪਏ ਸਨ।ਇੰਨੇ ਨੂੰ ਬੇਬੇ ਚਰਨ ਕੌਰ ਛਾਹ ਵੇਲਾ ਫੜਾ ਕੇ ਖੇਤਾਂ ਵਿੱਚੋਂ ਪਰਤ ਆਈ ਅਤੇ ਅਮਲੀਆਂ ਨੂੰ ਹਾਸਾ ਮਖੌਲ ਕਰਦੇ ਵੇਖ ਦੰਦਾਂ ਚ ਚੁੰਨੀ ਦੇ ਕੇ ਗੁੱਸੇ ਵਿੱਚ ਆਖਣ ਲੱਗ ਗਈ….
“ਵੇ ਖਸਮਾ ਖਾਣਿਓ…ਥੋਡਾ ਬਹਿ ਜੇ ਬੇੜਾ ….ਵੇਲੇ ਕੁਵੇਲੇ ਇੱਥੇ ਈ ਡੇਰਾ ਜਮਾਈ ਰੱਖਦੇ ਓਂ…..ਨਾ ਕੋਈ ਕੰਮ ਨਾ ਧੰਦਾ….ਵਿਹਲੀ ਰੰਨ ਪ੍ਰਾਹੁਣਿਆਂ ਜੋਗੀ….।”
ਚਰਨ ਕੌਰ ਆਪਣਾ ਢਿੱਡ ਹੌਲਾ ਕਰਦੀ ਰਹੀ ਤੇ ਅਮਲੀ ਕੰਨ ਲਪੇਟ ਕੇ ਸੁਣਦੇ ਰਹੇ।
ਜਦੋਂ ਬੇਬੇ ਚਰਨ ਕੌਰ ਬੁੜ ਬੁੜ ਕਰਦੀ ਤੁਰ ਗਈ ਤਾਂ ਨਾਲ ਹੀ ਗੱਜਣ ਸਿੰਘ ਹਕਲਾਉਂਦੀ ਜਿਹੀ ਆਵਾਜ਼ ਨਾਲ ਬੋਲ ਪਿਆ….”ਲੈ ਬਾਈ ਯਾਰੋ ਊਂ ਚਾਚੀ ਦੀ ਗੱਲ ਰੱਤੀ ਭਰ ਵੀ ਝੂਠ ਨੀ…ਅਗਲੀ ਜਵਾਂ ਤਾਂ ਸੱਚ ਕਹਿੰਦੀ ਐ….ਆਪਾਂ ਸਾਰਾ ਦਿਨ ਤਾਂ ਖਾ ਕੇ ਨਸ਼ਾ ਪੱਤਾ ਬਸ ਉਹਦੀ ਮਸਤੀ ਚ ਈ ਗੁਲਤਾਨ ਹੋਏ ਰਹਿੰਦੇ ਆਂ…..ਸੋਚੋ ਯਾਰ ਕੋਈ ਕੰਮ ਕਾਜ ਕਰੀਏ ਆਪਾਂ ਵੀ …..ਸਾਰੇ ਪਿੰਡ ਦੇ ਲੋਕ ਆਉਂਦੇ ਜਾਂਦੇ ਗਾਲ੍ਹਾਂ ਈ ਕੱਢਦੇ ਨੇ….ਕਿੰਨਾ ਕੁ ਚਿਰ ਸਭ ਦੀਆਂ ਸੁਣਦੇ ਗਿਣਦੇ ਰਹਾਂਗੇ……।”
“ਬਾਈ ਗੱਲ ਤਾਂ ਤੇਰੀ ਸਹੀ ਐ ਯਾਰ…..ਪਰ ਇਹ ਤਾਂ ਦੱਸੋ ਵੀ ਕਰੀਏ ਕੀ ਤੇ ਕਿੱਥੇ ਕਿਹੜਾ ਕੰਮ ਸ਼ੁਰੂ ਕਰੀਏ…..।” ਨਾਲ ਹੀ ਮੱਘਰ ਬੋਲਿਆ।
“ਲੈ ਆਪਾਂ ਨੂੰ ਕੰਮ ਦੀ ਕੋਈ ਥੋਹੜ ਆ ਭਲਾ….ਕੀ ਗੱਲ ਕਰਤੀ ਯਾਰ…..ਬਥੇਰੇ ਕੰਮ ਨੇ ਕਰਨ ਨੂੰ…..।” ਭੋਲੇ ਨੇ ਜਵਾਬ ਦਿੱਤਾ।
“ਕੰਮ ਕੰਮ ਕਰੀ ਜਾ ਰਹੇ ਓ ਯਾਰ ਕੋਈ ਦੱਸੋ ਤਾਂ ਸਹੀ ਕੰਮ….।” ਲਾਭ ਬੋਲਿਆ।
“ਓ ਯਾਰ ਮੇਰੇ ਦਿਮਾਗ ਚ ਆ ਗਿਆ ਐ ਕੰਮ….ਸਰਪੰਚ ਦੇ ਖੇਤਾਂ ਚ ਆਪਾਂ ਨੂੰ ਕੰਮ ਮਿਲ ਜਾਊ…..ਤੁਸੀਂ ਕਰਨ ਵਾਲੇ ਬਣਿਓ ਬਸ…..।” ਗੱਜਣ ਨੇ ਗੱਲ ਤੋਰੀ।
“ਠੀਕ ਐ ਬਾਈ…..ਪਰ ਮੈਨੂੰ ਯਾਦ ਆਇਆ ਈ ਸਰਪੰਚ ਦੇ ਪੋਤੇ ਬਹੁਤੇ ਚਲਾਕ ਆ…..ਉੱਥੇ ਕਾਮਿਆਂ ਨੂੰ ਬਾਹਲਾ ਤੰਗ ਕਰਦੇ ਐ….
ਕੰਮ ਨੀ ਕਰਨ ਦਿੰਦੇ ਢੰਗ ਨਾਲ…..।” ਲਾਭ ਨੇ ਜਵਾਬ ਦਿੱਤਾ।
“ਲੈ ਬਾਈ ਕੀ ਗੱਲ ਕਰਤੀ ਯਾਰ…ਆਪਾਂ ਹੁਣੇ ਚੱਲਦੇ ਆਂ ਸਰਪੰਚ ਕੋਲ…..ਉਹਨੂੰ ਦੱਸ ਦਿੰਨੇ ਆਂ…….ਨਾਲੇ ਕਹਿ ਦਿਆਂਗੇ ਵੀ ਭਾਈ ਸਾਨੂੰ ਵੀ ਖੇਤਾਂ ਚ ਕੰਮ ਤੇ ਲੁਆ ਦੇਵੇ…..।” ਗੱਜਣ ਨੇ ਸਫਾਈ ਪੇਸ਼ ਕਰਦਿਆਂ ਬਹੁਤ ਨਿਡਰਤਾ ਨਾਲ ਆਖਿਆ।
“ਆਹੋ ਯਾਰ ਹੁਣ ਚਲੋ ਇੱਥੋਂ ਤੁਰੀਏ ਸਹੀ ਪਹਿਲਾਂ……।” ਭੋਲੇ ਨੇ ਕਾਹਲੀ ਪਾਈ।
ਚਾਰੋਂ ਜਣੇ ਉੱਠ ਕੇ ਸਰਪੰਚ ਦੇ ਖੇਤ ਵੱਲ ਨੂੰ ਹੋ ਤੁਰੇ।ਆਪਸ ਵਿੱਚ ਨਾਲ ਨਾਲ ਸਲਾਹਾਂ ਕਰਦੇ ਜਾਂਦੇ ਨੇ ਕਿ ਮਨ ਲਾ ਕੇ ਕੰਮ ਕਰਾਂਗੇ….ਜਿਹੜਾ ਮਰਜ਼ੀ ਕੰਮ ਮਿਲ ਜਾਵੇ ਬਸ ਆਹ ਨਸ਼ਾ ਪੱਤਾ ਜਮਾ ਈ ਪੱਲਿਓਂ ਲਾਹ ਦੇਣਾ …..ਪਿੰਡ ਵਾਲੇ ਜਿੱਥੇ ਹੁਣ ਗਾਲ੍ਹਾਂ ਕੱਢਦੇ ਐ….ਫੇਰ ਦੇਖਿਓ ਸਾਰੇ ਸਾਡੀਆਂ ਤਾਰੀਫਾਂ ਕਰਨਗੇ…..ਅਸੀਂ ਵੀ ਸਭ ਦੀ ਹਿੱਕ ਸਾੜਨੀ ਐ ਫੇਰ……।
ਗੱਲਾਂ ਕਰਦੇ ਖੇਤ ਪਹੁੰਚ ਗਏ।
ਸਰਪੰਚ ਸਭ ਨੂੰ ਦੂਰੋਂ ਇਕੱਠੇ ਆਉਂਦੇ ਦੇਖ ਕੇ ਇੱਕ ਵਾਰ ਤਾਂ ਸੋਚੀਂ ਪੈ ਗਿਆ ਕਿ ਆਹ ਪਤਾ ਨਈਂ ਹੁਣ ਕਿਹੜਾ ਨਵਾਂ ਸਿਆਪਾ ਸਹੇੜ ਕੇ ਲੈ ਆਏ ਹੋਣਗੇ….।
ਖ਼ੈਰ ਉਹ ਸਾਰੇ ਸਰਪੰਚ ਕੋਲ ਪਹੁੰਚ ਗਏ ਅਤੇ ਸਭ ਨੇ ਸਤਿ ਸ਼੍ਰੀ ਅਕਾਲ ਬੁਲਾਈ।ਅੱਗਿਓਂ ਸਰਪੰਚ ਬੋਲਿਆ ….”ਹਾਂ ਬਾਈ ਸਤਿ ਸ਼੍ਰੀ ਅਕਾਲ ਸਭ ਨੂੰ…..ਅੱਜ ਕਿੱਦਾਂ ਇੱਧਰ ਨੂੰ…..ਕੋਈ ਚੰਦ ਤਾਂ ਨੀ ਚਾੜ੍ਹ ਆਏ ਪਿੰਡ ਚ ਕਿਤੇ……?ਸਾਰੇ ਈ ਐਂ ਤੁਰੇ ਆਉਨੇ ਓਂ ਭਾਈ….।”
“ਸਰਪੰਚ ਸਾਹਿਬ ਜੀ ਸਾਨੂੰ ਖੇਤਾਂ ਵਿੱਚ ਕੰਮ ਦੇ ਦਿਓ….ਅਸੀਂ ਵੀ ਕੰਮ ਕਰਨੈ ਹੁਣ ਸਭ ਨੇ…..ਕਿਰਪਾ ਕਰੋ ਜੀ…..।” ਗੱਜਣ ਬੋਲਿਆ।
“ਲੈ ਬਾਈ ਕੰਮ ਈ ਕੰਮ ਐ ਇੱਥੇ ਤਾਂ…..ਪਰ ਮੈਂ ਤਾਂ ਇੱਕੋ ਸ਼ਰਤ ਤੇ ਕੰਮ ਦਿਆਂਗਾ …..ਨਸ਼ਾ ਨੀ ਕਰ ਕੇ ਆਉਣਾ ਖੇਤ ਮੇਰੇ ਚ…..ਹਾਂ ਜਦੋਂ ਕੰਮ ਨਿਬੜ ਜਾਏ ਫੇਰ ਜੋ ਮਰਜੀ ਕਰਦੇ ਫਿਰੋ ਭਾਈ….।” ਸਰਪੰਚ ਨੇ ਕੋਰੀ ਗੱਲ ਕਹੀ।
“ਜੀ ਮਹਾਰਾਜ ਬਸ ਅਸੀਂ ਕੰਮ ਵੀ ਕਰਾਂਗੇ ਤੇ ਨਸ਼ਾ ਵੀ ਨੀ ਕਰਦੇ….ਪਰ ….।”
“ਪਰ ਕੀ ਭਾਈ ਫੇਰ…..।” ਭੋਲੇ ਨੂੰ ਬੋਲਦੇ ਹੋਏ ਨੂੰ ਸਰਪੰਚ ਨੇ ਵਿਚਾਲੇ ਟੋਕ ਦਿੱਤਾ।
“ਜੀ ਥੋਡੇ ਪੋਤੇ ਤੰਗ ਕਰਦੈ ਐ…..ਟਿਕਣ ਨੀ ਦਿੰਦੇ…..।” ਲਾਭ ਬੋਲਿਆ।
“ਉਹ ਕੀ ਕਹਿੰਦੇ ਐ ਥੋਨੂੰ….ਹੋਰ ਕਿਸੇ ਵੱਲਿਓ ਤਾਂ ਉਹਨਾਂ ਦੀ ਕਦੇ ਕੋਈ ਸ਼ਿਕਾਇਤ ਨੀ ਆਈ ਭਾਈ….।”
“ਜੀ ਉਹ ਕਦੇ ਮਿੱਟੀ ਸੁੱਟ ਦਿੰਦੇ ਐ ਕਦੇ ਠੀਕਰਾਂ ਮਾਰਦੇ ਐ….ਕਦੇ ਪਾਣੀ ਡੋਲ੍ਹ ਦਿੰਦੇ ਐ…..ਤਾਂ ਅਸੀਂ ਉਹਨਾਂ ਦੀ ਛੋਟੀ ਛੋਟੀ ਹਰਕਤਾਂ ਤੋਂ ਤੰਗ ਹੋ ਜਾਂਦੇ ਆਂ ਜੀ……।” ਡਰਦਾ ਹੋਇਆ ਲਾਭ ਬੋਲਿਆ।
“ਜੀ ਉਹ ਸਾਡੇ ਨਾਲ ਮਸ਼ਕਰੀਆਂ ਜਿਹੀਆਂ ਵੀ ਕਰਦੇ ਐ…ਸਾਨੂੰ ਅਮਲੀ …ਭੰਗ ਖਾਣੇ…ਫ਼ੀਮ ਖਾਣੇ…..ਤੇ ਸ਼ਰਾਬੀ ਸ਼ਰਾਬੀ ਕਹਿ ਕੇ ਵੀ ਚਿੜਾਉਂਦੇ ਨੇ……।” ਭੋਲੇ ਨੇ ਨਰਾਜ਼ਗੀ ਜਿਹੀ ਜਤਾਈ।
“ਲੈ ਭਾਈ ਤੁਸੀ ਫਿਕਰ ਨਾ ਕਰਿਓ ਮੈਂ ਆਪਣੇ ਆਪ ਸਮਝਾ ਦੇਊਂਗਾ ਉਹਨਾਂ ਨੂੰ….ਤੁਸੀਂ ਕੰਮ ਤੇ ਲੱਗ ਜਾਇਓ ਬਸ…..ਤੁਸੀਂ ਪਹਿਲਾਂ ਦੱਸ ਦੇ ਮੈਨੂੰ ਹੁਣ ਤੱਕ ਤਾਂ ਥੋਡਾ ਵੀ ਭਲਾ ਹੋ ਜਾਣਾ ਸੀ ਕਮਲਿਓ ਨਾਲੇ ਮੇਰੇ ਪੋਤਿਆਂ ਨੇ ਵੀ ਸੁਧਰ ਜਾਣਾ ਸੀ…..ਖ਼ੈਰ ਤੁਸੀਂ ਫਿਕਰ ਨਾ ਕਰੋ…..ਕੱਲ੍ਹ ਤੋਂ ਕੰਮ ਤੇ ਆ ਜਾਇਓ ਆਪਣਾ …….ਬਾਕੀ ਮੈਂ ਦੇਖ ਲੂੰ…।”
“ਚੰਗਾ ਜੀ ਸਰਪੰਚ ਸਾਹਿਬ …ਬਹੁਤ ਮਿਹਰਬਾਨੀ…..।”
ਚਾਰੋਂ ਜਣੇ ਖੁਸ਼ ਹੁੰਦੇ ਹੋਏ ਸਰਪੰਚ ਸਾਹਿਬ ਨੂੰ ਦੋਵੇਂ ਹੱਥ ਜੋੜ ਸਤਿ ਸ਼੍ਰੀ ਅਕਾਲ ਆਖ ਆਪਣੇ ਘਰਾਂ ਨੂੰ ਤੁਰ ਗਏ।
ਸਰਪੰਚ ਨੇ ਘਰ ਜਾ ਕੇ ਆਪਣੇ ਪੋਤਿਆਂ ਨੂੰ ਪਿਆਰ ਨਾਲ ਸਭ ਕੁੱਝ ਪੁੱਛਿਆ ਅਤੇ ਉਹਨਾਂ ਨੇ ਪਹਿਲਾਂ ਤਾਂ ਆਨਾ ਕਾਨੀ ਜਿਹੀ ਕੀਤੀ ਮਗਰੋਂ ਸੱਚ ਨੂੰ ਸਵੀਕਾਰ ਕਰ ਲਿਆ।ਉਹਨਾਂ ਨੇ ਆਪਣੇ ਦਾਦਾ ਜੀ ਤੋਂ ਮੁਆਫ਼ੀ ਮੰਗੀ।
ਸਰਪੰਚ ਨੇ ਉਹਨਾਂ ਨੂੰ ਸਮਝਾਇਆ ….”ਦੇਖੋ ਬਾਈ ਬੱਚਿਓ…ਜੇਕਰ ਉਹ ਚਾਰੋਂ ਜਣੇ ਅਮਲੀ ਸ਼ਰਾਬੀ ਕਬਾਬੀ ਨੇ….ਸਾਰਾ ਪਿੰਡ ਉਹਨਾਂ ਨੂੰ ਮਾੜਾ ਕਹਿੰਦਾ ਐ…..ਪਰ ਜੇਕਰ ਉਹ ਕੋਈ ਕੰਮ ਕਰਨਾ ਚਾਹੁੰਦੇ ਐ….ਥੋੜ੍ਹਾ ਬਹੁਤ ਆਪਣੇ ਚ ਸੁਧਾਰ ਕਰਨਾ ਚਾਹੁੰਦੇ ਐ…ਤਾਂ ਸਾਨੂੰ ਉਹਨਾਂ ਨੂੰ ਜਰੂਰ ਮੌਕਾ ਦੇਣਾ ਚਾਹੀਦਾ ਐ ਨਾ ਕਿ ਉਹਨਾਂ ਦਾ ਮਜ਼ਾਕ ਉਡਾਉਣਾ ਚਾਹੀਦੈ….ਕੀ ਪਤਾ ਚਾਰੋਂ ਵਿੱਚੋਂ ਕੀਹਦੀ ਜ਼ਿੰਦਗੀ ਬਦਲ ਜਾਵੇ….ਕਿਸੇ ਦੇ ਘਰ ਪਰਿਵਾਰ ਦੇ ਸੁਖੀ ਹੋ ਜਾਣ….ਨਾਲੇ ਬਹੁਤੇ ਸਿਆਣਿਓ ਥੋਨੂੰ ਪਤੈ ਬਾਈ ਥੋਡੇ ਤੇ ਕਦੋਂ ਕਿਹੜਾ ਵੇਲਾ ਬਣ ਜਾਵੇ…..ਇਸ ਕਰ ਕੇ ਅਕਲ ਨੂੰ ਹੱਥ ਮਾਰੋ ਪੋਤਿਓ….ਪੜ੍ਹੇ ਲਿਖੇ ਮੁੰਡੇ ਓ ਤੁਸੀਂ ਯਾਰ….ਜਾ ਕੇ ਖੇਤਾਂ ਵਿੱਚ ਉਹਨਾਂ ਦੀ ਹੌਂਸਲਾ ਅਫਜਾਈ ਕਰੋ ਕਿ ਸ਼ੁਕਰ ਹੋਇਆ ਉਹ ਵੀ ਕਿਸੇ ਹੀਲੇ ਲੱਗੇ ਐ…….ਜੇਕਰ ਉਹ ਫੇਰ ਵੀ ਨਹੀਂ ਸੁਧਰਦੇ..ਘੱਟੋ ਘੱਟ ਉਹਨਾਂ ਨੂੰ ਆਖਣ ਜੋਗੇ ਤਾਂ ਹੋਵੋਗੇ ਵੀ ਚਾਚਾ ਤੁਸੀਂ ਆਪ ਈ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਐ…ਨਾਲੇ ਫੇਰ ਉਹਨਾਂ ਕੋਲ ਕੋਈ ਬਹਾਨਾ ਵੀ ਨੀ ਹੋਣਾ …..ਇਸ ਲਈ ਬੱਚਿਓ ਅੱਜ ਤੋਂ ਬਾਅਦ ਤੁਸੀਂ ਗੱਜਣ ਹੁਰਾਂ ਨੂੰ ਕਦੇ ਤੰਗ ਨੀ ਕਰਨਾ ਨਾ ਕਦੇ ਮੰਦਾ ਬੋਲ ਬੋਲਣੈ……ਸਮਝ ਗਏ ਓ ਸਾਰੇ….?
ਸਾਰਿਆਂ ਨੇ ਨੀਵੀਂ ਪਾ ਕੇ ਜੀ ਹਾਂਜੀ ਵਿੱਚ ਜਵਾਬ ਦਿੱਤਾ ਅਤੇ ਆਪਣੀ ਅੱਲ੍ਹੜਪੁਣੇ ਵਿੱਚ ਕੀਤੀਆਂ ਸ਼ੈਤਾਨੀਆਂ ਦੀ ਮੁਆਫੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਅਜਿਹੀ ਹਰਕਤ ਨਾ ਕਰਨ ਦਾ ਵੀ ਪ੍ਰਣ ਲਿਆ।
ਗੱਜਣ ਹੁਰੀਂ ਸਾਰੇ ਜਣੇ ਖੇਤਾਂ ਵਿੱਚ ਕੰਮ ਕਰਨ ਆਉਂਦੇ ਅਤੇ ਖੁਸ਼ੀ ਖੁਸ਼ੀ ਆਪਣੀ ਦਿਹਾੜੀ ਪਾ ਕੇ ਘਰਾਂ ਨੂੰ ਪਰਤ ਜਾਂਦੇ।ਬੱਚੇ ਵੀ ਹਰ ਰੋਜ਼ ਉਹਨਾਂ ਨੂੰ ਮਿਲ ਕੇ ਆਉਂਦੇ ਅਤੇ ਨਸ਼ੇ ਕਰਨ ਨਾਲ ਹੋਣ ਵਾਲੀ ਬਰਬਾਦੀ ਤੋਂ ਹਰ ਰੋਜ਼ ਉਹਨਾਂ ਨੂੰ ਕੋਈ ਨਾ ਕੋਈ ਗੱਲ ਸਮਝਾ ਜਾਂਦੇ।
ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆ ਗਿਆ ,ਪਿੰਡ ਵਾਲੇ ਵੀ ਉਹਨਾਂ ਨੂੰ ਪਹਿਲਾਂ ਨਾਲੋਂ ਮਾਣ ਸਤਿਕਾਰ ਦੇਣ ਲੱਗ ਗਏ।ਉਹਨਾਂ ਨੂੰ ਦੇਖ ਕੇ ਹੋਰ ਵੀ ਕਈ ਨਸ਼ੇੜੀਆਂ ਨੇ ਆਪਣੀ ਜ਼ਿੰਦਗੀ ਥੋੜੀ ਬਹੁਤ ਸੁਧਾਰ ਲਈ ਸੀ।ਹੁਣ ਪਰਿਵਾਰ ਵੀ ਉਹਨਾਂ ਦੀ ਬਦਲੀ ਜ਼ਿੰਦਗੀ ਤੋਂ ਸੰਤੁਸ਼ਟ ਸਨ।ਸੱਚਮੁੱਚ ਹੁਣ ਸਾਰੇ ਅਮਲੀਆਂ ਤੋਂ ਕਾਮੇ ਬਣ ਗਏ ਸਨ।
ਸਰਪੰਚ ਦੀ ਸਮਝਦਾਰੀ ਅਤੇ ਉਸਦੇ ਜੁਆਨ ਪੋਤਿਆਂ ਦੁਆਰਾ ਸਮੇਂ ਸਿਰ ਉਹਨਾਂ ਦਾ ਸਾਥ ਦੇ ਕੇ ਬਹੁਤ ਉਸਾਰੂ ਕਾਰਜ ਕੀਤਾ ਗਿਆ ਸੀ।
ਸਮਾਪਤ