ਕਾਲਾ ਰਾਮ ਪੰਡਤ ਪਿੰਡ ‘ਚ ਰਿਸ਼ਤੇ ਕਰਵਾਉਣ ਵਾਸਤੇ ਸਤਿਕਾਰ ਰੱਖਦਾ ਸੀ । ਇਕ ਦਿਨ ਮੱਘਰ ਸਿੰਘ ਕਹਿਣ ਲੱਗਾ ਕੇ ਪੰਡਤ ਜੀ ਮੁੰਡੇ ਵਾਸਤੇ ਕੋਈ ਲੜਕੀ ਲੱਭੋ ਜੋਂ ਕੱਲੀ ਹੋਵੇ ਤੇ ਮੁਰੱਬਾ ਕੁਝ ਜ਼ਮੀਨ ਦੀ ਮਾਲਕੀ ਹੋਵੇ । ਕਾਲੂ ਰਾਮ ਨੇ ਮੱਘਰ ਸਿਓਂ ਦਾ ਮਾਣ ਰੱਖਣ ਵਾਸਤੇ ਹਾਂ ਹੂੰ ਕਰ ਦਿੱਤੀ। ਇਸਤੋਂ ਬਾਅਦ ਜਦੋਂ ਵੀ ਮੱਘਰ ਸਿਓਂ ਪੰਡਿਤ ਜੀ ਨੂੰ ਮਿਲਣ ਇਹੀ ਗੱਲ ਕਿਹਾ ਕਰਨ । ਪੰਡਿਤ ਵਿਚੋਲਗੀ ਤਾਂ ਕਰਦਾ ਸੀ ਪਰ ਬੇਗਾਨੀ ਜਾਇਦਾਦ ਦੇ ਲਾਲਚੀਆਂ ਨੂੰ ਘ੍ਰਿਣਾ ਕਰਦਾ ਸੀ । ਇਵੇਂ ਮੱਘਰ ਸਿਓਂ ਗਲੀ ਵਿਚ ਫੇਰ ਪੰਡਤ ਜੀ ਨੂੰ ਰੋਕਕੇ ਕਹਿਣ ਲੱਗਿਆ ਕੇ ਤੈਨੂੰ ਪੰਡਤਾਂ ਇਕ ਕੰਮ ਕਿਹਾ ਸੀ ਉਹ ਤੂੰ ਕਰਦਾ ਨਹੀਂ। ਕਾਲਾ ਰਾਮ ਨੇ ਠਰੰਮੇ ਨਾਲ ਕਿਹਾ ਕੇ ਮੈਂ ਕੱਲੀ ਕੱਲੀ ਕੂੜੀ ਲੱਭ ਲਈ ਹੈ ਪਰਸੋਂ ਆਪਾਂ ਕੁੜੀ ਦੇ ਘਰ ਗੁਆਂਡ ਪਿੰਡ ਚੱਲਾਂਗੇ । ਮੱਘਰ ਸਿਓਂਂ ਕਹਿੰਦਾ ਚੰਗਾ ਮੈਂ ਤਿੰਨੇ ਕਾਰਾਂ ਤਿਆਰ ਕਰਵਾ ਲੈਂਦਾ ਹਾਂ । ਕਾਲ ਰਾਮ ਕਹਿਣ ਲੱਗਾ ਇਕ ਗੱਲ ਤਾਂ ਮੈਂ ਭੁੱਲ ਹੀ ਗਿਆ ਹਾਂ ਭਲਾਂ ਘਰੇ ਬੰਦੂਕ ਪਈ ਹੈ ! ਮੱਘਰ ਸਿਓਂ ਕਹਿੰਦਾ ਹਾਂ ਹਾਂ ਪੰਡਤ ਜੀ ਬਾਰਾਂ ਬੋਰ ਬੰਦੂਕ ਪਈ ਹੈ । ਚੰਗਾ ਫਿਰ ਬੰਦੂਕ ਨਾਲ ਹੀ ਲੈ ਚੱਲਿਐ। ਪੰਡਤ ਜੀ ਬੰਦੂਕ ਦਾ ਕੀ ਕਰਾਂਗੇ ! ਮੱਘਰ ਸਿਆਂ ਤੁਸੀਂ ਕੱਲੀ ਕੱਲੀ ਕੁੜੀ ਲੱਭਦੇ ਹੋਂਦ …ਕੁੜੀ ਦੇ ਇਕ ਭਰਾ ਹੈ… ਪਹਿਲਾਂ ਤੁਸੀਂ ਉਹਦੇ ਭਰਾ ਨੂੰ ਬੰਦੂਕ ਮਾਰ ਦਿਆਂਗੇ…ਤੇ ਫਿਰ ਕੁੜੀ ਕੱਲੀ ਕੱਲੀ ਰਹਿ ਜਾਵੇਗੀ…ਮੱਘਰ ਸਿਓਂ ਦੇ ਕੰਨਾਂ ਵਿਚ ਪੰਡਤ ਜੀ ਦੇ ਬੋਲ ਕੰਡਿਆਂ ਵਾਂਗ ਚੁੱਭ ਰਹੇ ਸਨ…ਉਹ ਨੀਵੀਂ ਪਾਈ ਖੜਾ ਸ਼ਰਮਸ਼ਾਰ ਹੋ ਰਿਹਾ ਸੀ ..ਜਿਵੇਂ ਉਸਦੀ ਜ਼ਮੀਰ ਉਸਨੂੰ ਲਾਹਨਤਾਂ ਪਾ
ਰਹੀ ਹੋਵੇ !!??