ਰੂਪ ਮਾਪਿਆਂ ਦੀ ਇੱਕ ਲਾਡਲੀ ਧੀ ਸੀ। ਜਨਮ ਤੋਂ ਬਾਅਦ ਉਹਨੇ ਕਦੇ ਵੀ ਕੋਈ ਦੁੱਖ ਨਹੀਂ ਸੀ ਦੇਖਿਆ । ਹਰ ਵੇਲੇ ਹਸੁੰ ਹਸੁੰ ਕਰਦੀ ਰਹਿਣਾ । ਪੜ੍ਹਨ ਵਿੱਚ ਵੀ ਪੁੱਜ ਕੇ ਹੁਸ਼ਿਆਰ ਸੀ। ਪਿੰਡ ਦੇ ਸਕੂਲ ਤੋਂ ਮੁਢਲੀ ਵਿੱਦਿਆ ਲੈਣ ਤੋਂ ਬਾਅਦ ਰੂਪ ਨੇ ਪੀ ਯੂ ‘ ਚ ਦਾਖਲਾ ਲੈ ਲਿਆ। ਕਲਾ ਐਨੀ ਕੁੱਟ ਕੁੱਟ ਕੇ ਭਰੀ ਹੋਈ ਸੀ ਕਿ ਹਰੇਕ ਸਟੇਜ ਗਤੀਵਿਧੀ ਓਹਦੇ ਬਿਨਾ ਅਧੂਰੀ ਲਗਦੀ ਸੀ। ਕਾਲਜ ਦੀ ਕੋਇਲ ਸੀ ਉਹ । ਹਰ ਇਕ ਪ੍ਰੋਫੈਸਰ ਦੀ ਚਹੇਤੀ ਤਿੱਤਲੀਆਂ ਵਾਂਗ ਉੱਡੀ ਫਿਰਦੀ ਸਾਰਾ ਦਿਨ । ਪਤਾ ਨਹੀਂ ਕਿਹੜੇ ਵੇਲੇ ਪੜ੍ਹਦੀ ਸੀ। ਯੁਵਕ ਮੇਲੇ ਵਿੱਚ ਸੱਭਿਆਚਾਰਕ ਪਹਿਰਾਵੇ ਚ ਪਹਿਲੇ ਨੰਬਰ ਤੇ ਆਉਂਦੀ । ਕੁੜੀਆਂ ਵਿੱਚ ਸਭ ਦੀ ਮਹਿਫ਼ਲ ਦੀ ਸ਼ਾਨ ਸੀ। ਹਰ ਸਹੇਲੀ ਓਹਨੂੰ ਜਾਨ ਤੋਂ ਵੱਧ ਪਿਆਰ ਕਰਦੀ ਸੀ। ਨਾਮ ਤਾਂ ਓਹਦਾ ਮਨਰੂਪ ਸੀ ਪਰ ਪਿਆਰ ਨਾਲ ਸਾਰੀਆਂ ਸਹੇਲੀਆਂ ‘ ਰੂਪ ‘ ਕਹਿੰਦੀਆਂ । ਰੂਪ ਵੀ ਪੁੱਜ ਕੇ ਸੀ ਉਹਦਾ ।ਜਦੋਂ ਕਿਤੇ ਸਹੇਲੀਆਂ ਨੇ ਕਹਿਣਾ ਕੇ ਕੋਈ ਵਿਦੇਸ਼ੀ ਲਾੜਾ ਤੈਨੂੰ ਵਿਆਹ ਕੇ ਲੈ ਜਾਊ ਤਾਂ ਉਹਨੇ ਗੁੱਸਾ ਕਰਨਾ ਕਿ” ਮੈਂ ਨਹੀਂ ਜਾਣਾ ਬਾਹਰ ਬੂਹਰ । ” ਤੇ ਉਦਾਸ ਹੋ ਜਾਂਦੀ । ਅਕਸਰ ਹੀ ਉਹ ਕਿਹਾ ਕਰਦੀ ਸੀ ਕਿ ਮੈਂ ਤਾਂ ਆਪਣੇ ਦੇਸ਼ ਵਿੱਚ ਰਹਿ ਕੇ ਹੀ ਅਧਿਆਪਕਾ ਬਣਾਗੀ । ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਘਰ ਵਾਪਿਸ ਆ ਗਈ । ਕਾਲਜ ਪੜ੍ਹਦੇ ਸਮੇਂ ਉਹਨੂੰ ਇਕ ਨੌਜਵਾਨ ਬੜਾ ਸੋਹਣਾ ਲਗਦਾ ਹੁੰਦਾ ਸੀ ਉਹ ਸੀਗਾ ਵੀ ਬੜਾ ਸ਼ਰੀਫ ਦੋਨੋ ਇਕ ਦੂਜੇ ਨੂੰ ਪਸੰਦ ਵੀ ਕਰਦੇ ਸੀ । ਪਰ ਅਪਣੱਤ ਐਨੀ ਕਿ ਇੱਕ ਦੂਜੇ ਨੂੰ ਕੇ ਨਾ ਸਕੇ। ਉਹ ਓਹਦੇ ਪਿੰਡ ਦੇ ਨੇੜ ਦਾ ਹੀ ਰਹਿਣ ਵਾਲਾ ਸੀ । ਪਰ ਰੂਪ ਨੇ ਮਾਪਿਆਂ ਦੀ ਇੱਜ਼ਤ ਦੀ ਖਾਤਰ ਕਦੇ ਵੀ ਗ਼ਲਤ ਕਦਮ ਨਾ ਚੁੱਕਿਆ।
ਸਮਾਂ ਬੀਤਦਾ ਗਿਆ । ਅਗਲੇ ਹੀ ਸਾਲ ਉਹਦੀ ਮੰਗਣੀ ਹੋ ਗਈ । ਮਾਪਿਆਂ ਨੇ ਆਪਣੀ ਪਸੰਦ ਦਾ ਮੁੰਡਾ ਦੇਖਿਆ ਤੇ ਵਿਆਹ ਰੱਖ ਦਿੱਤਾ। ਪਰ ਉਹ ਹੋਰ ਪੜ੍ਹਨਾ ਚਾਹੁੰਦੀ ਸੀ। ਮਾਪੇ ਵੀ ਆਪਣੇ ਸਿਰੋਂ ਭਾਰ ਲਾਉਣਾ ਚਾਹੁੰਦੇ ਸੀ। ਸੱਧਰਾਂ ਨੂੰ ਦਿਲ ਵਿੱਚ ਘੁੱਟ ਕੇ ਉਹਨੇ ਹਾਂ ਕਰ ਦਿੱਤੀ। ਛੋਟੀ ਹੀ ਉਮਰ ਵਿੱਚ ਉਹਦਾ ਵਿਆਹ ਹੋਗਿਆ । ਪਹਿਲਾਂ ਤਾਂ ਸਹੁਰੇ ਬੜਾ ਪਿਆਰ ਕਰਦੇ ਸੀ ਉਹਦਾ ਨਣਦਾਂ ਦਿਓਰ ਭੈਣ ਭਰਾਵਾਂ ਵਾਂਗ ਲਗਦੇ । ਪਰ ਸਮਾਂ ਬੀਤਦਾ ਗਿਆ ਉਹ ਹੁਣ ਘਰ ਵਿੱਚ ਰਚ ਮਿਚ ਗਈ ਸੀ। ਓਸਦਾ ਘਰਵਾਲਾ ਅੰਦਰ ਹੀ ਅੰਦਰ ਘਰਦਿਆਂ ਤੋ ਚੋਰੀ ਚੋਰੀ ਨਸ਼ਾ ਕਰਨ ਲੱਗ ਪਿਆ ਸੀ । ਜਿਸ ਬਾਰੇ ਕਿਸੇ ਨੂੰ ਭਿਣਕ ਵੀ ਨਾ ਪਈ। ਸਮਾਂ ਬੀਤਣ ਨਾਲ ਸਭ ਠੀਕ ਹੋ ਜਾਵੇਗਾ ਇਹ ਕਹਿ ਕੇ ਘਰਦੇ ਓਹਨੂੰ ਦਿਲਾਸਾ ਦੇ ਦਿੰਦੇ ਸੀ। ਰੂਪ ਵਿੱਚੋ ਵਿੱਚ ਘਟਦੀ ਜਾ ਰਹੀ ਸੀ । ਪਰ ਉਹਨੇ ਆਪਣੇ ਮਾਪਿਆਂ ਨੂੰ ਕਦੇ ਵੀ ਕੁਝ ਨਹੀਂ ਦੱਸਿਆ ਸੀ। ਕਈ ਵਾਰੀ ਆਂਢੀ ਗੁਆਂਢੀ ਉਹਦੇ ਮਾਪਿਆਂ ਨੂੰ ਖ਼ਬਰ ਦੇ ਦਿੰਦੇ ਤਾਂ ਪੇਕੇ ਆ ਕੇ ਉਹਨੂੰ ਲੈ ਜਾਂਦੇ । ਉਧਰ ਰੂਪ ਦੇ ਦੋ ਛੋਟੇ ਬੱਚੇ ਵੀ ਸਨ ਜੋ ਮਾਂ ਬਿਨਾ ਨਹੀਂ ਰਹਿ ਸਕਦੇ ਸੀ । ਰੂਪ ਉਹਨਾਂ ਨੂੰ ਛਡਣਾ ਨਹੀਂ ਚਾਹੁੰਦੀ ਸੀ ਤਾਂ ਉਹ ਵਾਪਸ ਆ ਜਾਂਦੀ । ਮਾਪਿਆਂ ਨੇ ਰੂਪ ਨੂੰ ਇਸ ਨਰਕ ਚੋ ਕੱਢਣਾ ਚਾਹਿਆ ਪਰ ਔਲਾਦ ਦੇ ਮੋਹ ਨੇ ਓਹਨੂੰ ਜਕੜ ਲਿਆ ਸੀ। ਸਹੁਰਿਆਂ ਨੇ ਹੁਣ ਓਹਦਾ ਸਾਥ ਦੇਣ ਤੋਂ ਇੰਨਕਾਰ ਕਰ ਦਿੱਤਾ । ਘਰਦਾ ਗੁਜ਼ਾਰਾ ਬੜਾ ਔਖਾ ਚੱਲਦਾ ਸੀ ਤਾਂ ਰੂਪ ਨੇ ਆਪਣੀ ਪੜ੍ਹਾਈ ਦਾ ਫਾਇਦਾ ਲੈਦੇ ਹੋਏ ਇੱਕ ਸਕੂਲ ਵਿੱਚ ਨੌਕਰੀ ਕਰ ਲਈ । ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਸਮਾਜ ਵਿੱਚ ਸਥਾਪਿਤ ਕਰਨ ਵਾਸਤੇ ਉਹਨੇ ਦਿਨ ਰਾਤ ਮਿਹਨਤ ਕੀਤੀ । ਬੱਚਿਆ ਨੂੰ ਪੜ੍ਹਾਇਆ ਘਰੇ ਲੋਕਾਂ ਦਾ ਕੰਮ ਵੀ ਕੀਤਾ । ਪਰ ਉਹ ਨਰਕਵਾਦੀ ਪਤੀ ਨੇ ਉਹਦਾ ਖਹਿੜਾ ਨਾ ਛਡਿਆ ਜਿਥੋਂ ਦਾਅ ਲਗਦਾ ਲਾ ਜਾਂਦਾ ਚੋਰੀ ਖੁਆਰੀ ਵੀ ਕਰਦਾ ਰਿਹਾ। ਹੌਲੀ ਹੌਲੀ ਨਸ਼ੇ ਦੀ ਦਲਦਲ ਵਿਚ ਧੱਸਦਾ ਗਿਆ। ਰੂਪ ਦੀ ਹਾਲਤ ਬਹੁਤ ਮਾੜੀ ਹੋ ਗਈ ਹੁਣ ਕੋਈ ਪਹਿਚਾਣ ਨਹੀਂ ਸਕਦਾ ਸੀ ਕਿ ਇਹ ਉਹੀ ਰੂਪ ਹੈ ਜੋ ਕਾਲਜ ਵਿੱਚ ਸਭ ਦੀ ਚਹੇਤੀ ਸੀ। ਕਈ ਵਾਰੀ ਸਹੇਲੀਆਂ ਤੋਂ ਪਛਾਣੀ ਵੀ ਨਾ ਜਾਣੀ। ਪੰਜਾਬ ਵਿੱਚ ਵੱਗਦੇ ਚਿੱਟੇ ਦੇ ਦਰਿਆ ਨੇ ਓਹਦੇ ਸਾਰੇ ਪਰਿਵਾਰ ਨੂੰ ਨਿਗਲ ਲਿਆ ਸੀ ।ਹੁਣ ਓਹ ਕਿਸੇ ਪਾਸੇ ਦੀ ਨਾ ਰਹੀ ਨਾ ਮਾਪਿਆਂ ਦੀ ਨਾ ਸਹੁਰਿਆਂ ਦੀ ਕਿਉਕਿ ਸਹੁਰਿਆਂ ਨੇ ਤਾਂ ਕਦੇ ਵੀ ਉਹਦਾ ਸਾਥ ਨਹੀਂ ਦਿੱਤਾ ਸੀ। ਚਾਹੇ ਉਹ ਭੁੱਖੀ ਮਰੇ ਜਾ ਰੱਜੀ ਹੋਵੇ।
ਅੰਤ ਇੱਕ ਦਿਨ ਅਜਿਹਾ ਆਇਆ ਜਿਸ ਬਾਰੇ ਓਹ ਸੋਚ ਨਹੀਂ ਸਕਦੀ ਸੀ । ਨਸ਼ੇ ਚ ਅੰਨੇ ਹੋਏ ਰੂਪ ਦੇ ਪਤੀ ਨੇ ਇੱਕ ਦਿਨ ਹਵਸੀ ਦਰਿੰਦਿਆਂ ਨੂੰ ਘਰੇ ਲਿਆ ਕੇ ਰੂਪ ਦਾ ਦਾ ਸ਼ਿਕਾਰ ਬਣਾ ਦਿੱਤਾ ਰੂਪ ਦਿਨ ਦਿਹਾੜੇ ਚੀਕਾਂ ਮਾਰਦੀ ਰਹੀ ਪਰ ਲੋਕਾਂ ਨੇ ਸੋਚਿਆ ਕਿ ਇਹਨਾਂ ਦਾ ਤਾਂ ਰੋਜ਼ ਦਾ ਕੰਮ ਆ ਕੋਈ ਵੀ ਘਰੇ ਨਾ ਆਇਆ । ਓਹਨਾਂ ਦਰਿੰਦਿਆਂ ਨੇ ਰੂਪ ਨੂੰ ਸ਼ਿਕਾਰ ਬਣਾਇਆ ਤੇ ਦੋਨੋ ਬੱਚਿਆ ਨੂੰ ਵੀ ਖ਼ਤਮ ਕਰ ਦਿੱਤਾ । ਰੂਪ ਦੇ ਜੌ ਗਹਿਣੇ ਬੱਚੇ ਸੀ ਓਹ ਪਤੀ ਸਮੇਤ ਓਹ ਦਰਿੰਦੇ ਲਾਹ ਕੇ ਲੈ ਗਏ। ਘਰ ਦਾ ਇੱਕ ਇੱਕ ਕੀਮਤੀ ਸਮਾਨ ਵੀ ਲੈ ਗਏ। ਰੂਪ ਆਪਣੇ ਆਖਰੀ ਸਾਹ ਲੈ ਰਹੀ ਸੀ ਤੇ ਉਹ ਹਿਲ ਜੁੱਲ ਵੀ ਨਹੀਂ ਸਕਦੀ ਸੀ। ਘਰ ਦਾ ਉਹ ਹਾਲ ਦੇਖਣ ਵਾਲ਼ਾ ਸੀ। ਰੂਪ ਮਨ ਵਿੱਚ ਆਪਣੇ ਵੇਲ਼ੇ ਨੂੰ ਪਛਤਾਅ ਰਹੀ ਸੀ ਜਦੋਂ ਉਹਨੇ ਇਸ ਘਰ ਚ ਕਦਮ ਪਾਇਆ ਸੀ। ਪਰ ਹੁਣ ਉਹ ਸਕੂਨ ਮਰ ਰਹੀ ਸੀ ਕਿਉਕਿ ਓਹਦੇ ਬੱਚੇ ਓਹਦੇ ਸਹਮਣੇ ਖ਼ਤਮ ਹੋ ਗਏ ਸੀ। ਓਹਨੂੰ ਇੱਕੋ ਸਕੂਨ ਸੀ ਕਿ ਉਹਦੇ ਬੱਚੇ ਜਿੰਨਾ ਵਾਸਤੇ ਉਹਨੇ ਏਥੇ ਰਹਿਣ ਦਾ ਫੈਸਲਾ ਲਿਆ ਸੀ । ਅੱਜ ਓਹ ਉਸਦੇ ਨਾਲ ਜਾ ਰਹੇ ਨੇ। ਪੜ੍ਹੀ ਲਿਖ਼ੀ ਮਨਰੂਪ ਦਾ ਅੱਜ ਦਰਦਨਾਕ ਅੰਤ ਹੋਗਿਆ । ਇਹ ਇੱਕ ਰੂਪ ਦੀ ਕਹਾਣੀ ਨਹੀਂ ਹੈ ਇਹ ਤਾਂ ਪੰਜਾਬ ਦੇ ਘਰ ਘਰ ਦੀ ਕਹਾਣੀ ਹੈ । ਪਤਾ ਨਹੀਂ ਇਹ ਚਿੱਟੇ ਦਾ ਦਰਿਆ ਤੇ ਚੰਦਰਾ ਨਸ਼ਾ ਕਦੋਂ ਤੱਕ ਰੂਪ ਵਰਗੀਆਂ ਕੁੜੀਆਂ ਦੀ ਜਾਨ ਲੈਂਦਾ ਰਹੇਗਾ ਤੇ ਕਦੋਂ ਤੱਕ ਸਹੁਰੇ ਆਪਣੇ ਨਿਖੱਟੂ ਪੁੱਤਾਂ ਨੂੰ ਬਿਗਾਨੀਆਂ ਧੀਆਂ ਦੇ ਗਲ ਟੱਲੀ ਵਾਂਗੂੰ ਲਟਕਾਈ ਜਾਣਗੇ । ਪਰਮਾਤਮਾ ਮਿਹਰ ਕਰੀਂ ਧੀਆਂ ਤੇ
ਰੁਪਿੰਦਰ ਕੌਰ ਸਿੱਧੂ ( ਸ਼ਹਿਣਾ )
ਟੀਚਰ ਗੋਬਿੰਦ ਇੰਟਰਨੈਸ਼ਨਲ