ਮੈਨੂੰ ਮਰੇ ਨੂੰ ਕਈ ਸਾਲ ਹੋ ਗਏ ਹਨ ਤੇ ਇਸ ਲਈ ਹਰ ਸਾਲ ਦੀ ਤਰਾਂ ਅੱਜ ਵੀ ਮੇਰਾ ਸਰਾਧ ਕੀਤਾ ਜਾ ਰਿਹਾ ਹੈ। ਮਰਨ ਤੋਂ ਬਾਅਦ ਸਰਾਧ ਬਰਸੀ ਜਰੂਰ ਮਨਾਏ ਜਾਂਦੇ ਹਨ।ਇਹ ਸਾਡੀ ਰੀਤ ਹੈ। ਸਮਾਜ ਦਾ ਚਲਣ ਹੈ।ਜਿਓੰਦੀਆਂ ਨੂੰ ਕੋਈ ਰੋਟੀ ਪੁਛੇ ਨਾ ਪੁਛੇ।ਪਰ ਸਮਾਜ ਚ ਨੱਕ ਰੱਖਣ ਲਈ ਇਹ ਰਿਵਾਜ ਨਿਭਾਉਣੇ ਹੀ ਪੈਂਦੇ ਹਨ। ਤੇ ਓਦੋ ਤੋ ਲੈਕੇ ਅੱਜ ਤੱਕ ਇਹ ਦੋਨੋ ਕੰਮ ਮੇਰੇ ਮੁੰਡੇ ਨਹੀ ਸੱਚ ਮੇਰੀ ਨੇਕ ਅੋਲਾਦ ਬਾਖੂਬੀ ਨਾਲ ਨਿਭਾ ਰਹੀ ਹੈ।ਰੀਤੀ ਰਿਵਾਜਾਂ ਅਨੁਸਾਰ ਮਰਨ ਵੇਲੇ ਮੂੰਹ ਵਿੱਚ ਗੰਗਾ ਜਲ ਪਾਇਆ ਜਾਂਦਾ ਹੈ। ਤੇ ਅੰਤਿਮ ਸੰਸਕਾਰ ਵੇਲੇ ਨਵੇ ਕਪੜੇ ਤੇ ਮੂੰਹ ਵਿੱਚ ਦੇਸੀ ਘਿਉ ਵੀ ਪਾਇਆ ਜਾਂਦਾ ਹੈ ।ਇਹ ਜੱਗ ਦੀ ਰੀਤ ਹੈ । ਚਾਹੇ ਦੇਸੀ ਘਿਉ ਤਾਂ ਮੈ ਜਿਉਦੇ ਜੀ ਵੀ ਬਹੁਤ ਖਾਧਾ ਹੈ। ਕਿਉੱਕਿ ਮੇਰੀ ਪੈਨਸਨ ਅਉਂਦੀ ਸੀ ਤੇ ਘੱਟੋ ਘਟ ਮੇਰੀ ਪੈਨਸਨ ਖਰਚਣ ਦਾ ਮੈਨੂੰ ਹੱਕ ਮਿਲਿਆ ਹੋਇਆ ਸੀ ਤੇ ਅਸੀ ਦੋਨੇ ਜੀਅ ਪੈਨਸਨ ਦੇ ਪੈਸਿਆ ਦੀ ਰੋਟੀ ਖਾਂਦੇ ਸੀ ਦੇਸੀ ਘਿਉ ਨਾਲ।ਤੇ ਮੇਰੇ ਮਰੇ ਦੇ ਵੀ ਮੂੰਹ ਚ ਵੀ ਉਸ ਸਮੇ ਦੇਸੀ ਘਿਉ ਪਾਇਆ ਗਿਆ ਸੀ। ਤੇ ਅੱਜ ਵੀ ਜਾਇਕੇਦਾਰ ਪਕਵਾਨ ਬਨਾਏ ਜਾਣਗੇ। ਕਿਉਂਕਿ ਮੇਰਾ ਅੱਜ ਸਰਾਧ ਹੈ।
ਅੱਜ ਘਰ ਵਿੱਚ ਖੀਰ ਪੂਰੀਆਂ ਹਲਵਾ ਤੇ ਚੰਗੀਆਂ ਸਬਜੀਆਂ ਬਨਾਈਆਂ ਜਾਣ ਗੀਆਂ। ਕਿਸੇ ਨਾਮੀ ਬਰਾਹਮਣ ਨੰੂੰ ਬੁਲਾਕੇ ਭੋਜਨ ਛਕਾਇਆ ਜਾਵੇ ਗਾ। ਤੇ ਉਸ ਨੂੰ ਚੰਗੀ ਦੱਖਣਾ ਵੀ ਦਿੱਤੀ ਜਾਵੇਗੀ। ਇਕੱਲੇ ਬਰਾਹਮਣ ਨੂੰ ਹੀ ਨਹੀ। ਹੋਰ ਵੀ ਬਹੁਤ ਨਜਦੀਕੀ ਰਿਸਤੇਦਾਰਾਂ ਦੇ ਭੋਜਣ ਦਾ ਵੀ ਪ੍ਰਬੰਧ ਹੋਵੇਗਾ। ਨਜਦੀਕੀ ਮਤਲਬ ਬਿਲਕੁਲ ਨਜਦੀਕੀ ਜਿਵੇ ਮੇਰੇ ਮੁੰਡਿਆਂ ਦੇ ਸਾਲੇ ਸਾਲੀਆਂ ਸਾਲੇਹਾਰਾਂ ਸਾਂਢੂ ਤੇ ਮੇਰੇ ਕੁੜਮ ਆਦਿ। ਹਾਂ ਹੁਣ ਤਾਂ ਹੋਰ ਵੀ ਨਜਦੀਕੀ ਤੇ ਨਵੇ ਰਿਸਤੇਦਾਰ ਵੀ ਹੋਣਗੇ ਬੱਚਿਆਂ ਦੇ ਸੋਹਰੇ ਧੀ ਜਵਾਈ ਤੇ ਬਹੁਤ ਕਰੀਬੀ ਦੋਸਤ ਮਿੱਤਰ ।ਬਾਕੀ ਸਾਰਿਆਂ ਨੂੰ ਤੇ ਸੱਦਿਆ ਵੀ ਨਹੀ ਆ ਸਕਦਾ ਨਾ। ਨਾਲੇ ਅਜੇਹੇ ਮੋਕਿਆਂ ਤੇ ਤਾਂ ਬਹੁਤ ਹੀ ਕਰੀਬੀ ਰਿਸਤੇਦਾਰ ਹੀ ਬੁਲਾਏ ਜਾਂਦੇ ਹਨ।ਇਹੀ ਸੋਚ ਕੇ ਮੇਰੀਆਂ ਧੀਆਂ ਜਵਾਈ, ਭੈਣ ਭਣਵੀਏ, ਮੇਰੇ ਭਰਾਵਾਂ ਤੇ ਸਰੀਕੇ ਨੂੰ ਨਹੀ ਬੁਲਾਇਆ ਗਿਆ ਹੈ। ਉਹ ਤੇ ਮੇਰੇ ਰਿਸਤੇਦਾਰ ਹੋਏ ਨਾ ਉਹਨਾ ਦਾ ਤਾਂ ਮੇਰੇ ਨਾਲ ਹੀ ਸਬੰਧ ਸੀ ਜੋ ਮੇਰੇ ਮੁਕੱਣ ਨਾਲ ਹੀ ਉਹਨਾ ਦਾ ਸਬੰਧ ਮੁੱਕ ਗਿਆ। ਅੱਜ ਮੈਂ ਬਹੁਤ ਖੁਸ ਹਾਂ ।ਕਿਉਕਿ ਅੱਜ ਮੇਰਾ ਸਰਾਧ ਹੈ।
ਗੱਲ ਇਹ ਨਹੀ ਕਿ ਮੇਰੀਆਂ ਭੈਣਾਂ ਧੀਆਂ ਮੈਨੂੰ ਭੁਲ ਗਈਆਂ ਹੋਣ।ਉਹ ਤਾਂ ਮੈਨੂੰ ਹਮੇਸਾ ਯਾਦ ਰੱਖਦੀਆਂ ਹਨ। ਹਰ ਦੁੱਖ ਤੇ ਅਤੇ ਸੁੱਖ ਤੇ। ਭੈਣਾਂ ਨੂੰ ਵੀ ਤਾਂ ਮੈ ਧੀਆਂ ਵਾੰਗੂ ਪਾਲਿਆ ਹੈ ਤੇ ਧੀਆਂ ਨੂੰ ਭੈਣਾਂ ਤਰ੍ਹਾਂ ਪੜਾਇਆ ਲਿਖਾਇਆ ਤੇ ਵਿਆਹਿਆ ਹੈ।ਮੈਨੂੰ ਤੇ ਯਾਦ ਨਹੀ ਕਿ ਕਦੋ ਮੇਰੀ ਭੈਣ ਦਾ ਵਿਆਹ ਸੀ ਤੇ ਕਦੋ ਧੀ ਦਾ ।ਹਾਂ ਇੰਨਾ ਕੁ ਯਾਦ ਹੈ ਕਿ ਹਰ ਤਿੰਨ ਕੁ ਸਾਲ ਬਾਦ ਇੱਕ ਡੋਲੀ ਜਰੂਰ ਟੋਰ ਦਿੰਦਾ ਸੀ ਮੈਂ। ਮੈ ਕਦੇ ਧੀ ਤੇ ਭੈਣ ਵਿੱਚ ਕਦੇ ਫਰਕ ਨਹੀ ਸਮਝਿਆ। ਤੇ ਉਹ ਕਿਵੇ ਫਰਕ ਸਮਝਣ ਗੀਆਂ। ਉਹ ਘਰੇ ਬੈਠੀਆਂ ਹੀ ਮੈਨੁੰ ਯਾਦ ਕਰਦੀਆਂ ਹੋਣਗੀਆਂ। ਬਹੁਤ ਰੋਦੀਆਂ ਹੋਣਗੀਆਂ। ਕਿਉਕਿ ਅੱਜ ਮੇਰਾ ਸaਰਾਧ ਹੈ।
ਮੇਰੇ ਬੱਚੇ ਬਹੁਤ ਚੰਗੇ ਹਨ। ਮੇਰੀ ਅੰਤਿਮ ਅਰਦਾਸਤੇ ਭੋਗ ਵੇਲੇ ਵੀ ਇਹਨਾ ਨੇ ਬਹੁਤ ਚੰਗਾ ਇੰਤਜਾਮ ਕੀਤਾ ਸੀ।ਬਹੁਤ ਹੀ ਇਕੱਠ ਸੀ। ਹੁਣ ਜਦੋ ਕੁੜਮਾਂਚਾਰੀ ਤੇ ਸਰੀਕਾ ਇਕੱਠਾ ਹੋਵੇ ਤਾਂ ਸਭ ਕੁਝ ਵਧੀਆ ਹੀ ਕਰਨਾ ਪੈਦਾ ਹੈ। ਨਾਲੇ ਮੈ ਤਾਂ ਇਸਦਾ ਵੀ ਇੰਤਜਾਮ ਵੀ ਪਹਿਲਾ ਹੀ ਕਰਕੇ ਹੀ ਗਿਆ ਸੀ। ਬੈਕਾਂ ਚ ਪਈ ਮੇਰੀ ਜਮਾਂ ਪੂੰਜੀ ਨਾਲ ਹੀ ਸਾਰਾ ਸਰ ਗਿਆ। ਤੇ ਮੇਰੇ ਬੱਚਿਆਂ ਦੀ ਸਰੀਕੇ ਕਬੀਲੇ ਚ ਬਹੁਤ ਬੱਲੇ ਬੱਲੇ ਹੋਈ। ਮਾਲ ਮਾਲਿਕਾਂ ਦਾ ਮਸਹੂਰੀ ਕੰਪਨੀ ਦੀ।ਪਰ ਜੇ ਇਹ ਨਾ ਖਰਚਦੇ ਤਾਂ ਇਹ ਮਾਲ ਵੀ ਮਾਲਿਕਾਂ ਦਾ ਹੀ ਹੋ ਜਾਣਾ ਸੀ।ਹੁਣ ਵੀ ਇਹ ਖਰਚ ਦੀ ਕੋਈ ਪਰਵਾਹ ਨਹੀ ਕਰਦੇ ਭਾਂਵੇ ਬਰਸੀ ਹੋਵੇ ਭਾਂਵੇ ਸਰਾਧ। ਕਿਉਕਿ ਆਪਸੀ ਹਿੱਸੇ ਪੱਤੀ ਦਾ ਕੋਈ ਝੰਝਟ ਨਹੀ ਹੰਦਾ। ਖਰਚਾ ਤਾਂ ਸਰਕਾਰ ਦਿੰਦੀ ਹੈ ਮਹੀਨੇ ਦੇ ਮਹੀਨੇ ਮੇਰੀ ਘਰਵਾਲੀ ਨੂੰ।ਸਾਰੇ ਮੇਰੇ ਬੱਚਿਆਂ ਦੇ ਗੁਣ ਗਾਉਣਗੇ। ਉਹਨਾ ਦੀਆਂ ਵਡਿਆਈਆਂ ਕਰਨਗੇ । ਅੱਜ ਰਿਸਤੇਦਾਰ ਵੀ ਖੁਸ ਹੋਣਗੇ ਤੇ ਉਹ ਵੀ। ਕਿਉਕਿ ਅੱਜ ਮੇਰਾ ਸਰਾਧ ਹੈ।
ਚਲੋ ਧੀਆਂ ਭੈਣਾ ਨਹੀ ਆਈਆਂ ਤਾਂ ਕੋਈ ਗੱਲ ਨਹੀ। ਸਭ ਨੂੰ ਘਰੋ ਘਰੀ ਕੰਮ ਹੰਦਾ ਹੈ। ਕਿਉਂ ਕਿਸੇ ਨੂੰ ਤਕਲੀਫ ਦੇਣੀ ਹੈ। ਨਾਲੇ ਜਦੋ ਕੁੜਮ ਕਬੀਲਾ ਤੇ ਖਾਸ ਰਿਸਤੇਦਾਰ ਆਏ ਹੋਣ ਤਾਂ ਉਹਨਾਂ ਨੂੰ ਬਹੁਤਾ ਸੰਭਾਲਿਆ ਵੀ ਨਹੀ ਜਾਂਦਾ। ਫਿਰ ਇਹ ਮਿੰਟਾਂ ਚ ਬਿਨਾ ਗੱਲ ਤੋ ਹੀ ਰੁੱਸ ਜਾਂਦੀਆਂ ਹਨ। ਅਖੇ ਸਾਡਾ ਵੀ ਘਰ ਚ ਹੱਕ ਹੈ। ਇਹਨਾ ਨੂੰ ਇਹ ਨਹੀ ਪਤਾ ਕਿ ਹੱਕ ਤਾਂ ਘਰ ਦੀ ਮਾਲਕਿਣ ਕੋਲੋ ਵੀ ਖੋਹੇ ਜਾ ਚੁਕੇ ਹਨ। ਬਾਕੀ ਜਵਾਈਆਂ ਤੇ ਫੁਫੜਾਂ ਦਾ ਤਾਂ ਕੰਮ ਹੀ ਰੁਸਣਾ ਹੈ। ਉਹ ਤਾਂ ਬਹਾਨਾ ਹੀ ਭਾਲਦੇ ਹਨ ਰੁਸਣ ਦਾ।ਭਾਂਵੇ ਕੋਈ ਵਿਆਹ ਹੋਵੇ ਭਾਂਵੇ ਕੋਈ ਮਰਨਾ। ਕੋਈ ਗੱਲ ਨਹੀ ਜੇ ਨਹੀ ਬੁਲਾਇਆ ਤਾਂ। ਪਰ ਮੈਂ ਬਹੁਤ ਖੁਸ ਹਾਂ। ਕਿਉਕਿ ਮੇਰਾ ਅੱਜ ਸਰਾਧ ਹੈ।
ਵੈਸੇ ਅੱਜ ਮੇਰੀ ਫੋਟੋ ਦੇ ਵੀ ਨਵਾਂ ਹਾਰ ਪਾਇਆ ਗਿਆ ਹੈ ਸਵੇਰੇ ਸਵੇਰੇ। ਹਰ ਆਉਣ ਵਾਲੇ ਦਾ ਹੱਸਕੇ ਸਵਾਗਤ ਕੀਤਾ ਜਾ ਰਿਹਾ ਹੈ। ਤੇ ਮਹਿਮਾਨ ਵੀ ਮੇਰੇ ਬੱਚਿਆ ਦੇ ਤੇ ਬਣੇ ਜਾਇਕੇਦਾਰ ਖਾਣੇ ਦੇ ਗੁਣ ਗਾ ਰਹੇ ਹਨ। ਮੇਰੀ ਹਮਸਫਰ ਦੀਆਂ ਅੱਖਾਂ ਗਿਲ੍ਹੀਆਂ ਹਨ। ਪਰ ਬਾਹਰੋ ਸਾਂਤ ਚਿੱਤ ਹੋਣ ਦਾ ਵਿਖਾਵਾ ਕਰ ਰਹੀ ਹੈ।ਮੈ ਘਰ ਦੇ ਹਰ ਕੋਨੇ ਚ ਨਿਗ੍ਹਾ ਮਾਰੀ ਪਰ ਮੇਰਾ ਜਿਕਰ ਕਿਤੇ ਵੀ ਨਹੀ।ਮੇਰਾ ਕੋਈ ਨਾਮ ਵੀ ਨਹੀ ਲੈ ਰਿਹਾ ਫਿਰ ਵੀ ਮੈ ਬਹੁਤ ਖੁਸ ਹਾਂ ਕਿਉਕਿ ਅੱਜ ਮੇਰਾ ਸਰਾਧ ਹੇ।
ਰਮੇਸ ਸੇਠੀ ਬਾਦਲ
ਮੋ 98 766 27 233