ਪਰਸੋਂ 9 ਮਾਰਚ 1846 ਨੂੰ ਸੱਤ ਸਾਲ ਦੇ ਮਹਾਰਾਜੇ ਦਲੀਪ ਸਿੰਘ ਨੂੰ ਅੰਗਰੇਜਾਂ ਨਾਲ ਸੰਧੀ ਲਈ ਮਜਬੂਰ ਹੋਣਾ ਪਿਆ..ਕਿੰਨਾ ਕੁਝ ਧੱਕੇ ਨਾਲ ਮਨਾ ਲਿਆ..ਡੇਢ ਕਰੋੜ ਦਾ ਜੰਗੀ ਹਰਜਾਨਾ ਵੀ ਪਾਇਆ..ਫੇਰ ਕਰੋੜ ਰੁਪਈਏ ਪਿੱਛੇ ਕਸ਼ਮੀਰ ਨਾਲ ਰਲਾ ਲਿਆ..ਗੁਲਾਬ ਸਿੰਘ ਡੋਗਰੇ ਨੇ ਸਰਕਾਰ-ਏ-ਖਾਲਸਾ ਦੇ ਖਜਾਨੇ ਵਿਚੋਂ ਹੇਰਾ ਫੇਰੀ ਨਾਲ ਹਥਿਆਈ ਰਕਮ ਦੇ ਕੇ ਕਸ਼ਮੀਰ ਗੋਰਿਆਂ ਕੋਲੋਂ ਖਰੀਦ ਲਿਆ..ਦਗ਼ੇਬਾਜੀ ਦੀ ਦਾਸਤਾਨ ਚੰਦ ਸ਼ਬਦਾਂ ਵਿਚ!
ਕੱਲ 10 ਮਾਰਚ 1746 ਭਾਈ ਸੁਬੇਗ ਸਿੰਘ ਤੇ ਸ਼ਾਹਬਾਜ ਸਿੰਘ ਲਾਹੌਰ ਚਰਖੜੀਆਂ ਤੇ ਚੜੇ..ਦੋਵੇਂ ਪਿਓ ਪੁੱਤਰ..ਸਰਕਾਰਾਂ ਨਾਲ ਚੰਗੀ ਬਣਦੀ ਸੀ..ਪਰ ਵਿਓਪਾਰ ਅਸੂਲਾਂ ਤੇ ਕਰਦੇ..ਸਿਖਾਂ ਕੋਲ ਲਾਹੌਰ ਦਰਬਾਰ ਦੀ ਨਵਾਬੀ ਦੀ ਖਿੱਲਤ ਲੈ ਕੇ ਵੀ ਇਹੋ ਹੀ ਗਏ ਸਨ..!
ਫੇਰ ਇੱਕ ਦਿਨ ਜਦੋਂ ਪਰਖ ਦੀ ਘੜੀ ਆਈ ਤਾਂ ਅੰਦਰਲੀ ਸਿੱਖੀ ਜਾਗ ਪਈ..ਫੇਰ ਜਕਰੀਆ ਖ਼ਾਨ ਨੇ ਜਿਉਂਦੇ ਜੀ ਚਰਖੜੀ ਤੇ ਚਾੜ ਦਿੱਤੇ..ਗੁਰੂ ਦੇ ਦਰਬਾਰ ਵਿਚ ਪੂਰੇ ਦੇ ਪੂਰੇ ਜਾ ਹਾਜਿਰ ਹੋਏ!
ਅੱਜ 11 ਮਾਰਚ 1783 ਨੂੰ ਸ੍ਰ ਬਘੇਲ ਸਿੰਘ ਨੇ ਆਪਣੀ ਫੌਜ ਨਾਲ ਦਿੱਲੀ ਜਿੱਤੀ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਬ ਚੜਾਇਆ..ਫੇਰ ਤੀਹ ਹਜਾਰ ਫੌਜ ਪੱਕੇ ਤੌਰ ਤੇ ਦਿੱਲੀ ਰੱਖਣ ਦੇ ਹੱਕ ਲਏ..ਓਸੇ ਤੀਹ ਹਜਾਰ ਦੀ ਖਾਲਸਾ ਫੌਜ ਦੇ ਨਾਮ ਹੇਠ ਅੱਜ ਦਾ ਤੀਸ ਹਜਾਰੀ ਦਾ ਸਥਾਨ ਵੱਜਦਾ..!
ਬੀਤੀਆਂ ਤਿੰਨ ਤਰੀਕਾਂ ਵਿਚ ਹੀ ਸਿਮਟਿਆ ਹੋਇਆ ਕਿੰਨਾ ਸਾਰਾ ਸੁਨਹਿਰੀ ਅਤੀਤ..ਪਰ ਤ੍ਰਾਸਦੀ..ਅਸਾਂ ਸਿਰਜਿਆ ਬੜਾ ਕੁਝ ਪਰ ਸਾਥੋਂ ਨਾ ਤੇ ਸਾਂਭਿਆ ਗਿਆ ਤੇ ਨਾ ਦੁਨੀਆਂ ਸਾਮਣੇ ਪੇਸ਼ ਹੀ ਕਰ ਸਕੇ..ਇਸ ਦਿਲ ਕੇ ਟੁਕੜੇ ਹਜਾਰ ਹੂਏ..ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ..!
ਕਾਸ਼ ਏਧਰ ਓਧਰ ਖਿਲਰੀਆਂ ਕੀਮਤੀ ਸ਼ੈਵਾਂ ਲੜੀ ਬੱਧ ਹੋ ਸਕਣ ਤਾਂ ਜੋ ਅਗਲੀਆਂ ਪੀੜੀਆਂ ਸਾਮਣੇ ਖਲੋਤੇ ਭਵਿੱਖ ਨੂੰ ਸ਼ਰਮਿੰਦਾ ਨਾ ਹੋਣਾ ਪਵੇ!
ਹਰਪ੍ਰੀਤ ਸਿੰਘ ਜਵੰਦਾ