ਕਬੀਰ ਬੇਦੀ ਅਤੇ ਇਰਫ਼ਾਨ ਖ਼ਾਨ..ਐਸੇ ਕਲਾਕਾਰ ਜੋ ਮੂੰਹ ਨਾਲ ਨਹੀਂ ਅੱਖਾਂ ਰਾਂਹੀ ਗੱਲ ਕਰਦੇ..ਗੂਗਲ ਆਖਦਾ ਕਬੀਰ ਸੰਨ ਛਿਆਲੀ ਵਿੱਚ ਲਾਹੌਰ ਜੰਮਿਆਂ ਸੀ ਪਰ ਬਾਡਰ ਵੱਲ ਦਾ ਇੱਕ ਮਿੱਤਰ..ਅਖ਼ੇ ਇਹ ਡੇਰੇ ਬਾਬੇ ਨਾਨਕ ਤੋਂ ਹੈ..!
ਨਿੱਜੀ ਜਿੰਦਗੀ ਚਾਹੇ ਜਿੱਦਾਂ ਮਰਜੀ ਪਰ ਅਦਾਕਾਰੀ ਸਟੀਕ ਅਤੇ ਦਮਦਾਰ..ਸਿਰਫ ਇੱਕੋ ਵੇਰ ਮੇਲੇ ਹੋਏ ਅਮ੍ਰਿਤਸਰ..ਖੜਵੀਂ ਆਵਾਜ਼..ਕਮਾਲ ਦੀ ਪੰਜਾਬੀ!
ਇਟਲੀ ਇੱਕ ਸੀਰੀਅਲ ਕਾਫੀ ਮਕਬੂਲ ਹੋਇਆ..ਮਲੇਸ਼ੀਅਨ ਨਾਇਕ..ਸੰਦੋਖਾਣ..ਇੱਕ ਅਸਲ ਪਾਤਰ ਜੋ ਲੋਕਾਂ ਲਈ ਲੜਦਾ ਹੈ..ਮਰਦਾ ਹੈ..ਬੇਖੌਫ ਹੋ ਕੇ..ਸੰਦੋਖਾਣ ਯਾਨੀ ਕਬੀਰ ਬੇਦੀ ਆਪਣੇ ਸਿਰ ਤੇ ਬਕਾਇਦਾ ਦਸਤਾਰ ਵੀ ਸਜਾਉਂਦਾ..!
ਇਟਲੀ ਦੀ ਲਾ ਰਿਪਬਲਿਕਾ ਅਖਬਾਰ..ਅੱਜ ਭਾਈ ਸਾਬ ਦੀ ਫੋਟੋ ਲਾ ਕੇ ਖਬਰ ਛਾਪੀ ਕੇ ਅਜੋਕੇ ਪੰਜਾਬ ਦਾ ਲੋਕਾਂ ਖਾਤਿਰ ਲੜਦਾ ਇੱਕ ਹੋਰ “ਸੰਦੋਕਾਨ” ਅੱਜ ਵੱਡੀ ਮੁਸ਼ਕਿਲ ਦੀ ਘੜੀ ਵਿੱਚ ਹੈ!
ਪਿੱਛੇ ਜਿਹੇ ਸਮੁੰਦਰ ਕੰਢੇ ਰੇਤ ਤੇ ਕਿੰਨੇ ਸਾਰੇ ਨਾਮ ਲਿਖ ਦਿੱਤੇ..ਲਹਿਰ ਆਈ..ਸਭ ਕੁਝ ਵਹਾਅ ਕੇ ਲੈ ਗਈ..ਜਿੰਨੇ ਮਰਜੀ ਨਾਮ ਲਿਖੀ ਜਾਵੋ..ਲਹਿਰਾਂ ਸਬ ਕੁਝ ਵਹਾ ਕੇ ਲੈ ਜਾਣਗੀਆਂ!
ਜਿਹਨਾਂ ਦੀ ਆਪਣੇ ਸਮਝ ਰਾਖੀ ਕੀਤੀ..ਅੱਜ ਮਣਾਂ ਮੂੰਹੀ ਨਫਰਤ ਪਾਲੀ ਬੈਠੇ..ਸਭ ਜੱਗ ਜਾਹਿਰ ਹੋ ਗਈ..ਵਕਤੀ ਰੇਤੇਆਂ ਤੇ ਜਿੰਨੇ ਮਰਜੀ ਖਿਤਾਬ..ਲਹਿਰਾਂ ਉੱਠਦੀਆਂ ਹੀ ਰਹਿਣੀਆਂ..ਨਾਮ ਵੀ ਮਿਟਦੇ ਰਹਿਣੇ..ਕਦੇ ਇਟਲੀ ਦੇ ਸੰਦੋਖਾਣ ਬਣ ਕੇ ਤੇ ਕਦੇ ਕੀਨੀਆ ਦੇ ਮੱਖਣ ਸਿੰਘ ਬਣ ਕੇ..!
ਮੱਖਣ ਸਿੰਘ..ਯੂਨੀਅਨ ਲੀਡਰ..ਤਕਰੀਬਨ ਸੌ ਸਾਲ ਪਹਿਲੋਂ ਰੇਲਵੇ ਲਾਈਨ ਬਣੀ ਤਾਂ ਜੰਗਲ ਦੇ ਸ਼ੇਰਾਂ ਸੱਪਾਂ ਨੇ ਕਿੰਨੀ ਲੇਬਰ ਮਾਰ ਸੁੱਟੀ..ਬਾਕੀ ਜ਼ਹਿਰੀਲੇ ਮੱਛਰਾਂ ਨੇ ਮਾਰ ਦਿੱਤੇ..ਫੇਰ ਗੁਰੂਦੁਆਰਾ ਬਣਾਇਆ..ਰੋਜ ਅਰਦਾਸ ਕਰਦਾ ਤੇ ਫੇਰ ਸਾਰੇ ਕੰਮ ਸਿਰੇ ਚੜੇ..ਅਖੀਰ ਗੋਰਿਆਂ ਖਿਲਾਫ ਜੰਗ ਮੂਹਰੇ ਹੋ ਕੇ ਲੜੀ..!
ਅੱਜ ਸਾਰਾ ਕੇਨੀਆਂ ਮੱਖਣ ਸਿੰਘ ਨੂੰ ਰੱਬ ਵਾਂਙ ਪੂਜਦਾ..ਅਜੋਕੀ ਤ੍ਰਾਸਦੀ ਬਾਹਰਲੇ ਸਿਰਾਂ ਤੇ ਚੁੱਕਦੇ ਆਪਣੇ ਦਹਿਸ਼ਤ ਗਰਦ ਦਾ ਖਿਤਾਬ..!
ਚੁਰਾਸੀ ਮਗਰੋਂ ਜੰਮਿਆਂ ਲਈ ਇਹ ਵਰਤਾਰਾ ਭਾਵੇਂ ਨਵਾਂ ਹੋਵੇ ਪਰ ਪੁਰਾਣੇ ਭਲੀ ਭਾਂਤ ਜਾਣਦੇ..ਨਿੱਤ ਵਾਪਰਿਆ ਕਰਦਾ ਸੀ..ਨਹਿਰਾਂ ਕੱਸੀਆਂ ਕਮਾਦਾਂ ਸੂਇਆਂ ਡੇਰਿਆਂ ਪਹੇਆਂ ਮੰਡਾਂ ਝਾਲਿਆਂ ਬੇਲਿਆਂ ਕਾਹੀਆਂ ਦਰਿਆਵਾਂ ਦੀ ਮਿੱਟੀ ਅਤੇ ਪਾਣੀ ਲਾਲ ਹੁੰਦਾ ਹੀ ਰਹਿੰਦਾ..ਅੱਜ ਫੇਰ ਹਨੇਰੀ ਝੁਲਾ ਦਿੱਤੀ..!
ਜਾਪਾਨੀ ਦੂਰ ਸਮੁੰਦਰੋਂ ਮੱਛੀ ਫੜ ਲਿਆਉਂਦੇ ਤਾਂ ਇੱਕ ਥਾਂ ਪਈ ਅਵੇਸਲੀ ਹੋ ਕੇ ਬੋ ਮਾਰਨ ਲੱਗਦੀ..!
ਤਾਜੀ ਰੱਖਣ ਲਈ ਫੇਰ ਓਸੇ ਟੈਂਕ ਵਿਚ ਇੱਕ ਨਿੱਕੀ ਸ਼ਾਰਕ ਛੱਡ ਦਿੱਤੀ ਜਾਂਦੀ..ਹੁਣ ਮੱਛੀ ਹਰ ਵੇਲੇ ਸਤਰਕ ਰਹਿੰਦੀ..ਲਗਾਤਾਰ ਭੱਜੀ ਫਿਰਦੀ ਰਹਿੰਦੀ..ਕਦੇ ਬੋ ਨਾ ਮਾਰਦੀ..ਮਸਲਾ ਹੱਲ ਹੋ ਗਿਆ..!
ਸਾਡੇ ਵੀ ਸ਼ਾਰਕਾਂ ਛੱਡੀਆਂ ਉਸ ਅਕਾਲ ਪੁਰਖ ਨੇ..ਅਵੇਸਲੀ ਹੋ ਗਈ ਕੌਂਮ ਨੂੰ ਦੁਬਾਰਾ ਚੁਕੰਨੇ ਕਰਨ ਲਈ..ਭੁਲੇਖੇ..ਗਲਤਫਹਿਮੀਆਂ..ਅਤੇ ਹਵਾਈ ਕਿਲੇ ਢਹਿ ਗਏ..ਹੁਣ ਹਰ ਦਮ ਤਾਜੇ ਰਹਿਣਾ ਪੈਣਾ..ਵਗਦੇ ਪਾਣੀਆਂ ਵਾਂਙ..ਖਲੋਤੇ ਅਕਸਰ ਬਦਬੂ ਜੂ ਮਾਰਨ ਲੱਗ ਜਾਂਦੇ!
ਹਰਪ੍ਰੀਤ ਸਿੰਘ ਜਵੰਦਾ