ਬਹੁਤ ਸਾਲ ਹੋਗੇ ਅਸੀਂ ਇੱਕ ਮਕਾਨ ਬਣਾ ਰਹੇ ਸੀ। ਮਜਦੂਰ ਮਿਸਤਰੀ ਆਪਣਾ ਕੰਮ ਕਰਦੇ ਰਹਿੰਦੇ ਅਤੇ ਸਮੇਂ ਸਮੇਂ ਤੇ ਅਸੀਂ ਵੀ ਉਹਨਾਂ ਕੋਲ ਗੇੜਾ ਮਾਰਦੇ। ਮੋਤੀ (ਨਾਮ ਬਦਲਿਆ ਹੋਇਆ) ਨਾਮ ਦਾ ਇੱਕ ਮਜਦੂਰ ਜੋ ਮਹਿਣੇ ਪਿੰਡ ਦਾ ਸੀ ਆਪਣਾ ਕੰਮ ਬੜੀ ਜਿੰਮੇਵਾਰੀ ਨਾਲ ਕਰਦਾ। ਸਭ ਤੋਂ ਪਹਿਲਾਂ ਆਕੇ ਉਹ ਤਰਾਈ ਕਰਦਾ ਪੈੜਾਂ ਬੰਨਦਾ ਤੇ ਮਸਾਲਾ ਬਣਾਉਂਦਾ। ਪਾਪਾ ਜੀ ਉਸ ਨੂੰ ਫ਼ੋਰਮੈਨ ਆਖਦੇ । ਉਹ ਖੁਸ਼ ਹੋ ਜਾਂਦਾ ਤੇ ਕੰਮ ਹੋਰ ਵੀ ਦਿਲਚਸਪੀ ਨਾਲ ਕਰਦਾ। ਕੰਮ ਕਰਦੇ ਮਜ਼ਦੂਰਾਂ ਕੋਲ੍ਹ ਗੁਆਂਢੀਆਂ ਦਾ ਬਾਬਾ ਆਕੇ ਬੈਠ ਜਾਂਦਾ ਤੇ ਮਿਸਤਰੀ ਮਜ਼ਦੂਰਾਂ ਨਾਲ ਗੱਲਾਂ ਮਾਰਦਾ।
“ਤੁਸੀਂ ਰੱਬ ਅੱਗੇ ਅਰਦਾਸ ਕਰਿਆ ਕਰੋ ਕਿ ਰੱਬ ਮੈਨੂੰ ਪੈਸੇ ਦੇਵੇ ਤੇ ਮੈਂ ਵੱਡੀ ਸਾਰੀ ਕੋਠੀ ਪਾਵਾਂਗਾ ਤੇ ਤੁਹਾਨੂੰ ਹੀ ਦਿਹਾੜੀ ਤੇ ਰੱਖੂ।” ਇੱਕ ਦਿਨ ਉਸਨੇ ਆਪਣੇ ਨਸ਼ੇ ਦੀ ਲੋਰ ਵਿੱਚ ਸਾਡੇ ਫ਼ੋਰ ਮੈਨ ਨੂੰ ਕਿਹਾ।
“ਸੇਠਾ ਫਿਰ ਅਸੀਂ ਰੱਬ ਨੂੰ ਤੇਰੇ ਲਈ ਹੀ ਕਿਉਂ ਅਰਦਾਸ ਕਰਾਂਗੇ। ਅਸੀਂ ਆਪਣੇ ਲਈ ਨਾ ਕਰਾਂਗੇ ਤੇ ਫਿਰ ਮਕਾਨ ਬਣਾਉਣ ਵੇਲੇ ਅਸੀਂ ਤੈਨੂੰ ਹੀ ਦਿਹਾੜੀ ਤੇ ਰੱਖਾਂਗੇ।” ਫ਼ੋਰਮੈਨ ਨੇ ਗੁੱਸੇ ਵਿੱਚ ਕਿਹਾ। ਤੇ ਬਾਬਾ ਮੂੰਹ ਵਿਚਲੀ ਬੀੜੀ ਦਾ ਕਸ਼ ਖਿੱਚਦਾ ਹੋਇਆ ਓਥੋਂ ਚਲਾ ਗਿਆ।
ਜਬਾਬ ਮੋਤੀ ਨੇ ਵੀ ਸਿਰੇ ਦਾ ਹੀ ਦਿੱਤਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
ਐਨੀਆਂ ਵਧੀਆ ਕਹਾਣੀਆਂ ਲਈ ਬਹੁਤ ਬਹੁਤ ਧੰਨਵਾਦ ਜੀ