ਵੰਡੀਆਂ-ਸਾਜਿਸ਼ਾਂ ਗਰਕ ਬਰਬਾਦ ਹੋਣਾ
ਹੋਏ ਤੁਸੀਂ ਵੀ ਓ ਤੇ ਹੋਣਾ ਅਸੀਂ ਵੀ ਹੈ..!
ਕੁਝ ਉਮੀਦ ਸੀ ਜਿੰਦਗੀ ਜਰੂਰ ਮਿਲਜੂ
ਮੋਏ ਤੁਸੀਂ ਵੀ ਓ ਤੇ ਮੁੱਕਣਾ ਅਸੀਂ ਵੀ ਹੈ
ਜਿਉਂਦੀ ਜਾਗਦੀ ਮੌਤ ਦੇ ਮਹਿਲ ਅੰਦਰ
ਢਹੇ ਤੁਸੀਂ ਵੀ ਓ ਤੇ ਢੈਣਾ ਅਸੀਂ ਵੀ ਹੈਂ..!
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਹੈ
ਸੋਇ ਤੁਸੀਂ ਵੀ ਓ ਤੇ ਸੌਣਾ ਅਸੀਂ ਵੀ ਹੈ..!
ਲਾਲੀ ਅੱਖੀਆਂ ਦੀ ਪਈ ਏ ਦੱਸਦੀ ਹੈ
ਰੋਏ ਤੁਸੀਂ ਵੀ ਓ ਤੇ ਰੋਣਾ ਅਸੀਂ ਵੀ ਹੈ..!
ਸ਼ਾਇਰ ਅਤੇ ਲਿਖਾਰੀ ਦੀ ਕਲਮ ਵਿਚ ਅਜੀਮ ਤਾਕਤ..ਬਸ਼ਰਤੇ ਜਮੀਰ ਦੀ ਅਵਾਜ ਤੇ ਲਿਖੇ..ਅੱਖਰਾਂ ਨੂੰ ਨਫ਼ੇ ਨੁਕਸਾਨ ਦੀ ਤੱਕੜੀ ਤੇ ਤੋਲਿਆਂ ਬਗੈਰ..!
ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ..ਦੋ ਕੌਂਮੀ ਹੀਰੇ..ਵਕਤੀ ਤੌਰ ਤੇ ਏਧਰ ਓਧਰ ਭਟਕਣ ਮਗਰੋਂ ਜਦੋਂ ਅਨੰਦ ਪੁਰ ਸਾਬ ਵੱਲ ਮੁੜਨ ਲੱਗੇ ਤਾਂ ਸਟੇਟ ਨੇ ਅਖੌਤੀ ਬਿਰਤਾਂਤ ਘੜ ਮੁਕਾ ਦਿੱਤੇ..ਨਾਲੋਂ ਨਾਲ ਚੰਗੀ ਤਰਾਂ ਭੰਡਿਆ ਵੀ..ਜੰਗਲ ਵਾਢੀ ਲਈ ਵਰਤੀ ਕੁਲਹਾੜੀ ਦੇ ਦਸਤੇ ਬਣੇ ਖੁਦ ਓਸੇ ਜੰਗਲ ਦੇ ਟਾਹਣ..ਕੋਈ ਹੈਰਾਨੀ ਨਹੀਂ..ਸਦੀਆਂ ਤੋਂ ਬਣਦੇ ਹੀ ਆਏ..ਅੱਗੋਂ ਵੀ ਬਣਦੇ ਰਹਿਣੇ..!
ਸੂਬੇ ਸਰਹਿੰਦ ਦੀ ਕਚਹਿਰੀ..ਛੋਟੇ ਸਾਹਿਬ ਜਾਦੇ..ਵਜੀਦ ਖ਼ਾਨ ਪੁੱਛਣ ਲੱਗਾ..ਫਰਜ ਕਰੋ ਤੁਹਾਨੂੰ ਛੱਡ ਦਿੱਤਾ ਜਾਵੇ ਫੇਰ ਕੀ ਕਰੋਗੇ?
ਆਖਣ ਲੱਗੇ ਫੌਜ ਇਕੱਠੀ ਕਰਾਂਗੇ..ਤੇ ਆਪਣੇ ਬਾਪੂ ਵਾਂਙ ਜ਼ੁਲਮ ਖਿਲਾਫ ਜੰਗ ਛੇੜਾਂਗੇ..ਕੋਲ ਬੈਠਾ ਦੀਵਾਨ ਸੁੱਚਾ ਨੰਦ..ਓਸੇ ਵੇਲੇ ਬੋਲ ਪਿਆ..ਜਹਾਂ ਪਨਾਹ ਸਪੋਲੀਏ ਨੇ..ਵੱਡੇ ਹੋ ਗਏ ਤਾਂ ਡੰਗ ਮਾਰਨਗੇ..ਹੁਣੇ ਹੁਣੇ ਸਿਰੀਆਂ ਫੇਹ ਦਿਓ..ਫੇਰ ਫੇਹ ਵੀ ਦਿੱਤੀਆਂ..ਕੰਧਾਂ ਵਿਚ ਚਿਣ ਕੇ..ਅਜੇ ਤੀਕਰ ਵੀ ਫੇਹੀ ਤੁਰੀ ਜਾ ਰਹੇ..ਤੇ ਅੱਗੋਂ ਵੀ..ਨਾ ਸੂਬੇ ਮੁੱਕਣੇ ਤੇ ਨਾ ਸੁੱਚੇ ਨੰਦ..ਤੇ ਨਾ ਦਸਮ ਪਿਤਾ ਦੇ ਇਹ ਕੁੰਡਲੀਏ ਸੱਪ..!
ਪਰ ਬਿੱਪਰ ਜਾਣਦਾ ਇਸ ਵੇਰ ਇਹਨਾਂ ਦੀ ਸ਼ਾਹ ਰਗ ਫੜੋ..ਸਵਾ ਤਿੰਨ ਸੌ ਸਾਲ ਪੁਰਾਣੇ ਇਸ ਬਿਰਤਾਂਤ ਨੂੰ ਹੀ ਝੂਠਾ ਪਾ ਦਿਓ..ਗੱਲ ਗੱਲ ਤੇ ਸਬੂਤ ਮੰਗੋ..!
ਜੇ ਕੋਈ ਇੰਜ ਦੇ ਸਬੂਤ ਮੰਗੇ ਤਾਂ ਦਾਦੀਆਂ ਨਾਨੀਆਂ ਅੱਗੇ ਕਰ ਦਿਓ..ਆਖੋ ਇਹ ਨੇ ਸਾਡੇ ਸਬੂਤ..ਇਹਨਾਂ ਨੇ ਹੀ ਦੱਸੀਆਂ ਪਾਈਆਂ ਨੇ ਇਹ ਸਭ ਬਾਬਾਣੀਆਂ ਕਿੱਸੇ ਕਹਾਣੀਆਂ..ਤਾਰਿਆਂ ਦੀ ਲੋ ਹੇਠ..ਖੁੱਲੇ ਆਸਮਾਨ ਥੱਲੇ!
ਹਰਪ੍ਰੀਤ ਸਿੰਘ ਜਵੰਦਾ