ਅਤੀਤ ਵਿਚ ਲੜੀਆਂ ਅਸਾਵੀਆਂ ਜੰਗਾਂ ਦੀ ਗੱਲ ਤੁਰ ਪਵੇ ਤਾਂ ਕਿੰਨੇ ਸਾਰੇ “ਕਿੰਤੂ-ਪ੍ਰੰਤੂ ਗਰੁੱਪ” ਤਰਕਾਂ ਵਾਲੀ ਸੁਨਾਮੀ ਲਿਆ ਦਿੰਦੇ..ਇੰਝ ਭਲਾ ਕਿੱਦਾਂ ਹੋ ਸਕਦਾ..!
ਅੱਜ ਦਾ ਦਿਨ..ਯਾਨੀ ਚੌਦਾਂ ਮਾਰਚ ਅਠਾਰਾਂ ਸੌ ਤੇਈ..ਅਫਗਾਨ ਸਰਹੱਦ..ਨੌਸ਼ਹਿਰਾ ਦੇ ਕੋਲ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧ ਲਿਆ..ਪੰਦਰਾਂ ਸੌ ਸਿੱਖ ਫੌਜ ਨਾਲ ਕੂਚ ਹੋਣ ਹੀ ਲੱਗਾ ਸੀ ਕੇ ਪਤਾ ਲੱਗਾ ਦੂਜੇ ਪਾਸੇ ਅਸੀਮ ਖ਼ਾਨ ਦਸ ਹਜਾਰ ਫੌਜ ਅਤੇ ਚਾਲੀ ਤੋਪਾਂ ਨਾਲ ਮੁੱਲਾ ਰਸ਼ੀਦ ਨਾਲ ਆ ਰਲਿਆ..!
ਬਾਬਾ ਜੀ ਨੂੰ ਲਏ ਫੈਸਲੇ ਦੀ ਨਜਰਸਾਨੀ ਲਈ ਆਖਿਆ..ਇਹ ਸਲਾਹ ਵੀ ਦਿੱਤੀ ਕੇ ਸ਼ਾਮ ਤੱਕ ਜੈਨਰਲ ਵੈਨਤੂਰਾ ਤੋਪਖਾਨੇ ਨਾਲ ਅੱਪੜ ਜਾਵੇਗਾ ਓਦੋ ਕੂਚ ਕਰ ਲਿਆ ਜਾਵੇ..ਪਰ ਅਰਦਾਸਾ ਸੋਧਿਆ ਜਾ ਚੁਕਾ ਸੀ..ਅਕਾਲੀ ਫੂਲਾ ਸਿੰਘ ਪੰਦਰਾਂ ਸੌ ਨਾਲ ਓਸੇ ਵੇਲੇ ਹੀ ਤੁਰ ਪਿਆ..ਮਹਾਰਾਜੇ ਰਣਜੀਤ ਸਿੰਘ ਨੇ ਬਾਕੀ ਦੀ ਫੌਜ ਨੂੰ ਵੀ ਅੱਗੇ ਵਧਣ ਦਾ ਹੁਕਮ ਦਿੱਤਾ..ਫੇਰ ਗਹਿਗੱਚ ਹੋਇਆ..ਫਤਹਿ ਹਾਸਿਲ ਕੀਤੀ..ਪਰ ਅਕਾਲੀ ਫੂਲਾ ਸਿੰਘ ਸ਼ਹਾਦਤ ਪਾ ਗਏ..ਪਰ ਦੂਜੇ ਪਾਸੇ ਖੁਦ ਨੂੰ ਪਹੁੰਚਿਆ ਹੋਇਆ ਗਾਜੀ ਸਮਝਣ ਵਾਲਾ ਮੁੱਲਾ ਰਸ਼ੀਦ..ਸਿਰ ਤੇ ਪੈਰ ਰੱਖ ਭੱਜ ਗਿਆ..!
ਤੌਬਾ ਕੀਤੀ ਮੁੜਕੇ ਕਦੇ ਖਾਲਸਾ ਫੌਜ ਨਾਲ ਦਸਤ ਪੰਜਾ ਨੀ ਲੈਣਾ..ਬਸ਼ਰਤੇ ਇੱਕ ਐਸਾ ਨੇਜਾ ਹੋਵੇ ਜਿਹੜਾ ਅਫਗਾਨਿਸਤਾਨ ਵਿਚੋਂ ਸੁੱਟਿਆ ਸਿੱਧਾ ਲਾਹੌਰ ਜਾ ਕੇ ਡਿੱਗੇ..!
ਅਕਸਰ ਆਪਣੇ ਪੈਰ ਚੁੰਮੀ ਜਾਇਆ ਕਰਦਾ ਕੇ ਇਹਨਾਂ ਦੀ ਬਦੋਲਤ ਹੀ ਜਾਨ ਬਚੀ..ਅੱਜ ਵੀ ਨੌਸ਼ਹਿਰੇ ਦੀ ਜੰਗ ਵਿਚ ਮਾਰੇ ਗਏ ਗਾਜੀਆਂ ਦੀਆਂ ਅਣਗਿਣਤ ਕਬਰਾਂ ਉਸ ਇਲਾਕੇ ਵਿਚ ਵੇਖੀਆਂ ਜਾ ਸਕਦੀਆਂ..!
ਸੁਨਹਿਰੀ ਇਤਿਹਾਸ ਦੀ ਸਾਂਭ ਸੰਭਾਲ ਓਨੀ ਹੀ ਜਰੂਰੀ ਜਿੰਨੀ ਹੋਂਦ ਕਾਇਮ ਰੱਖਣ ਲਈ ਭੋਜਨ..ਪਰ ਇੰਝ ਦੇ ਬਿਰਤਾਂਤ ਸਭ ਕੁਝ ਸਿਲੇਬਸ ਵਿਚੋਂ ਗਾਇਬ ਕਰ ਦਿੱਤੇ ਗਏ..!
ਪੰਜਾਬ ਕਬਜੇ ਮਗਰੋਂ ਲੇਟਨ ਨਾਮ ਦਾ ਦਾਨਿਸ਼ਵਰ ਉਚੇਚਾ ਏਧਰ ਲਿਆਂਦਾ..ਹੁਕਮ ਦਿੱਤਾ ਕੇ ਸਿੱਖਿਆ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇ..!
ਪਿੰਡੋ-ਪਿੰਡ ਮੁਨਿਆਦੀ ਕਰਵਾ ਦਿੱਤੀ..ਕਿਰਪਾਨਾਂ ਅਤੇ “ਕੈਤੇ” ਸਰਕਾਰੀ ਅਹਿਲਕਾਰ ਨੂੰ ਜਮਾ ਕਰਵਾ ਦਿੱਤੇ ਜਾਣ..ਬਦਲੇ ਵਿਚ ਪੈਸੇ ਦਿੱਤੇ ਜਾਣਗੇ..ਕਿਰਪਾਨ ਬਦਲੇ ਦੋ ਆਨੇ ਤੇ ਇਕ ਗੁਰਮੁਖੀ ਦੇ “ਕੈਤੇ” ਬਦਲੇ ਛੇ ਆਨੇ..!
ਕੈਤੇ ਬਦਲੇ ਛੇ ਆਨੇ ਇਸ ਲਈ ਕੇ ਇਹਨਾਂ ਦੀ ਰੂਪ ਰੇਖਾ ਅਤੇ ਵਿਸ਼ੇ ਵਸਤੂ ਵਿੱਚੋਂ ਗੁਰੂਬਾਣੀ ਦਾ ਝਲਕਾਰਾ ਪੈਂਦਾ ਸੀ..ਗੋਰਿਆਂ ਵਿਚ ਧਾਰਨਾ ਸੀ ਕੇ ਇਹ ਗੁਰਬਾਣੀ ਪੜਨ ਵਾਲੇ ਦੇ ਮਨ ਅੰਦਰ ਬੀਰ-ਰਸ ਪੈਦਾ ਕਰਦੀ ਏ!
ਹਰਪ੍ਰੀਤ ਸਿੰਘ ਜਵੰਦਾ