ਜਦੋ ਮੇਰੀ ਮਾਂ ਦੇ ਮਾਮੇ ਦੀ ਕੁੜੀ ਯਾਨੀ ਮੇਰੀ ਮਾਸੀ ਤੇ ਮੇਰੀ ਘਰਵਾਲੀ ਦੀ ਸਕੀ ਮਾਮੀ ਨੇ ਸਾਡੀ ਵਿਚੋਲਣ ਬਣਨ ਦਾ ਫੈਸਲਾ ਕੀਤਾ ਤਾਂ ਉਸ ਸਮੇ ਸ਼ਾਇਦ ਇਹ ਉਸਦਾ ਪਹਿਲਾ ਕੇਸ ਸੀ ਯ ਉਹ ਅਜੇ ਵੀ ਇਸ ਕੰਮ ਚ ਅਨਾੜੀ ਸੀ।ਇੱਕ ਪਾਸੇ ਮਹਿਮਾ ਸਰਕਾਰੀ ਦੇ ਮਾਸਟਰਾਂ ਦਾ ਸ਼ਰੀਫ ਟੱਬਰ ਸੀ ਤੇ ਦੂਜੇ ਪਾਸੇ ਪਟਵਾਰੀ ਕਨੂੰਨਗੋ ਦਾ ਸੇਠੀ ਪਰਿਵਾਰ ਜਿਸ ਦੇ ਸਿਰਫ ਸਤਸੰਗੀ ਹੋਣ ਦਾ ਹੀ ਲੇਬਲ ਲਗਿਆ ਹੋਇਆ ਸੀ। ਖ਼ੈਰ ਵਿਚੋਲਣ ਮਾਸੀ ਨੇ ਵਿਚੋਲਾ ਯਨੀ ਵਿੱਚੋ ਓਹਲਾ ਰੱਖਦੇ ਹੋਏ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਕੰਮ ਸਿਰੇ ਲਾਉਣ ਲਈ ਆਪਣਾ ਪੂਰਾ ਵਾਹ ਲਾ ਦਿੱਤਾ। ਵਿਚਾਰਾਂ ਦੇ ਸਹੀ ਆਦਾਨ ਪ੍ਰਦਾਨ ਦੀ ਘਾਟ ਨੇ ਕਈ ਵਾਰੀ ਮਾਮਲਾ ਬਿਗੜਨ ਕਿਨਾਰੇ ਕਰ ਦਿੱਤਾ। ਪਰ ਦੋਹਾਂ ਧਿਰਾਂ ਦੀ ਸ਼ਰਾਫ਼ਤ ਤੇ ਹਲੀਮੀ ਨੇ ਸ਼ਗਨ ਫੇਰੇ ਡੋਲੀ ਵਰਗੇ ਵਿਹਾਰ ਪੂਰੇ ਕਰਕੇ ਸਾਡੇ ਜੀਵਨ ਦੀ ਗੱਡੀ ਨੂੰ ਇੱਕ ਪਟੜੀ ਤੇ ਰੁੜਣ ਦੇ ਕਾਬਿਲ ਕਰ ਦਿੱਤਾ। ਛੋਟੇ ਮੋਟੇ ਸਟੇਸ਼ਨਾਂ ਨੂੰ ਸਰ ਕਰਦੀ ਇਹ ਗੱਡੀ ਜ ਆਉਂਦੀ 24 ਮਾਰਚ ਨੂੰ ਜਿੰਦਗੀ ਦੇ 32ਸਾਲਾਂ ਦਾ ਸੁਫ਼ਰ ਤਹਿ ਕਰਕੇ 33ਵੇ ਸਾਲ ਦੀ ਸ਼ੁਰੂਆਤ ਕਰ ਰਹੀ ਹੈ। ਜਿੰਦਗੀ ਦੇ ਕੱਚੇ ਪੱਕੇ ਰਾਹਾਂ, ਕੌਮੀ ਰਾਜ ਮਾਰਗ ਤੇ ਐਕਸਪ੍ਰੈਸ ਵੇ ਦਾ ਮਿਲਦਾ ਜੁਲਦਾ ਸਫ਼ਰ ਆਪਣੀਆਂ ਮੰਜਿਲਾਂ ਨੂੰ ਸਰ ਕਰ ਰਿਹਾ ਹੈ।
#ਰਮੇਸ਼ਸੇਠੀਬਾਦਲ