ਛੇਵੀਂ ਜਮਾਤ ਵਿੱਚ ਪੜਦੇ ਸੀ । ਅੰਗਰੇਜ਼ੀ ਪੰਜਵੀ ਚ ਹੀ ਸ਼ੁਰੂ ਹੋ ਗਈ ਸੀ। ਸੋਖੇ ਵਾਕਾਂ ਦੀ ਪੰਜਾਬੀ ਨਹੀਂ ਸੀ ਆਉਂਦੀ। ਮੈਂ ਅਕਸਰ ਘਰੋਂ ਪੜ੍ਹਕੇ ਜਾਂਦਾ ਤੇ ਪੰਜਾਬੀ ਸਹੀ ਸੁਣਾ ਦਿੰਦਾ। ਸ੍ਰੀ ਰਾਜ ਕੁਮਾਰ ਬਾਗਲਾ ਅੰਗਰੇਜ਼ੀ ਦੇ ਅਧਿਆਪਕ ਹੁੰਦੇ ਸਨ। ਚਾਹੇ ਬਲਦੇਵ, ਜੀਤ, ਲਾਭ, ਭੁਪਿੰਦਰ, ਸ਼ਿੰਦਰ ਛਿੰਦੀ, ਗਾਂਧੀ, ਬੰਤ, ਅਜਮੇਰ, ਹਰਨੇਕ ਮੇਰੇ ਪੱਕੇ ਬੇਲੀ ਸਨ। ਪਰ ਮੈਨੂੰ ਸਾਡੀ ਕਲਾਸ ਵਾਲਾ ਟੀਟੀ ਆਪਣੇ ਨਾਲ ਬਿਠਾਉਂਦਾ। ਕਿਉਂਕਿ ਉਹ ਨਲਾਇਕ ਸੀ ਤੇ ਥੋੜਾ ਬਦਮਾਸ਼ ਜਿਹਾ ਵੀ। ਸਾਰੀ ਕਲਾਸ ਡਰਦੀ ਸੀ ਉਸ ਕੋਲੋ। ਉਸਨੂੰ ਪੰਜਾਬੀ ਪੁੱਛਣ ਦਾ ਲਾਲਚ ਹੁੰਦਾ ਸੀ ਤੇ ਮੈ ਨਾ ਚਾਹੁੰਦਾ ਹੋਇਆ ਵੀ ਉਸ ਨਾਲ ਬੈਠਦਾ ਤੇ ਟਰਾਂਸਲੇਟ ਕਰਨ ਵਿੱਚ ਉਸਦੀ ਮਦਦ ਕਰਦਾ। ਉਹ ਬਾਗਲਾ ਸਾਹਿਬ ਦੀ ਕੁੱਟ ਤੋਂ ਬਚ ਜਾਂਦਾ । ਚਾਹੇ ਉਸ ਨਾਲ ਬੈਠਣ ਤੇ ਸਾਰੇ ਅਧਿਅਪਕ ਮੇਰੇ ਤੇ ਔਖੇ ਸਨ। ਪਰ ਮੇਰੀ ਮਜਬੂਰੀ ਹੁੰਦੀ ਸੀ।
ਇੱਕ ਦਿਨ ਮੈਂ ਟੀਟੀ ਦੇ ਪਿੱਛੇ ਟਾਟ ਤੇ ਬੈਠਾ ਸੀ। ਅਚਾਨਕ ਮੈਨੂੰ ਜ਼ੋਰ ਦੀ ਛਿੱਕ ਆਈ। ਅਸੀਂ ਓਦੋ ਛਿੱਕ ਨੂੰ ਨਿੱਛ ਆਖਦੇ ਸੀ। ਉਸ ਛਿੱਕ ਨਾਲ ਗਾੜਾ ਤੇ ਚਿਕਣਾ ਤਰਲ ਪਦਾਰਥ ਮੇਰੇ ਨੱਕ ਚੋ ਸਿੱਧਾ ਟੀਟੀ ਦੀ ਕਮੀਜ਼ ਤੇ ਡਿੱਗ ਪਿਆ । ਵਾਹਵਾ ਮਾਤਰਾ ਵਿੱਚ ਡਿੱਗਿਆ ਉਹ ਤਰਲ ਪਦਾਰਥ ਉਸ ਦੀ ਕਮੀਜ਼ ਦੇ ਨਾਲ ਚਿਪਕ ਗਿਆ ਤੇ ਚਮਕਣ ਲੱਗ ਪਿਆ। ਮੈਨੂੰ ਮੇਰੇ ਭਵਿੱਖ ਤੋਂ ਡਰ ਆਉਣ ਲੱਗਾ। ਕੁੱਟ ਮੇਰੇ ਉਸ ਕੋਲੋਂ ਉੱਠਣ ਤੇ ਵੀ ਪੈਣੀ ਸੀ ਤੇ ਪਤਾ ਲਗਨ ਤੇ ਵੀ।ਟੀਟੀ ਨੇ ਮੇਰੀ ਰੇਲ ਬਣਾ ਦੇਣੀ ਸੀ।
ਅਖੀਰ ਮੈ ਸੀਟ ਬਦਲ ਲਈ। ਉਸ ਨੇ ਬਹੁਤ ਜ਼ੋਰ ਲਾਇਆ ਕਿ ਮੈਂ ਉਸਦੇ ਨਾਲ ਹੀ ਬੈਠਾ। ਮੈਂ ਡਰ ਨਾਲ ਯਾਦ ਕੀਤਾ ਪਾਠ ਵੀ ਭੁੱਲ ਗਿਆ। ਮੈਂ ਕਿਹਾ ਅੱਜ ਮੈਨੂੰ ਪਾਠ ਨਹੀਂ ਆਉਂਦਾ।
ਖੈਰ ਉਸ ਦਿਨ ਪਾਠ ਨਾ ਆਉਣ ਕਰਕੇ ਮੇਰੇ ਤੇ ਟੀਟੀ ਸਮੇਤ ਕਈਆਂ ਨੂੰ ਚੰਡਿਆ ਗਿਆ।
ਤਰਲ ਪਦਾਰਥ ਬਾਰੇ ਪਤਾ ਲਗਨ ਤੇ ਟੀਟੀ ਨੇ ਬਹੁਤ ਪੜਤਾਲ ਕੀਤੀ। ਕੋਈ ਵੀ ਨਾ ਮੰਨਿਆ। ਤੇ ਮੈਂ ਅੱਧੀ ਛੁੱਟੀ ਵੇਲੇ ਹੋਣ ਵਾਲੀ ਕੁੱਟ ਮਾਰ ਤੋਂ ਸਾਫ ਸਾਫ ਬਚ ਗਿਆ। ਅਗਲੇ ਦਿਨ ਤੋਂ ਮੈਂ ਫਿਰ ਟੀਟੀ ਨਾਲ ਬੈਠਣਾ ਸ਼ੁਰੂ ਕਰ ਦਿੱਤਾ।
ਰਮੇਸ਼ ਸੇਠੀ ਬਾਦਲ
9876627233