ਜੇ ਮੇਰੇ ਵੀ ਇੱਕ ਧੀ ਹੁੰਦੀ।
ਤਾਈ ਕੀ ਹਾਲ ਹੈ ਤੇਰਾ ਹੁਣ। ਬੀਜੀ ਦੱਸਦੇ ਸਨ ਕਿ ਤੇਰੀ ਤਾਈ ਵੀ ਕਈ ਦਿਨਾਂ ਦੀ ਢਿੱਲੀ ਹੈ। ਮਖਿਆ ਮੈ ਪਤਾ ਲੈ ਆਉਂਦੀ ਹਾਂ।ਗੁਆਂਡੀਆਂ ਦੀ ਕੁੜੀ ਸੀਬੋ ਜੋ ਆਪਣੀ ਕਈ ਦਿਨਾਂ ਦੀ ਆਪਣੀ ਮਾਂ ਦਾ ਪਤਾ ਲੈਣ ਆਈ ਹੋਈ ਸੀ ਨੇ ਉਸਨੂੰ ਪੁੱਛਿਆ। ਠੀਕ ਹਾਂ ਪੁੱਤਰ ਜਿਹੜਾ ਵਕਤ ਲੰਘੀ ਜਾਂਦਾ ਹੈ। ਜਦੋ ਸਰੀਰ ਕੁਝ ਠੀਕ ਹੁੰਦਾ ਹੈ ਤਾਂ ਦੋ ਗੁੱਲੀਆਂ ਲਾਹ ਲੈਂਦੀ ਹਾਂ। ਨਹੀ ਤਾਂ ਕੋਈ ਤੇਰੇ ਅਰਗੀ ਦੇ ਜਾਂਦੀ ਹੈ। ਕਈ ਵਾਰੀ ਤਾਂ ਪਕਾਉਣ ਦੀ ਹਿੰਮਤ ਹੀ ਨਹੀ ਹੁੰਦੀ ਤਾਂ ਚਾਹ ਦੁੱਧ ਪੀਕੇ ਗੁਜਾਰਾ ਕਰ ਲੈਂਦੀ ਹਾਂ। ਤਾਈ ਵੀਰੇ ਤੇ ਭਾਬੀਆਂ ਨੀ ਗੇੜਾ ਮਾਰਦੇ। ਉਸ ਦੀ ਵਿਆਖਿਆ ਨੂੰ ਵਿਚਾਲੇ ਛੱਡਦੀ ਹੋਈ ਸੀਬੋ ਨੇ ਫਿਰ ਪੁੱਛਿਆ। ਪੁੱਤ ਕਿਸ ਕੋਲੋ ਟਾਇਮ ਹੈ। ਸਭ ਕੰਮਾਂ ਕਾਰਾਂ ਵਿੱਚ ਉਲਝੇ ਹੋਏ ਹੁੰਦੇ ਹਨ। ਨੌਕਰੀਆਂ ਜੁ ਕਰਦੇ ਹੋਏ। ਬਹੂਆਂ ਵੀ ਡਿਊਟੀ ਤੇ ਜਾਂਦੀਆਂ ਹਨ। ਤਾਈ ਨੇ ਪੁੱਤਾਂ ਦਾ ਪੱਖ ਪੂਰਿਆ। ਪਰ ਊਂ ਅੰਦਰੋ ਉਹ ਪੁੱਤਾਂ ਤੇ ਡਾਢੀ ਗੁੱਸੇ ਸੀ।
ਤਾਈ ਮੇਰੇ ਤਾਂ ਆਪ ਜੁਆਕਾਂ ਦੇ ਪੇਪਰ ਚੱਲੀ ਜਾਂਦੇ ਸਨ। ਬੀਜੀ ਦਾ ਫੋਨ ਗਿਆ ਕਿ ਪੁੱਤ ਮੇਰਾ ਚਿੱਤ ਕਈ ਦਿਨਾਂ ਦਾ ਕੁਝ ਢਿੱਲਾ ਹੈ। ਚਾਹੇ ਵੀਰਾ ਹਸਪਤਾਲੋ ਦਵਾਈ ਦਿਵਾ ਲਿਆਇਆ ਸੀ । ਵੀਰ ਨੇ ਵੀ ਕਿਹਾ ਕਿ ਬੀਜੀ ਹੁਣ ਪਹਿਲਾ ਨਾਲੋ ਠੀਕ ਹੈ। ਪਰ ਮੈਥੋ ਰਹਿ ਨਹੀ ਹੋਇਆ। ਮਖਿਆ ਕੋਈ ਨੀ ਜੀ ਤੁਸੀ ਬੱਚਿਆਂ ਦਾ ਖਿਆਲ ਰੱਖਿਓ। ਮੈ ਬੀਜੀ ਕੋਲੇ ਹਫਤਾ ਲਾਕੇ ਹੀ ਆਊਂਗੀ। ਮੇਰੇ ਨਾਲ ਗੱਲਾਂ ਕਰਕੇ ਬੀਜੀ ਦਿਨਾਂ ਵਿੱਚ ਹੀ ਭਲੇ ਚੰਗੇ ਹੋ ਜਾਣਗੇ। ਤਾਈ ਤੂੰ ਯਕੀਨ ਮੰਨ ਬੀਜੀ ਹੁਣ ਪਹਿਲਾਂ ਨਾਲੋ ਵਾਹਵਾ ਠੀਕ ਹਨ। ਬਲੱਡ ਵੀ ਠੀਕ ਹੈ ਤੇ ਸਾਂਹ ਦੀ ਤਕਲੀਫ ਵੀ ਘਟੀ ਹੈ।
ਤਾਈ ਤੂੰ ਫਿਕਰ ਨਾ ਕਰਿਆ ਕਰ। ਤੂੰ ਵੀ ਠੀਕ ਹੋ ਜਾਵੇ ਗੀ ਜਿੰਨੇ ਦਿਨ ਮੈ ਇੱਥੇ ਹਾਂ ਮੈ ਜਰੂਰ ਗੇੜਾ ਮਾਰਿਆ ਕੰਰੂ। ਸੀਬੋ ਨੇ ਤਾਈ ਨੂੰ ਹੋਸਲਾ ਦਿੱਤਾ। ਲੈ ਤਾਈ ਮੈ ਤੇਰੇ ਸਿਰ ਝੱਸ ਦਿਆਂ । ਕਹਿੰਦੀ ਹੋਈ ਉਹ ਗੁਸਲਖਾਨੇ ਵਿਚੋ ਸਰੋ ਦੇ ਤੇਲ ਦੀ ਸ਼ੀਸ਼ੀ ਚੱਕ ਲਿਆਈ। ਤੇ ਤਾਈ ਨੂੰ ਪੀੜੀ ਤੇ ਬਿਠਾਕੇ ਤੇਲ ਝੱਸਣ ਲੱਗੀ।
ਤਾਈ ਵੀਰੇ ਉੰਜ ਕਿੰਨੇ ਕੁ ਦਿਨਾਂ ਬਾਦ ਗੇੜਾ ਮਾਰਦੇ ਹਨ। ਸੀਬੋ ਨੇ ਫਿਰ ਗਲਤੀ ਨਾਲ ਤਾਈ ਦੀ ਦੁੱਖਦੀ ਰਗ ਤੇ ਹੱਥ ਰੱਖ ਦਿੱਤਾ। ਪੁੱਤ ਉਹਨਾਂ ਦਾ ਕੀ ਹੈ। ਜਦੋ ਕਦੇ ਕੋਈ ਲੋੜ ਹੁੰਦੀ ਹੈ ਤਾਂ ਘੜੀ ਪਲ ਲਈ ਆਉੰਦੇ ਹਨ ।ਬਹੂਆਂ ਤਾਂ ਬੱਸ ਸੁਰੂ ਸੁਰੂ ਵਿੱਚ ਹੀ ਆਈਆਂ ਸਨ। ਤੇਰੇ ਤਾਏ ਦੇ ਮਰੇ ਤੌ। ਉੱਜ ਚਾਰਾਂ ਕੋਲੇ ਆਪਣੀਆਂ ਗੱਡੀਆਂ ਹਨ। ਪਰ ਪੁੱਤ ਸਹੀ ਗੱਲ ਤਾਂ ਇਹ ਹੈ ਕਿ ਉਹਨਾ ਨੂੰ ਮਾਂ ਦਾ ਫਿਕਰ ਹੀ ਨਹੀ । ਸਾਰੇ ਆਪਣੀ ਆਪਣੀ ਅੋਲਾਦ ਦਾ ਸੋਚਦੇ ਹਨ।ਤਾਈ ਨੇ ਫਿਰ ਦਿਲ ਦੀ ਗੱਲ ਕਹੀ ਜੋ ਉਹ ਕਹਿਣਾ ਨਹੀ ਸੀ ਚਾਹੁੰਦੀ। ਤੇ ਉਸਦੀਆਂ ਅੱਖਾਂ ਵਿੱਚੋ ਪਰਲ ਪਰਲ ਹੰਝੂ ਵਗਣ ਲੱਗੇ। ਹੁਣ ਸੀਬੋ ਉਸਨੂੰ ਆਪਣੀ ਹੀ ਲੱਗਣ ਲੱਗੀ ਸੀ। ਸੀਬੋ ਦੇ ਹੱਥਾਂ ਦੀ ਛੂਹ ਵਿਚੋ ਉਸਨੂੰ ਅੱਪਨੱਤ ਜਿਹੀ ਦਾ ਅਹਿਸਾਸ ਹੁੰਦਾ ਸੀ। ਰੂਹ ਨੂੰ ਇੱਕ ਅਜੀਬ ਜਿਹਾ ਸਕੂਨ ਮਿਲ ਰਿਹਾ ਸੀ। ਉਸਦੇ ਤਨ ਅਤੇ ਮਨ ਦੀ ਪੀੜ੍ਹਾ ਖਤਮ ਹੋ ਚੁੱਕੀ ਸੀ।ਚਾਹੇ ਉਹ ਪਹਿਲਾਂ ਵੀ ਕਈ ਵਾਰੀ ਕੰਮ ਵਾਲੀ ਨੂੰ ਪੈਸੇ ਦੇਕੇ ਵਾਲਾਂ ਨੂੰ ਤੇਲ ਝਸਾਉੰਦੀ ਸੀ ਪਰ ਅੱਜ ਵਰਗੀ ਗੱਲ ਕਦੇ ਨਹੀ ਸੀ ਬਣੀ। ਸੀਬੋ ਤੇਲ ਝੱਸਦੀ ਹੋਈ ਨਾਲ ਨਾਲ ਗੱਲਾਂ ਵੀ ਕਰ ਰਹੀ ਸੀ। ਅੱਖਾਂ ਚੌ ਵਗਦੇ ਹੰਝੂਆਂ ਨਾਲ ਸੀਤਲ ਹੋਇਆ ਉਸਦਾ ਮਨ ਉਸ ਦੀ ਸੋਚ ਨੂੰ ਬਹੁਤ ਪਿੱਛੇ ਲੈ ਗਿਆ। ਜਦੋ ਉਸ ਦੇ ਪਹਿਲਾ ਮੁੰਡਾ ਹੋਇਆ ਸੀ। ਤਾਂ ਉਹ ਆਪਣੇ ਆਪ ਨੂੰ ਭਾਗਭਰੀ ਸਮਝਿਆ। ਖੁਸ਼ੀ ਨਾਲ ਉਸਦੇ ਚੇਹਰੇ ਤੇ ਨੂਰ ਝਲਕਦਾ ਸੀ। ਸੱਸ ਸਹੁਰਾ ਤੇ ਉਸਦਾ ਪਤੀ ਸਾਰੇ ਡਾਢੇ ਖੁਸ਼ ਸਨ। ਤੇ ਫਿਰ ਜਦੋ ਉਸਦੇ ਦੂਸਰਾ ਮੰਡਾ ਹੋਇਆ ਤਾਂ ਉਹ ਹੋਰ ਵੀ ਖੁਸ਼ ਹੋਈ । ਆਪਣਿਆਂ ਨੇ ਤੇ ਲੋਕਾਂ ਨੇ ਬਹੁਤ ਵਧਾਈਆਂ ਦਿੱਤੀਆਂ। ਅਖੇ ਰਾਮ ਲਛਮਣ ਦੀ ਜੋੜੀ ਬਣ ਗਈ। ਇੱਕ ਦੀ ਮਾਂ ਰਾਣੀ ਤੇ ਦੋ ਦੀ ਮਾਂ ਮਹਾਂਰਾਣੀ। ਪਰਮਾਤਮਾਂ ਦੀ ਨਜਰ ਸਵੱਲੀ ਸੀ। ਤੀਜਾ ਵੀ ਪੁੱਤ ਹੀ ਹੋਇਆ। ਤੇ ਚੌਥੇ ਪੁੱਤ ਵਾਰੀ ਤਾਂ ਇਹਨਾਂ ਦੇ ਪਿਉ ਨੇ ਖੂਬ ਭੰਗੜਾ ਪਾਇਆ। ਮੇਰੇ ਡਾਗਾਂ ਵਰਗੇ ਚਾਰ ਸ਼ੇਰ ਪੁੱਤ ਹੋ ਗਏ ਹਨ। ਮੈਨੂੰ ਕਿਸੇ ਲੰਡੀ ਲਾਟ ਦੀ ਪਰਵਾਹ ਨਹੀ। ਮੇਰੇ ਚਾਰੇ ਪੁੱਤ ਹੀ ਮੇਰੀ ਅਰਥੀ ਨੁੰ ਕੰਧਾ ਦੇਣ ਲਈ ਕਾਫੀ ਹੋਣਗੇ। ਸਰੀਕਾਂ ਦਾ ਸਾਨੂੰ ਕੋਈ ਡਰ ਨਹੀ। ਪੁੱਤਰਾਂ ਦੇ ਹੋਸਲੇ ਨਾਲ ਉਹ ਹਵਾ ਵਿੱਚ ਉੱੱਡਿਆ ਹੀ ਫਿਰਦਾ ਸੀ। ਪਰ ਕਈ ਵਾਰੀ ਉਹ ਲੋਕਾਂ ਦੀ ਆਹ ਤੋ ਡਰ ਜਾਂਦੀ । ਉਸਨੂੰ ਲੋਕਾਂ ਦੀ ਨਜਰ ਤੌ ਵੀ ਭੈਅ ਆਉੱਦਾ। ਜਿੰਨਾ ਦੇ ਮੁੰਡੇ ਨਹੀ ਹੁੰਦੇ ਤੇ ਕੁੜੀਆਂ ਹੀ ਹੁੰਦੀਆਂ ਹਨ ਉਹਨਾਂ ਦੇ ਠੰਡੇ ਹੌਕੇ ਤੋ ਬਾਹਲਾ ਡਰ ਲੱਗਦਾ। ਤੇ ਕਦੇ ਉਹ ਸੋਚਦੀ ਕਿ ਰੱਬ ਉਸ ਨੂੰ ਇੱਕ ਧੀ ਦੇ ਦਿੰਦਾ ਤਾਂ ਵੀ ਠੀਕ ਰਹਿੰਦਾ। ਪਰ ਧੀ ਦਾ ਸੋਚ ਕੇ ਉਹ ਚੁੱਪ ਕਰ ਜਾਂਦੀ। ਚਾਰੇ ਪੁੱਤ ਹੀ ਪੜ੍ਹ ਲਿਖਕੇ ਬਾਹਰ ਨੋਕਰੀਆਂ ਤੇ ਲੱਗ ਗਏ ਅਤੇ ਆਪਣੇ ਆਪਣੇ ਘਰ ਵਸਾਕੇ ਅਲੱਗ ਹੁੰਦੇ ਗਏ। ਇਹਨਾਂ ਝੋਰਿਆਂ ਦੀ ਅੱਗ ਵਿੱਚ ਧੁੱਖਦਾ ਹੋਇਆ ਇਹਨਾ ਦਾ ਪਿਉ ਇੱਕ ਦਿਨ ਰੁਖਸਤ ਕਰ ਗਿਆ। ਪਿਉ ਦੇ ਮਰਨੇ ਤੇ ਇਹ ਲੋਕਾਂਚਾਰੀ ਆਏ ਤੇ ਚੁੰਹ ਦਿਨਾਂ ਵਿੱਚ ਭੋਗ ਪੁਆਕੇ ਚਲੇ ਗਏ। ਫਿਰ ਪੁੱਤਾਂ ਨੇ ਉਸਦੀ ਬਾਤ ਹੀ ਨਹੀ ਪੁੱਛੀ। ਦੇਹਿ ਦੀ ਦੁੱਖ ਤਕਲੀਫ ਉਹ ਆਪਣੇ ਪਿੰਡੇ ਤੇ ਜਰਦੀ। ਜੇ ਹਿੰਮਤ ਹੁੰਦੀ ਤਾਂ ਆਪੇ ਹੀ ਡਾਕਟਰ ਤੋ ਦਵਾਈ ਲੈ ਆਉੱਦੀ। ਕਈ ਵਾਰੀ ਉਹ ਸਾਰੀ ਸਾਰੀ ਰਾਤ ਦਰਦ ਨਾਲ ਤੜਫਦੀ ਰਹਿੰਦੀ। ਆਪੇ ਹੀ ਗੋਢਿਆਂ ਦੀ ਮਾਲਿਸ਼ ਕਰਦੀ ਤੇ ਕਦੇ ਲੱਤਾਂ ਤੇ ਚੁੰਨੀ ਬੰਨਕੇ ਪੀੜ ਤੋ ਛੁਟਕਾਰਾ ਪਾਉਣ ਦੇ ਔੜ ਪੋੜ ਕਰਦੀ। ਪਰ ਕਿਸੇ ਕੋਲੇ ਦਿਲ ਨਾ ਖੋਲਦੀ। ਆਪਣੇ ਢਿੱਡ ਦੇ ਜੰਮਿਆਂ ਦੀ ਬੁਰਾਈ ਕਿਹੜੇ ਮੂੰਹ ਨਾਲ ਕਰੇ। ਲੋਕਾਂ ਦੀਆਂ ਧੀਆਂ ਨੂੰ ਵੇਖਦੀ ਤੇ ਝੁਰਦੀ । ਜੇ ਉਸਦੇ ਵੀ ਇੱਕ ਧੀ ਹੁੰਦੀ ਤਾਂ ਉਹ ਜਰੂਰ ਉਸਦਾ ਦੁੱਖ ਵੰਡਾਉਂਦੀ।ਉਸਦੀ ਧੀ ਅੱਜ ਨੂੰ ਸੀਬੋ ਜਿੱਡੀ ਹੁੰਦੀ। ਮਾਂ ਦੇ ਦੁੱਖ ਵਿੱਚ ਭਾਈਵਾਲ ਬਣਦੀ। ਜੇ ਮੇਰੇ ਵੀ ਇੱਕ ਧੀ ਹੁੰਦੀ।ਕਹਿਕਿ ਉਸਨੇ ਠੰਡਾ ਹੌਕਾ ਲਿਆ ਤੇ ਇੱਕ ਪਾਸੇ ਲੁੜਕ ਗਈ।
ਰਮੇਸ਼ ਸੇਠੀ ਬਾਦਲ
ਮੋ 98 766 27 233