ਸਾਈਕਲ ਦੀ ਸਵਾਰੀ | cycle di swaari

ਹਰ ਦਿਨ ਕਿਸੇ ਨਾ ਕਿਸੇ ਦਾ ਜਨਮ ਦਿਨ ਹੁੰਦਾ ਹੈ ਕਿਸੇ ਦੀ ਬਰਸੀ। ਕਿਸੇ ਦੀ ਸ਼ਾਦੀ ਦੀ ਸਾਲ ਗਿਰਾਹ ਹੁੰਦੀ ਹੈ। ਪਰ ਅੱਜ ਇੱਕ ਅਨਵਰਸਰੀ ਹੋਰ ਵੀ ਹੈ। ਮੇਰੇ ਸਾਈਕਲ ਤੋਂ ਡਿੱਗਣ ਦੀ ਇਹ ਸਾਲ ਗਿਰਾਹ ਵੀ ਹੈ। ਸਾਲ 2019 ਦੇ ਆਪਣੇ ਨੋਇਡਾ ਪਰਵਾਸ ਦੌਰਾਨ ਅਸੀਂ ਵਿਸਕੀ ਨੂੰ ਘੁੰਮਾਉਣ ਲਈ ਪਾਰਕ ਵਿੱਚ ਨਾ ਜਾ ਕੇ ਨਾਲ ਲਗਦੀ ਵੱਡੀ ਸੜਕ ਤੇ ਹੀ ਘੁੰਮਾਉਣ ਚਲੇ ਗਏ। ਓਦੋਂ ਸੈਰ ਵਾਲਾ ਕੀੜਾ ਵੀ ਨਵਾਂ ਨਵਾਂ ਜਾਗਿਆ ਹੋਇਆ ਸੀ। ਕੋਈ ਦਿਨ ਮਿਸ ਵੀ ਨਹੀਂ ਕਰਨਾ ਚਾਹੁੰਦੇ ਸੀ। ਕਰੋਨਾ ਦੇ ਆਉਣ ਦੀ ਸੁਗਬਾਹਟ ਜੋਰਾਂ ਤੇ ਸੀ ਇਸਦੇ ਨਾਲ ਹੀ ਸਰਕਾਰ ਵੱਲੋਂ ਤਾਲਾਬੰਦੀ ਕਰਨ ਦੀਆਂ ਕਨਸੋਆ ਵੀ ਜੋਰਾਂ ਤੇ ਸਨ। ਸੜਕ ਤੇ ਜਾਣ ਦਾ ਮਕਸਦ ਵੀ ਕਰੋਨਾ ਤੋਂ ਬਚਣਾ ਸੀ। ਜਲਦੀ ਹੀ ਵਿਸਕੀ ਨੇ ਆਪਣਾ ਕੰਮ ਨਿਬੇੜ ਲਿਆ ਤੇ ਅਸੀਂ ਘਰ ਨੂੰ ਵਾਪਿਸ ਚੱਲ ਪਏ। ਮੈਂ ਦੀ ਬਜਾਇ ਅਸੀਂ ਲਿਖਣ ਦਾ ਕਾਰਨ ਇਹ ਹੈ ਕਿ ਮੇਰੀ ਬੇਗਮ ਵੀ ਮੇਰੇ ਨਾਲ ਹੀ ਸੀ। ਮਾੜੀ ਕਿਸਮਤ ਨੂੰ ਸੜਕ ਤੇ ਆਪਣੇ ਆਪਣੇ ਛੋਟੇ ਸਾਈਕਲਾਂ ਤੇ ਜਾਂਦੇ ਦੋ ਜੁਆਕਾਂ ਨੂੰ ਵੇਖਕੇ ਮੇਰਾ ਬਚਪਨ ਜਾਗ ਪਿਆ। ਉਹਨਾਂ ਤੋਂ ਸਾਈਕਲ ਮੰਗਕੇ ਮੈਂ ਪੈਡਲ ਮਾਰਨ ਹੀ ਲੱਗਾ ਸੀ ਕਿ ਸਾਈਕਲ ਥੱਲੇ ਡਿੱਗ ਪਿਆ ਤੇ ਮੇਰਾ ਸਿਰ ਫੁੱਟਪਾਥ ਦੀ ਨੁੱਕਰ ਨਾਲ ਜੋਰ ਦੀ ਵੱਜਿਆ। ਅੱਖਾਂ ਤੇ ਲੱਗੀ ਐਨਕ ਟੁੱਟ ਗਈ ਤੇ ਅੱਖ ਦੇ ਉਪਰ ਵੱਡਾ ਸਾਰਾ ਜਖਮ ਹੋਣ ਕਰਕੇ ਲਹੂ ਦੀਆਂ ਤਤੀਰੀਆਂ ਚੱਲ ਪਈਆਂ। ਆਸੇ ਪਾਸੇ ਲੋਕ ਇਕੱਠੇ ਹੋ ਗਏ। ਕਿਸੇ ਨਜ਼ਦੀਕੀ ਹਸਪਤਲ ਲਿਜਾਣ ਦੀ ਸਲਾਹ ਦੇਣ ਲੱਗੇ। ਕੋਈ ਜਾਕੇ ਘਰੋਂ ਬੇਟੇ ਨੂੰ ਬੁਲਾਉਣ ਚਲਾ ਗਿਆ । ਯਦੇ ਹੀ ਬੇਟਾ ਕਾਰ ਲੈ ਕੇ ਆ ਗਿਆ। ਜਖਮੀ ਹਾਲਤ ਵਿੱਚ ਮੈਨੂੰ ਨੋਇਡਾ ਦੇ ਮਸ਼ਹੂਰ ਮੈਟਰੋ ਹਸਪਤਾਲ ਵਿੱਚ ਲਿਜਾਇਆ ਗਿਆ। ਅੱਖ ਦੇ ਉਪਰ ਸੱਤ ਅੱਠ ਟਾਂਕੇ ਲਗਵਾਕੇ ਤੇ ਉਤਰੇ ਹੋਏ ਹੱਥ ਤੇ ਗਰਮ ਪੱਟੀ ਬੰਨਕੇ ਇੱਕ ਮਰੀਜ ਦੇ ਰੂਪ ਵਿੱਚ ਮੈਂ ਘਰ ਆ ਗਿਆ। ਡੱਬਵਾਲੀ ਘਰੇ ਸੂਚਨਾ ਦੇ ਦਿੱਤੀ ਗਈ। ਪਤਾ ਲੈਣ ਵਾਲਿਆਂ ਨੂੰ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਾਉਣ ਲਈ ਅਸੀਂ ਇੱਕੀ ਮਾਰਚ ਨੂੰ ਡੱਬਵਾਲੀ ਆਸ਼ਰਮ ਪਰਤ ਆਏ। ਕੁਦਰਤੀ ਇਹ ਇੱਕ ਬਹਾਨਾ ਹੀ ਬਣ ਗਿਆ। ਕਿਉਂਕਿ ਬਾਈ ਮਾਰਚ ਨੂੰ ਸਰਕਾਰ ਨੇ ਸਾਰੇ ਦੇਸ਼ ਵਿਚ ਇੱਕ ਦਿਨ ਦਾ ਸੰਕੇਤਕ ਜਨਤਾ ਕਰਫਿਊ ਲਗਾਕੇ ਪੱਕੀ ਤਾਲਾਬੰਦੀ ਕਰ ਦਿੱਤੀ। ਜੋ ਕਈ ਮਹੀਨੇ ਜਾਰੀ ਰਹੀ। ਜੇ ਇਹ ਸਾਈਕਲ ਕਾਂਡ ਨਾ ਵਾਪਰਦਾ ਤਾਂ ਸਾਰੀ ਤਾਲਾਬੰਦੀ ਸਾਨੂੰ ਨੋਇਡਾ ਵਿੱਚ ਹੀ ਹੰਢਾਉਣੀ ਪੈਂਦੀ। ਜੋ ਕਿਸੇ ਕੈਦ ਤੋਂ ਘੱਟ ਨਹੀਂ ਸੀ ਹੋਣੀ। ਆਪਣਾ ਘਰ ਘਰ ਹੀ ਹੁੰਦਾ ਹੈ। ਭਾਵੇਂ ਮੈਂ ਉਸਤੋਂ ਬਾਅਦ ਕਦੇ ਸਾਈਕਲ ਵੱਲ ਝਾਕਿਆ ਨਹੀਂ। ਤਾਲਾਬੰਦੀ ਵਰਗੇ ਹਾਲਾਤ ਰੱਬ ਕਦੇ ਨਾ ਬਣਾਵੇ। ਪਰ ਹੁਣ ਬੱਚੇ ਵੀ ਚਿੜਾਉਂਦੇ ਹਨ। “ਪਾਪਾ ਉਹ ਦੇਖੋ ਸਾਈਕਲ।” ਤੇ ਮੈਂ ਮੂੰਹ ਪਰਲੇ ਪਾਸੇ ਕਰ ਲੈਂਦਾ ਹਾਂ ਜਿਵੇ 15 ਲੱਖ ਦੀ ਗੱਲ ਛਿੜਣ ਤੋਂ ਮੋਦੀ ਭਗਤ। ਉਂਜ ਸਭ ਨੂੰ ਪਤਾ ਹੈ ਕਿ ਨਾ ਪੰਦਰਾਂ ਲੱਖ ਆਉਣੇ ਹਨ ਤੇ ਨਾ ਮੈਂ ਸਾਈਕਲ ਚਲਾਉਣਾ ਹੈ ਹੁਣ। ਪਰ ਟਿੱਚਰਾਂ ਕਰਨ ਵਾਲੇ ਕਦੇ ਟਲਦੇ ਨਹੀਂ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਨੋਇਡਾਈਅਨ।

Leave a Reply

Your email address will not be published. Required fields are marked *