ਤੇਰਾ ਪੁੱਤ..ਮੂਸੇ ਵਾਲਾ | moosewala

ਮਾਂ..ਓ..ਮਾਂ..ਨਿੱਕਾ ਵੇਖਣ ਦਾ ਜੀ ਕੀਤਾ..ਬੱਸ ਦੌੜਾ ਆਇਆ ਪਰ ਤੂੰ ਸੁੱਤੀ ਪਈ ਸੈਂ..ਉਹ ਵੀ ਕੋਲ ਹੀ ਪਿਆ ਸੀ..ਤਾਜਾ ਖਿੜਿਆ ਫੁਲ..ਭੋਰਾ ਬਿੜਕ ਨਾ ਹੋਣ ਦਿੱਤੀ ਕਿਧਰੇ ਜਾਗ ਹੀ ਨਾ ਜਾਵੇ..ਕਿੰਨਾ ਚਿਰ ਵੇਖਦਾ ਰਿਹਾ..ਤਸੱਲੀ ਹੋਈ..ਢਾਰਸ ਵੀ ਬੱਝੀ..ਹੁਣ ਖਿਡੌਣਾ ਮਿਲ ਗਿਆ..ਹੁਣ ਨੀ ਜਾਂਦੇ ਢਹਿੰਦੀਆਂ ਕਲਾ ਵੱਲ..ਧਿਆਨ ਹਟਦਾ ਹੀ ਨਹੀਂ..ਜਮਾ ਮੇਰੇ ਵਰਗਾ..ਨੀਝ ਲਾ ਕੇ ਤੱਕਿਆ..ਇੰਝ ਲੱਗਾ ਮੈਂ ਹੀ ਲੰਮਾ ਪਿਆ ਹੋਵਾਂ..ਤੇਰੇ ਕੋਲ..ਨੈਣ ਨਕਸ਼ ਐੱਨ ਮੇਰੇ ਤੇ..ਨੱਕ ਨਿਰਾ ਪੂਰਾ ਡੈਡੀ ਤੇ..ਡੈਡੀ..ਬੜੇ ਦੁੱਖ ਜਬਰ ਧੱਕੇ ਸਹੇ..ਮੈਨੂੰ ਟਰਾਲੀ ਤੇ ਪਾ ਕੇ ਦਾਗਣ ਚੱਲੇ..ਉਸ ਦਿਨ ਪੱਗ ਲਾਹ ਕੇ ਜਦੋਂ ਉੱਚੀ ਸਾਰੀ ਡਾਡ ਮਾਰੀ ਤਾਂ ਮੈਂ ਹਿੱਲ ਗਿਆ..ਜੀ ਕੀਤਾ ਉੱਠ ਕੇ ਕਲਾਵੇ ਵਿੱਚ ਲੈ ਲਵਾਂ..ਪਰ ਮੇਰਾ ਵੱਸ ਨਾ ਚੱਲਿਆ..!
ਮਾਂ..ਮੈਨੂੰ ਪਤਾ ਜਣੇਪਾ ਪੀੜਾਂ ਕੀ ਹੁੰਦੀਆਂ..ਪੂਰੀਆਂ ਸੰਤਾਲੀ ਹੱਡੀਆਂ ਟੁੱਟਣ ਜਿੰਨੀ ਪੀੜ..ਪਰ ਤੂੰ ਤੇ ਏਦੂੰ ਵੱਧ ਵੀ ਕਿੰਨਾ ਕੁਝ ਸਹਿ ਗਈ..ਲਗਪਗ ਕਮਲੀ ਹੋ ਗਈ..ਦੰਦਲਾਂ ਘੇਰਨੀਆਂ ਤੇ ਆਮ ਹੀ ਪੈਂਦੀਆਂ ਹੁੰਦੀਆਂ..ਉਨੀਂਦਰਾ ਤੇਰੀ ਤਕਦੀਰ ਵੇਹੜਾ ਮੱਲ ਪੱਕਾ ਬੈਠ ਗਿਆ..ਡੈਡੀ ਥਾਪੜਿਆ ਕਰਦਾ ਫੇਰ ਜਾ ਕੇ ਕਿਧਰੇ ਨੀਂਦਰ ਪੈਂਦੀ..ਮੈਂ ਸਭ ਕੁਝ ਵੇਖਦਾ..ਪਰ ਮੇਰੀ ਪੇਸ਼ ਨਾ ਜਾਂਦੀ..ਖੈਰ ਲੰਮੀਆਂ ਬਾਤਾਂ ਬਿਖੜੇ ਪੈਂਡੇ..ਕਦੇ ਫੇਰ ਸਹੀ..!
ਏਨੀ ਗੱਲ ਆਖਣ ਆਇਆਂ..ਇਸਦਾ ਖਿਆਲ ਰਖਿਓ..ਇਸਨੂੰ ਲੋਹੜੇ ਦਾ ਲਾਡ ਪਿਆਰ ਮਿਲੂ..ਜਿੰਨਾ ਵੱਧ ਮਿਲੂ..ਓਨੀ ਮੇਰੇ ਕਾਲਜੇ ਨੂੰ ਵੱਧ ਠੰਡ ਪਊ..ਤੁਹਾਡਾ ਫਿਕਰ ਵੀ ਘੱਟ ਗਿਆ..ਆਹਰ ਜੂ ਮਿਲ ਗਿਆ..ਅਜੇ ਤੇ ਜਿਉਣ ਜੋਗਾ ਬਾਹਲਾ ਨਿੱਕਾ..ਥੋੜਾ ਵਡਾ ਹੋਇਆ ਤਾਂ ਸਾਰੀ ਕਹਾਣੀ ਦੱਸਿਓ..ਧੱਕਿਆਂ ਦੀ..ਧੋਖਿਆਂ ਦੀ..ਇਹ ਵੀ ਦੱਸਿਓ ਕਿੱਦਾਂ ਕੱਲੇ ਨੂੰ ਏਨੇ ਜਣੇ ਪੈ ਗਏ..ਰਹਿ ਗਈ ਮੈਂ ਆਪੇ ਆ ਕੇ ਦੱਸ ਜਾਇਆ ਕਰੂੰ..!
ਕਿੰਨੀਆਂ ਸਿਆਸਤਾਂ..ਕਿੰਨੇ ਬਿਆਨ..ਕਿੰਨੀਆਂ ਚੋਭਾਂ..ਕਿੰਨੇ ਠਿੱਠ..ਕਿੰਨੇ ਭੰਬਲਭੂਸ..ਸਭ ਤੋਂ ਵੱਧ ਜਮਨਾ ਪਾਰ ਵੱਲੋਂ ਆਉਂਦੀਆਂ ਭੱਦੀਆਂ ਟਿੱਪਣੀਆਂ..ਹਰੇਕ ਨੇ ਥੋਨੂੰ ਆਪਣੇ ਹਿਸਾਬ ਵਰਤਿਆ..ਜਿਸ ਵੀ ਹੱਸ ਕੇ ਗੱਲ ਕੀਤੀ ਤੁਸਾਂ ਆਪਣਾ ਸਮਝ ਲਿਆ..ਜੀ ਕਰਦਾ ਹੁੰਦਾ ਸੀ ਕੇ ਦੱਸਾਂ..ਫਲਾਣਾ ਦਿਲੋਂ ਕਰਦਾ ਤੇ ਫਲਾਣਾ ਉੱਤੋਂ ਉੱਤੋਂ..ਪਰ ਮੇਰੇ ਵੱਸੋਂ ਬਾਹਰ ਸੀ!
ਜਦੋਂ ਥੋਡੇ ਕੋਲ ਸਾਂ..ਹੋਇਆ ਤੇ ਮੇਰੇ ਨਾਲ ਓਦੋਂ ਵੀ ਬਹੁਤ ਕੁਝ..ਪਰ ਤੁਹਾਥੋਂ ਓਹਲਾ ਰੱਖਿਆ..ਅਖੀਰ ਤੇ ਬੱਸ ਮਨ ਹੀ ਬਣਾ ਲਿਆ..ਹੁਣ ਜੋ ਹੋਊ ਬੱਸ ਵੇਖੀ ਜਾਊ!
ਹੁਣ ਜਿੰਨੀ ਲਿਖਾ ਕੇ ਲਿਆਏ ਓ..ਓਦੋਂ ਤੋਂ ਵੀ ਵੱਧ ਜਿਉਣੀ ਪੈਣੀ..ਇਸਦੀ ਖਾਤਿਰ..ਸੌ ਦੇ ਲਾਗੇ ਚਾਗੇ..ਘੱਟੋ-ਘੱਟ..ਚਾਰੇ ਬੰਨੇ ਨਾ ਗੱਲ ਬਣੀ ਤਾਂ ਦਸਮ ਪਿਤਾ ਦਾ ਓਟ ਆਸਰਾ ਤੇ ਹੀ..!
ਮੇਰੇ ਦੋ ਸ਼ਿਕਾਰੀ..ਮਸੋਸੇ ਜਿਹੇ..ਇਸਨੂੰ ਵੇਖਣਗੇ ਤਾਂ ਜਰੂਰ ਨੱਚਣ ਟੱਪਣਗੇ..ਮੇਰੀ ਖੁਸ਼ਬੂ ਜੂ ਆਉਂਦੀ ਹੋਊ ਇਸਦੇ ਵਿਚੋਂ..ਜਨਵਰ ਛੇਤੀ ਸਿਆਣ ਲੈਂਦਾ..!
ਪਰ ਵਾਰ ਵਾਰ ਆਖਦਾ..ਵਿਸਾਹ ਨਾ ਖਾਇਓ..ਅਵੇਸਲੇ ਵੀ ਨਾ ਹੋਇਓ..ਪਿੱਠ ਪਿੱਛੇ ਵਾਰ ਹੋਣਗੇ..ਓਹਨਾ ਦੀ ਆਦਤ ਏ ਇੰਝ ਕਰਨਾ..ਪਰ ਮੈਂ ਅੱਜ ਖੁਸ਼ ਹਾਂ..ਮੇਰੇ ਪੰਜਾਬ ਦੀ ਹਰ ਨੁੱਕਰ ਮਹਿਕ ਉੱਠੀ..ਭੰਗੜੇ ਪੈ ਰਹੇ..ਗਿੱਧੇ ਬੋਲੀਆਂ ਤੇ ਹੋਰ ਵੀ ਕਿੰਨਾ ਕੁਝ..ਪਰ ਕੁਝ ਖੇਮਿਆਂ ਵਿੱਚ ਸੋਗ ਦੀ ਲਹਿਰ ਵੀ ਹੈ..ਓਹਨਾ ਤੋਂ ਖੁਸ਼ੀ ਜਰੀ ਨੀ ਜਾਂਦੀ..ਇਸਨੂੰ ਹਰ ਸੇਕ ਬਚਾ ਕੇ ਰੱਖਣਾ..ਤੱਤੀਆਂ ਹਵਾਵਾਂ..ਕਿਧਰੇ ਇਸਦੀਆਂ ਕੂਲੀਆਂ ਗੱਲਾਂ ਨੂੰ ਸੇਕ ਹੀ ਨਾ ਦੇਣ..!
ਅਖੀਰ ਵਿਚ..ਖਿਆਲ ਰਖਿਓ..ਆਪਣਾ ਵੀ ਤੇ ਇਸਦਾ..ਆਉਂਦਾ ਜਾਂਦਾ ਰਹਾਂਗਾ..!
ਸਭ ਕੁਝ ਆ ਪਰਚੀ ਤੇ ਲਿਖ ਰੱਖ ਚੱਲਿਆਂ..ਗੁੱਸਾ ਨਾ ਕਰਿਓ..!
ਤੇਰਾ ਓਹੀ ਪੁੱਤ..ਟਿੱਬਿਆਂ ਦਾ ਵਾਸੀ..ਮੂਸੇ ਵਾਲਾ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *