1733 ਜਕਰੀਆ ਖ਼ਾਨ ਨੇ ਲਾਹੌਰ ਤੋਂ ਸਮਝੌਤੇ ਨਵਾਬੀ ਦੀ ਖਿੱਲਤ ਘੱਲੀ..ਸਰਕਾਰੀ ਠੇਕੇਦਾਰ ਭਾਈ ਸੁਬੇਗ ਸਿੰਘ ਨੇ ਏਲਚੀ ਬਣ ਜੰਗਲ ਬੇਲਿਆਂ ਅੰਦਰ ਯੁੱਧ ਲੜਦੇ ਜਥਿਆਂ ਤੀਕਰ ਪਹੁੰਚ ਕੀਤੀ..ਅਗਲਿਆਂ ਸ਼ਰਤਾਂ ਤੇ ਮਨਜੂਰ ਵੀ ਕਰ ਲਈ..!
ਫੇਰ ਜਕਰੀਆ ਮਰ ਗਿਆ ਤੇ ਸੰਨ1746 ਵਿਚ ਪੁੱਤਰ ਯਾਹੀਆ ਖ਼ਾਨ ਤਖ਼ਤ ਤੇ ਬੈਠਿਆ..ਉਸਦਾ ਸਹਾਇਕ ਲੱਖਪਤ ਰਾਏ..ਕੱਟੜ ਵੈਰੀ..ਉਸਨੇ ਸਰਕਾਰੀ ਨੌਕਰੀ ਕਰਦਿਆਂ ਦੀ ਛਾਣ-ਬੀਣ ਕੀਤੀ..ਭਾਈ ਸੁਬੇਗ ਸਿੰਘ ਅਤੇ ਉਸ ਦਾ ਅਠਾਰਾਂ ਵਰ੍ਹਿਆਂ ਦਾ ਪੁੱਤਰ ਸ਼ਾਹਬਾਜ ਸਿੰਘ ਵੱਖ ਕਰ ਲਏ..ਅਖ਼ੇ ਸਰਕਾਰੀ ਭੇਦ ਬਾਗੀਆਂ ਤੀਕਰ ਲੀਕ ਕਰਦੇ..ਪੇਸ਼ਕਸ਼ ਕੀਤੀ ਜਾਂ ਸਿੱਖੀ ਛੱਡ ਏਧਰ ਆ ਜਾਵੋ ਤੇ ਜਾ ਫੇਰ ਮਰਨ ਲਈ ਤਿਆਰ ਰਹੋ..!
ਨਹੀਂ ਮੰਨੇ..ਫੇਰ ਲੱਖਪਤ ਰਾਏ ਮੌਤ ਦੇ ਫੁਰਮਾਨ ਚਾੜ ਦਿੱਤੇ..ਸ਼ਹਿਰ ਦੇ ਕੌੜਾ ਮੱਲ ਵਰਗੇ ਮੋਹਤਬਰਾਂ ਹੀਲੇ ਵਸੀਲੇ ਕੀਤੇ ਪਰ ਨਾ ਮੰਨਿਆ..ਅਖੀਰ ਅੱਜ ਯਾਨੀ 25 March 1746 ਨੂੰ ਚਰਖੜੀ ਤੇ ਬੰਨ ਸ਼ਹੀਦ ਕਰ ਦਿੱਤਾ!
ਜਿਸ ਕੋਲ ਗਵਾਉਣ ਲਈ ਕੁਝ ਨਾ ਹੋਵੇ ਉਸ ਦੀ ਕੁਰਬਾਨੀ ਨੂੰ ਸਿਜਦਾ ਪਰ ਜਿਸ ਕੋਲ ਗਵਾਉਣ ਲਈ ਧਨ ਦੌਲਤ ਰੁਤਬੇ ਪਦਵੀਆਂ ਸ਼ੋਹਰਤਾਂ ਤਨਖਾਹਾਂ ਪੈਨਸ਼ਨਾਂ ਅਤੇ ਹੋਰ ਵੀ ਕਿੰਨਾ ਕੁਝ ਹੋਵੇ ਅਤੇ ਉਹ ਜਦੋਂ ਇਹ ਸਭ ਨੂੰ ਠੋਕਰ ਮਾਰ ਗੁਰੂ ਦੇ ਆਪਣੇ ਅਕੀਦੇ ਸਿਧਾਂਤਾਂ ਤੇ ਕਾਇਮ ਰਹੇ..ਉਸਦੀ ਕੁਰਬਾਨੀ ਅੰਬਰੀ ਚਾੜਨਾ ਹਰੇਕ ਦਾ ਫਰਜ ਏ..!
ਇਤਿਹਾਸ ਖੁਦ ਨੂੰ ਦੁਰਹਾਉਂਦਾ ਏ..ਸਿਰਫ ਕਿਰਦਾਰ ਹੀ ਬਦਲਦਾ..ਅੱਜ ਖੁੰਬਾਂ ਵਾਂਙ ਉੱਠ ਖਲੋਤੇ ਕਿੰਨੇ ਸਾਰੇ ਲੱਖਪਤ ਜਸਪਤ ਰਾਏ ਤੇ ਗੁਰੂ ਦੇ ਅਕੀਦਿਆਂ ਤੇ ਫੁਲ ਚਾੜ ਪਦਵੀਆਂ ਨੂੰ ਠੋਕਰ ਮਾਰ ਚਰਖੜੀਆਂ ਤੇ ਚੜਨ ਵਾਲੇ ਗਿਣੇ ਚੁਣੇ ਰਹਿ ਗਏ ਸਰਕਾਰੀ ਨੌਕਰ..!
ਵਰਨਾ ਹਾਕਮਾਂ ਦੀ ਇੱਕ ਘੁਰਕੀ ਮਗਰੋਂ ਕੋਈ ਆਪਣਿਆਂ ਤੇ ਹੀ ਜਬਰ ਜ਼ੁਲਮ ਦੀ ਚਰਖੜੀ ਇੰਝ ਥੋੜੀ ਘੁਮਾਉਂਦਾ..ਓਹੀ ਆਪਣੇ ਜਿਹਨਾਂ ਕਿਸੇ ਵੇਲੇ ਕੱਸੀਆਂ ਨਹਿਰਾਂ ਟਿਊਬਵੈੱਲਾਂ ਤੇ ਕੋਲ ਬਿਠਾ-ਬਿਠਾ ਫੁਲਕਾ ਛਕਾਇਆ ਹੋਵੇ ਤੇ ਨਾਲ ਨਾਲ ਪੱਖੀਆਂ ਵੀ ਝੱਲੀਆਂ ਹੋਣ!
ਹਰਪ੍ਰੀਤ ਸਿੰਘ ਜਵੰਦਾ