“ਅਸੀਂ ਤੁਹਾਡੇ ਪਿਛਲੀ ਗਲੀ ਵਿੱਚ ਰਹਿੰਦੇ ਹਾਂ।” ਅੱਜ ਸਵੇਰੇ ਜਦੋਂ ਮੈਂ ਆਪਣੇ ਗੇਟ ਤੇ ਮੂਹਰੇ ਖੜਾ ਸੀ ਤਾਂ ਲੰਘ ਰਹੇ ਆਦਮੀ ਨੇ ਰਾਮ ਰਾਮ ਬੁਲਾਉਣ ਤੋਂ ਬਾਦ ਮੈਨੂੰ ਕਿਹਾ। ਉਸਨੇ ਦੱਸਿਆ ਕਿ ਉਹ ਨੇੜਲੇ ਮਹਾਂਨਗਰ ਦਾ ਨਿਵਾਸੀ ਹੈ ਤੇ ਉਸਦੀ ਇਕਲੌਤੀ ਬੇਟੀ ਇਥੇ ਮੈਡੀਕਲ ਕਾਲਜ ਵਿੱਚ ਡਾਕਟਰੀ ਕਰਦੀ ਹੈ। ਇਸ ਲਈ ਉਹ ਜਮੀਨ ਠੇਕੇ ਤੇ ਦੇਕੇ ਆਪਣੀ ਬੇਟੀ ਦੇ ਭਵਿੱਖ ਖਾਤਿਰ ਇੱਥੇ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਜੱਜ ਮੇਰਾ ਦੋਸਤ ਹੈ ਉਸਦੇ ਵੀ ਇੱਕੋ ਲੜਕੀ ਹੈ ਤੇ ਉਹ ਜਿੰਦਗੀ ਤੋੰ ਪੂਰਾ ਸੰਤੁਸ਼ਟ ਹੈ। ਨਾਮੀ ਕੋਚਿੰਗ ਸੈਂਟਰ ਚਲਾਉਣ ਵਾਲੇ ਮੇਰੇ ਇੱਕ ਅਜ਼ੀਜ ਦੇ ਵੀ ਇੱਕੋ ਬੇਟੀ ਹੈ। “ਇਸ ਤੋਂ ਅੱਗੇ ਕੁੱਛ ਅਸੀਂ ਕਦੇ ਸੋਚਿਆ ਹੀ ਨਹੀਂ।” ਉਹ ਅਕਸਰ ਕਹਿਂਦਾ ਹੈ। ਮੇਰੇ ਮਿੱਤਰ ਅਤੇ ਅਜ਼ੀਜ ਇੱਕ ਐਮ ਐਸ ਡਾਕਟਰ ਦੇ ਦੋ ਬੇਟੀਆਂ ਹਨ ਜੋ ਉਸਨੇ ਪਰਮਾਤਮਾ ਤੋਂ ਮੰਗਕੇ ਲਈਆਂ ਹਨ। ਫਿਰ ਉਸਨੇ ਕਦੇ ਪ੍ਰਮਾਤਮਾ ਕੋਲ੍ਹ ਪਹੁੰਚ ਕੁਝ ਹੋਰ ਪਾਉਣ ਦੀ ਪਹੁੰਚ ਹੀ ਨਹੀਂ ਕੀਤੀ।
ਲੋਕਾਂ ਨੇ ਪੁੱਤਰ ਅਤੇ ਧੀ ਦੋਹਾਂ ਨੂੰ ਪਰਖ ਲਿਆ। ਫਰਕ ਅੱਖੀਂ ਵੇਖ ਲਿਆ। ਹੁਣ ਉਹ ਜਮਾਨੇ ਲੱਦ ਗਏ ਜਦੋ ਲੋਕ ਇੱਕ ਪੁੱਤਰ ਖਾਤਿਰ ਧੀਆਂ ਦੀ ਲਾਈਨ ਲਗਾ ਦਿੰਦੇ ਸਨ। ਯ ਜੋੜੀ ਬਣਾਉਣ ਦੇ ਚੱਕਰ ਵਿੱਚ ਰਾਸ਼ਨ ਕਾਰਡ ਦਾ ਅੱਧਾ ਪੰਨਾ ਭਰ ਦਿੰਦੇ ਸਨ। ਲੋਕ ਸੱਚ ਸਮਝ ਗਏ ਹਨ ਤੇ ਸਮਝਦਾਰ ਹੋ ਗਏ ਹਨ। ਔਲਾਦ ਨੇਕ ਹੋਣੀ ਚਾਹੀਦੀ ਹੈ। ਬੇਟਾ ਕੀ ਤੇ ਬੇਟੀ ਕੀ।
ਨਵਰਾਤਰਿਆਂ ਵਿੱਚ ਅਸੀਂ ਕੰਨਿਆ ਪੂਜਣ ਕਰਦੇ ਹਾਂ। ਪਰ ਘਰ ਦੀ ਕੰਨਿਆ ਧੀ ਭੈਣ ਭੂਆ ਨੂੰ ਅਣਡਿੱਠ ਕਰਦੇ ਹਾਂ।ਇਹ ਕਿੰਨਾ ਕੁ ਸਹੀ ਹੈ।
ਧੀਆਂ ਦਾ ਸਨਮਾਨ ਕਰਨ ਵਾਲੇ ਅਤੇ ਧੀ ਦੀ ਲਾਲਸਾ ਰੱਖਣ ਵਾਲੇ ਹੀ ਨਵਰਾਤਰੇਂ ਪੂਜਣ ਦੇ ਅਸਲੀ ਹੱਕਦਾਰ ਹੁੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ