ਏਧਰ ਆਏ ਨੂੰ ਪੰਜ ਕੂ ਵਰੇ ਹੀ ਹੋਏ ਸਨ..ਨਵਾਂ ਟਰੱਕ ਲਿਆ..ਕੇਰਾਂ ਸਟੋਰ ਜਾਣਾ ਪੈ ਗਿਆ..ਗੇਟ ਤੇ ਇੱਕ ਮੂਲ ਨਿਵਾਸੀ ਵੀਰ ਟੱਕਰ ਗਿਆ..ਨਸ਼ੇ ਦੀ ਤੋਟ ਕਾਰਨ ਸ਼ਾਇਦ ਕੰਬ ਵੀ ਰਿਹਾ ਸੀ..ਮੇਰੇ ਖਲੋਤੇ ਟਰੱਕ ਵੱਲ ਨਜਰ ਮਾਰੀ..ਆਲੇ ਦਵਾਲੇ ਇੱਕ ਗੇੜਾ ਦਿੱਤਾ ਫੇਰ ਆਖਣ ਲੱਗਾ..ਤੇਰਾ ਟਰੱਕ ਸੋਹਣਾ ਏ..ਹੋਵੇਗਾ ਵੀ ਮਹਿੰਗਾ..ਪਰ ਤੈਨੂੰ ਇਹ ਗੱਲ ਨਹੀਂ ਭੁੱਲਣੀਂ ਚਾਹੀਦੀ ਕੇ ਤੂੰ ਇਸਨੂੰ ਚਲਾ ਮੇਰੀ ਧਰਤੀ ਤੇ ਰਿਹਾਂ..ਮੇਰੇ ਪੁਰਖਿਆਂ ਦੀ ਧਰਤੀ ਤੇ!
ਮੈਨੂੰ ਇਸ ਤਰਾਂ ਦੀ ਕੋਈ ਤਵੱਕੋ ਨਹੀਂ ਸੀ..ਕੋਈ ਜਵਾਬ ਨਾ ਅਹੁੜਿਆ..ਬਿਨਾ ਕੁਝ ਆਖੇ ਹੀ ਓਥੋਂ ਚਲਾ ਗਿਆ!
ਸਬੱਬੀਂ ਕੁਝ ਘੰਟਿਆਂ ਬਾਅਦ ਫੇਰ ਓਧਰ ਨੂੰ ਜਾਣਾ ਪੈ ਗਿਆ..ਇਸ ਵੇਰ ਓਹੀ ਮੂਲ-ਨਿਵਾਸੀ ਵੀਰ ਬੇਸੁੱਧ ਪਿਆ ਸੀ..ਮੂੰਹ ਤੇ ਮੱਖੀਆਂ..ਆਉਦੇ ਜਾਂਦੇ ਵੱਲ ਹੱਥ ਅੱਡਦਾ ਹੋਇਆ..!
ਹੁਣ ਉਸ ਨੂੰ ਨਾ ਤੇ ਮੈਂ ਦਿਸਿਆ ਤੇ ਨਾ ਹੀ ਮੇਰਾ ਟਰੱਕ..ਪੁਰਖੇ ਅਤੇ ਪੁਰਖਿਆਂ ਦੀ ਧਰਤੀ ਵੀ ਵਿੱਸਰ ਗਈ ਹੋਣੀ..ਅੰਦਰੋਂ ਅੰਦਰੀ ਵੱਢ-ਵੱਢ ਖਾਂਦਾ ਹੱਡੀਂ ਰਚਿਆ ਨਸ਼ਾ ਅਤੇ ਉਸਦੀ ਤੋਟ ਹੀ ਯਾਦ ਸੀ!
ਪੰਜਾਬ ਦੀ ਇੱਕ ਮਾਂ..ਰਿਪੋਰਟਰਾਂ ਨੂੰ ਦੱਸ ਰਹੀ ਸੀ..ਮੇਰਾ ਪੁੱਤ ਨਸ਼ੇ ਕਰਦਾ ਸੀ..ਅਗਲੇ ਘਰੇ ਦੇ ਕੇ ਜਾਂਦੇ..ਰੋਜ ਕੁੱਟਮਾਰ ਅਤੇ ਬੋਲ ਬੁਲਾਰਾ..ਗੰਦੀਆਂ ਗਾਹਲਾਂ..ਪੁਲਸ ਨੂੰ ਫੋਨ ਕੀਤਾ ਇਹਨੂੰ ਲੈ ਜਾਵੋ..ਅੰਦਰ ਡੱਕੋ..ਜਿਉਂਣ ਦੁੱਭਰ ਕੀਤਾ..ਕੋਈ ਨਹੀਂ ਆਇਆ!
ਗੁਰੂ ਵਾਲਾ ਬਣ ਸਭ ਕੁਝ ਛੱਡ ਛੱਡਾ ਗਿਆ..ਇੱਕ ਦਿਨ ਪੁਲਸ ਦੀ ਵੱਡੀ ਧਾੜ ਆਈ ਤੇ ਬਾਹਵਾਂ ਬੰਨ ਲੈ ਗਈ..ਅਖੇ ਮੁਲਖ ਵਿਰੋਧੀ ਏ..!
ਸੋ ਨਸ਼ੇ ਖਾ ਕੇ ਪਏ ਰਹੋ..ਕੋਈ ਕੁਝ ਨਾ ਆਖੂੰ..ਜਿਸ ਦਿਨ ਗੁਰੂ ਵਾਲੇ ਬਣ ਅਨੰਦਪੁਰ ਅਤੇ ਪੁਰਖੇ ਅਤੇ ਪੁਰਖਿਆਂ ਦੀ ਧਰਤੀ ਚੇਤੇ ਆਗੀ..ਸਮਝੋ ਗਿਣੇ ਚੁਣੇ ਦਿਨ ਹੀ ਬਾਕੀ ਰਹਿ ਗਏ ਨੇ!
ਹਰਪ੍ਰੀਤ ਸਿੰਘ ਜਵੰਦਾ