ਸਾਨੂੰ ਸ਼ਹਿਰ ਆਇਆ ਨੂੰ ਅਜੇ ਕੁਝ ਹੀ ਸਾਲ ਹੋਏ ਸਨ। ਪਰ ਸਾਡੀ ਰਹਿਣੀ ਸਹਿਣੀ ਖਾਣਪੀਣ ਸਭ ਪੈਂਡੂ ਹੀ ਸੀ। ਅਸੀਂ ਘਰੇ ਦੇਸੀ ਸਬਜ਼ੀਆਂ ਟਿੰਡੀਆਂ ਭਿੰਡੀਆਂ ਕੱਦੂ ਪੇਠਾ ਬੇਂਗੁਣ ਹੀ ਬਣਾਉਂਦੇ ਸੀ। ਆਲੂ ਮਟਰ ਆਲੂ ਗੋਭੀ ਵਰਗੀਆਂ ਮਹਿੰਗੀਆਂ ਸਬਜ਼ੀਆਂ ਬਣਾਉਣ ਤੋਂ ਅਕਸਰ ਹੀ ਗੁਰੇਜ਼ ਕਰਦੇ ਸੀ। ਸਾਡੇ ਘਰ ਦੇ ਨੇੜੇ ਮੇਰੀ ਮਾਸੀ ਦੀ ਕੋਠੀ ਸੀ ਉਹ ਬਹੁਤ ਧਨਾਢ ਸਨ। ਉਹਨਾਂ ਦੇ ਆਪਣੇ ਸਿਨੇਮੇ ਪੈਟਰੋਲ ਪੰਪ ਕਾਟਨ ਮਿੱਲ ਅਤੇ ਕੱਚੀ ਪੱਕੀ ਆੜਤ ਦਾ ਕੰਮ ਸੀ। ਮੇਰੀ ਮਾਸੀ ਨੇ ਮੇਰੀ ਮਾਂ ਵਾਂਗੂ ਪਹਿਲਾਂ ਬਹੁਤ ਗਰੀਬੀ ਵੇਖੀ ਸੀ। ਮਾਸੀ ਦਾ ਸੁਭਾਅ ਓਵੇਂ ਹੀ ਸੀ। ਉਸ ਵਿੱਚ ਅਮੀਰਾਂ ਵਾਲੇ ਨਖਰੇ ਨਹੀਂ ਸਨ।
ਇੱਕ ਦਿਨ ਮੇਰੀ ਮਾਸੀ ਆਪਣੀ ਫਾਜ਼ਿਲਕਾ ਵਾਲੀ ਨੂੰਹ ਨਾਲ ਸਾਡੇ ਘਰੇ ਆਈ। ਮਾਸੀ ਜੀ ਜਦੋ ਵੀ ਆਉਂਦੀ ਸਰਫੋਸ ਚੋ ਆਪੇ ਹੀ ਰੋਟੀ ਕੱਢਕੇ ਖਾ ਲੈਂਦੀ ਸੀ।
“ਮਾਸੀ ਕੀ ਸਬਜ਼ੀ ਬਣਾਈ ਹੈ ਅੱਜ।” ਮਾਸੀ ਦੀ ਨੂੰਹ ਨੇ ਮੇਰੀ ਮਾਂ ਨੂੰ ਪੁੱਛਿਆ।
ਮੇਰੀ ਮਾਂ ਕੁਝ ਨਾ ਬੋਲ਼ੀ। ਕਿਉਂਕਿ ਅਸੀਂ ਉਸਦਿਨ ਆਲੂ ਬੇਗਨੀ ਦੀ ਰਸੇਦਾਰ ਸਬਜ਼ੀ ਬਣਾਈ ਸੀ। ਤੇ ਮੇਰੀ ਮਾਂ ਨੂੰ ਇਹ ਦਸਦੀ ਨੂੰ ਸ਼ਰਮ ਜਿਹੀ ਆਉਂਦੀ ਸੀ। ਕਿਉਂਕਿ ਅਮੀਰ ਲੋਕ ਆਲੂ ਬੇਗਨੀ ਨੂੰ ਪਸੰਦ ਨਹੀਂ ਕਰਦੇ ਸਨ। ਮਾਸੀ ਦੀ ਨੂੰਹ ਨੇ ਆਪੇ ਹੀ ਸਬਜ਼ੀ ਕੌਲੀ ਵਿੱਚ ਪਾ ਲਈ ਅਤੇ ਰੋਟੀ ਚੁੱਕਕੇ ਖਾਣ ਲੱਗੀ।
“ਮਾਸੀ ਸਬਜ਼ੀ ਬਹੁਤ ਸਵਾਦ ਹੈ। ਮੰਮੀ ਨੇ ਇਹ ਕਦੇ ਨਹੀਂ ਬਣਾਈ। ਮੈਨੂੰ ਇੱਕ ਕੌਲੀ ਸਬਜ਼ੀ ਦੀ ਹੋਰ ਪਾ ਦਿਓ। ਮੈਂ ਘਰੇ ਲਿਜਾਣੀ ਹੈ।” ਉਸਨੇ ਬੜੇ ਚਾਅ ਨਾਲ ਕਿਹਾ। ਤੇ ਸੱਚੀ ਉਹ ਜਾਂਦੀ ਹੋਈ ਸਬਜ਼ੀ ਨਾਲ ਵੀ ਲੈ ਗਈ। ਮੇਰੀ ਮਾਂ ਬਹੁਤ ਖੁਸ਼ ਹੋਈ। ਕਿ ਬਹੂ ਦੇ ਮੇਰੀ ਬਣੀ ਸਬਜ਼ੀ ਪਸੰਦ ਆਈ। ਵਾਕਿਆ ਹੀ ਮੇਰੀ ਮਾਂ ਸਬਜ਼ੀ ਬਹੁਤ ਸਵਾਦ ਬਣਾਉਂਦੀ ਸੀ। ਅੱਜ ਜਦੋਂ ਜੁਆਕਾਂ ਦੀ ਮਾਂ ਦੁਆਰਾ ਬਣਾਈ ਆਲੂ ਬੇਂਗੁਣ ਦੀ ਸਵਾਦੀ ਸਬਜ਼ੀ ਨਾਲ ਰੋਟੀ ਖਾਧੀ ਤਾਂ ਮਾਸੀ ਵਾਲੀ ਗੱਲ ਯਾਦ ਆ ਗਈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।