ਨਾ ਵੇ ਰੱਬਾ ਨਾ | na ve rabba na

ਅਖੀਰ ਊਠ ਪਹਾੜ ਹੇਠ ਆ ਹੀ ਗਿਆ..ਹਾਲਾਂਕਿ ਫਰੈਂਡਲੀ ਮੈਚ ਦੀ ਅਵਾਜ ਵੀ ਪੈਂਦੀ..ਖੈਰ ਮੁੱਕਦੀ ਗੱਲ..ਵਾਰੀ ਹਰੇਕ ਦੀ ਆਉਣੀ ਹੀ ਆਉਣੀ..ਅੱਗੋਂ ਜਾ ਪਿੱਛੋਂ..!
ਕੁੱਕੜ ਰੰਗ ਬਿਰੰਗੇ ਬਾਂਗਾਂ ਇੱਕੋ ਜਿਹੀਆਂ..ਨੁਕਰੇ ਕਾਲੇ ਚਿੱਟੇ ਵਾਗਾਂ ਇੱਕੋ ਜਿਹੀਆਂ..ਓਹੀ ਰਾਮ ਰੌਲਾ..ਕਨੂੰਨ ਦਾ ਦੁਰਉਪਯੋਗ ਹੋਇਆ..ਆਪਣੀ ਵਾਰੀ ਘੱਟ ਕੋਈ ਵੀ ਨੀ ਕਰਦਾ..ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ..ਜਿਸਦਾ ਦਾਅ ਲੱਗਿਆ ਲਾਈ ਗਿਆ..!
ਹੁਣ ਜਿੰਨੇ ਮਰਜੀ ਵਿਸ਼ਲੇਸ਼ਣ..ਟਿੱਪਣੀਆਂ..ਬਿਆਨ..ਅਨੇਲਸਿਸ..ਧਰਨੇ ਵਿਖਾਵੇ ਪੜਚੋਲਾਂ..ਪਰ ਅਗਲੇ ਇੱਕੋ ਏਜੰਡਾ ਲੈ ਕੇ ਨੱਕ ਦੇ ਸੇਧੇ ਤੁਰੇ ਜਾਂਦੇ..ਇੱਕ ਪਾਰਟੀ..ਇੱਕ ਮੁਲਖ..ਇੱਕ ਕਨੂੰਨ..ਇੱਕ ਆਸਥਾ..ਫੇਰ ਸਾਰੇ ਘੇਰ ਕੇ ਲਿਆਉਣੇ ਓਸੇ ਆਸਥਾ ਦੀ ਛਤਰੀ ਹੇਠ..ਜਿਹੜਾ ਨਾਂਹ ਨੁੱਕਰ ਕਰਦਾ ਉਹ ਗੱਦਾਰ..ਪਰ ਜਿਸਦਾ ਪੈਰ ਮਿੱਧਿਆ ਜਾਂਦਾ ਚੀਖਦਾ ਓਹੀ ਏ..ਕਸਾਈ ਦੇ ਆਲੇ ਵਿਚ ਡੱਕੇ ਹੋਏ ਕੁੱਕੜ ਵਾਂਙ..ਨਾਲਦਾ ਫੜ ਕੇ ਸਾਮਣੇ ਜਿਬਾਹ ਕਰ ਦਿੱਤਾ ਗਿਆ ਕੋਈ ਪ੍ਰਵਾਹ ਨਹੀਂ..ਮੈਂ ਤੇ ਬਚ ਗਿਆ..!
ਜੱਗੀ ਜੋਹਲ..ਡਿਬ੍ਰੂਗੜ..ਬਰਗਾੜੀ..ਬੇਅਦਬੀਆਂ ਤਾਂ ਆਟੇ ਵਿਚ ਲੂਣ ਬਰੋਬਰ..ਬੇਅਦਬੀਆਂ ਦਾ ਇਨਸਾਫ ਤੇ ਮਜਾਕ ਬਣਾ ਧਰਿਆ..ਹੇਠ ਉੱਤੇ ਏਨੀਆਂ ਕੂ ਕਰਵਾ ਦਿਓ ਕੇ ਹਮਾਤੜ ਪਹਿਲੀ ਬਾਰੇ ਪੁੱਛਣੋਂ ਹੀ ਹਟ ਜਾਵਣ..ਬੱਤੀ ਬੱਤੀ ਸਾਲ ਹੋ ਗਏ ਅੰਦਰ ਕੀਤਿਆਂ ਨੂੰ..ਅਜੇ ਮੂਡ ਨਹੀਂ..ਅਸਾਂ ਨੀ ਛੱਡਣਾ..ਜਾਓ ਜੋ ਮਰਜੀ ਕਰ ਲਵੋ..ਰੱਖੇ ਕਿਸ ਕਨੂੰਨ ਅੰਦਰ..ਇਹ ਪੁੱਛਣ ਦਾ ਹੱਕ ਵੀ ਨਹੀਂ ਥੋਡੇ ਕੋਲ..ਕੋਈ ਵਾਲੀ ਵਾਰਿਸ ਹੈ ਹੀ ਨਹੀਂ..!
ਸੱਪ ਡੱਡੂ ਦੀ ਯਾਰੀ..ਸੱਪ ਦੀ ਪਿੱਠ ਤੇ ਲਮੇਰੀ ਸੈਰ ਤੇ ਨਾਲੇ ਭਰਾ ਮਾਰ..ਨਾਲਦੇ ਡੱਡੂ ਖੁਵਾਈ ਗਿਆ ਜਦੋਂ ਸਾਰੇ ਮੁੱਕ ਗਏ ਤਾਂ ਅਗਲੇ ਨੇ ਪਿੱਠ ਤੇ ਚੜਾਏ ਨੂੰ ਫੜ ਲਿਆ..ਅੱਗੋਂ ਆਖਣ ਲੱਗਾ ਮੈਂ ਤੇ ਤੇਰਾ ਯਾਰ ..ਤੇਰਾ ਵੀਰ..ਮੈਨੂੰ ਤੇ ਛੱਡ ਦੇ..ਕਹਿੰਦਾ ਭਾਈ ਮੈਨੂੰ ਵੀ ਢਿਡ੍ਹ ਲੱਗਾ..ਜਾਂ ਕੋਈ ਹੋਰ ਲਿਆਦੇ ਤੇ ਜਾਂ ਫੇਰ ਖੁਦ ਤਿਆਰ ਰਹਿ..ਕੈਟਾਂ ਮੁਖਬਰਾਂ ਦਾ ਵੀ ਅੰਤ ਨੂੰ ਇਹੋ ਹਸ਼ਰ ਹੁੰਦਾ ਸੀ!
ਘੋੜਾ ਘਾਹ ਨਾਲ ਯਾਰੀ ਪਾਊ ਤੇ ਖਾਊਂਗਾ ਕੀ..ਬਿੱਲੀ ਦੇ ਪੈਰ ਸੜਨ ਲੱਗੇ ਤਾਂ ਆਪਣੇ ਬਲੂੰਗੜੇ ਹੀ ਪੈਰਾਂ ਹੇਠ ਲੈ ਲਏ..!
ਖੈਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣਗੀਆਂ ਤਾਂ ਪਤਾ ਲੱਗੂ ਕੇ ਪੱਗਾਂ ਵਾਲੇ ਸਹੀ ਕਲੱਪਦੇ ਸਨ..ਪਤਾ ਤੇ ਖੈਰ ਪਹਿਲੋਂ ਵੀ ਹੈ..ਸਭ ਨੂੰ..ਪਰ ਪੱਗਾਂ ਵਾਲਿਆਂ ਨੂੰ ਕੁੱਟਣ ਨੱਪਣ ਬਦਨਾਮ ਕਰਨ ਦੀ ਵਾਰੀ ਸਭ ਧਿਰਾਂ ਇਕੱਠੀਆਂ..ਕਾਮਰੇਡ ਵੀ ਸੱਤ ਕੰਮ ਛੱਡ ਕੇ ਖਰਬੂਜੇ ਨੂੰ ਹੀ ਭੰਡਣ ਲੱਗ ਜਾਂਦੇ..ਏਹੀ ਛੁਰੀ ਤੇ ਡਿੱਗਿਆ ਤਾਂ ਹੀ ਵੱਢਿਆ ਗਿਆ..!
ਬਾਦਸ਼ਾਹ ਦਾ ਹੁਕਮ ਸੀ..ਸ਼ਹਿਰ ਨੂੰ ਸਵਾਹ ਹੁੰਦਾ ਵੇਖਣਾ..ਕੌਲੀ ਚੱਟ ਕਵੀ ਜਨ ਕਵਿਤਾਵਾਂ ਬਣਾਉਣ ਲੱਗੇ..ਜਹਾਂ ਪਨਾਹ ਦਾ ਹੁਕਮ ਸਿਰ ਮੱਥੇ..ਸ਼ਹਿਰਾਂ ਦਾ ਕੀ ਏ..ਹੋਰ ਬਥੇਰੇ..!
ਦਹਾਕਿਆਂ ਤੋਂ ਚੱਲਦਾ ਆ ਰਿਹਾ ਓਹੀ ਵਰਤਾਰਾ..ਸਾਮਣੇ ਬੈਠਾ ਮਾੜਾ ਲੱਗਦਾ..ਬਾਹਰ ਬੈਠਾ ਚੰਗਾ..ਜਦੋਂ ਵਾਰੀ ਬਦਲ ਬਾਹਰ ਵਾਲਾ ਤਖ਼ਤ ਤੇ ਆਣ ਬਹਿੰਦਾ..ਫੇਰ ਓਹੀ ਦੂਣ-ਸਵਾਇਆ ਹੋ ਕੇ ਟੱਕਰਦਾ ਤਾਂ ਮਨ ਵਿਚ ਰੱਬ ਨਾਲ ਗਿਲੇ ਸ਼ਿਕਵੇ ਉੱਭਰ ਆਉਂਦੇ..”ਉੱਜੜ ਗਿਆਂ ਦਾ ਦੇਸ਼ ਨਾ ਕੋਈ..ਮਰਿਆਂ ਦੀ ਨਾ ਥਾਂ..ਨਾ ਵੇ ਰੱਬਾ ਨਾ..ਨਾ ਵੇ ਰੱਬਾ ਨਾ”!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *