ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..!
ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ..
ਤਾਈ ਦੀ ਬੜੀ ਅਜੀਬ ਆਦਤ ਸੀ..
ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ ਬਾਹਰ ਨਿੱਕਲ ਕਿੰਨੀਆਂ ਸਾਰੀਆਂ ਵਗਾਰਾਂ ਪਾ ਦਿਆ ਕਰਦੀ..ਵੇ ਪੁੱਤ ਆ ਬਿਜਲੀ ਦਾ ਬਿੱਲ..ਆ ਪਾਣੀ ਦਾ ਬਿੱਲ..ਆ ਥੋੜੀ ਸਬਜੀ..ਆ ਤੇਰੇ ਅੰਕਲ ਦੀ ਦਵਾਈ..ਵਗੈਰਾ ਵਗੈਰਾ!
ਮੈਂ ਅਕਸਰ ਸੋਚਦਾ ਕੇ ਆਪਣਾ ਤੇ ਬਾਹਰ ਘੱਲ ਦਿੱਤਾ ਤੇ ਬਾਕੀ ਦੁਨੀਆ ਨੂੰ ਹੁਣ ਨੌਕਰ ਸਮਝਣ ਲੱਗ ਪਏ ਨੇ..!
ਏਨੀ ਗੱਲ ਸੋਚਦਾ ਅਜੇ ਪੱਕੀ ਸੜਕ ਤੇ ਚੜ੍ਹਨ ਹੀ ਲੱਗਾਂ ਸਾਂ ਕੇ ਅੱਗੋਂ ਭਾਰੀ ਜਿਹਾ ਝੋਲਾ ਧੂੰਹਦੀਂ ਤੁਰੀ ਆਉਂਦੀ ਤਾਈ ਦਿਸ ਪਈ..
ਮੁੜਕੋ-ਮੁੜ੍ਹਕੀ ਹੋਈ ਹਾਲੋਂ ਬੇਹਾਲ..
ਮੈਂ ਕੋਲ ਜਾ ਬ੍ਰੇਕ ਮਾਰ ਲਈ..ਆਖਿਆ ਤਾਈ ਜੀ ਰਿਕਸ਼ਾ ਕਰ ਲੈਣਾ ਸੀ..ਏਨੀ ਗਰਮੀਂ ਤੇ ਉੱਤੋਂ ਆਹ ਹਾਲ ਬਣਾਇਆ ਹੋਇਆ!
ਚੁੰਨੀ ਦੀ ਨੁੱਕਰ ਨਾਲ ਮੁੜਕਾ ਪੂੰਝਦੀ ਆਖਣ ਲੱਗੀ..”ਪੁੱਤ ਪੈਸੇ ਜਿਆਦਾ ਮੰਗਦਾ ਸੀ..ਇਸੇ ਲਈ ਹੀ”
ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਉਸਦਾ ਝੋਲਾ ਵਿਚਕਾਰ ਰੱਖ ਲਿਆ ਤੇ ਉਸਨੂੰ ਮਗਰ ਬਿਠਾ ਛੇਤੀ ਨਾਲ ਕਿੱਕ ਮਾਰ ਲਈ..!
ਘਰ ਪਹੁੰਚ ਝੋਲਾ ਅੰਦਰ ਛੱਡਣ ਗਿਆ ਤਾਂ ਕੁਰਸੀ ਤੇ ਬੈਠਾ ਹੋਇਆ ਅੰਕਲ ਜੀ ਸ਼ਾਇਦ ਆਪਣੇ ਮੁੰਡੇ ਨੂੰ ਫੋਨ ਤੇ ਆਖ ਰਿਹਾ ਸੀ ਕੇ ਪੁੱਤ ਸਿਹਤ ਢਿੱਲੀ ਰਹਿੰਦੀ ਏ..ਤੇਰੀ ਮਾਂ ਕੋਲੋਂ ਹੁਣ ਕੰਮ ਨੀ ਹੁੰਦਾ..ਲਾਗੇ ਚਾਗੇ ਗਲੀ ਗੁਆਂਢ ਵੀ ਨਜਰਾਂ ਮਿਲਾਉਣ ਤੋਂ ਬਚਣ ਲੱਗਾ ਏ..ਸਮਝ ਨੀ ਆਉਂਦੀ ਕੀ ਕੀਤਾ ਜਾਵੇ?
ਮੈਨੂੰ ਅੰਕਲ ਦੀ ਹੁੰਦੀ ਗੱਲਬਾਤ ਸੁਣ ਆਪਣੀ ਸੋਚ ਤੇ ਬੜੀ ਸ਼ਰਮ ਆਈ..!
ਏਨੇ ਨੂੰ ਅੰਕਲ ਜੀ ਹੈਲੋ-ਹੈਲੋ ਕਰਦੇ ਫੋਨ ਦੇ ਰਿਸੀਵਰ ਵੱਲ ਵੇਖਣ ਲੱਗ ਪਏ..
ਸ਼ਾਇਦ ਉਹ ਅੱਗੋਂ ਪੂਰੀ ਗੱਲ ਸੁਣੇ ਬਗੈਰ ਹੀ ਗੱਲ ਕੱਟ ਗਿਆ ਸੀ!
ਮੈਨੂੰ ਕੋਲ ਵੇਖ ਓਹਨਾ ਕੁਰਸੀ ਦੂਜੇ ਪਾਸੇ ਘੁਮਾਂ ਲਈ ਤੇ ਗਿੱਲੀਆਂ ਹੋ ਗਈਆਂ ਅੱਖੀਆਂ ਪੂੰਝਣ ਲੱਗ ਪਏ..!
ਤਾਈ ਨੇ ਏਨੀ ਗੱਲ ਆਖਦਿਆਂ ਓਹਨਾ ਦੇ ਹੱਥੋਂ ਫੋਨ ਫੜ ਲਿਆ ਕੇ “ਕਾਹਨੂੰ ਦਿਲ ਹੌਲਾ ਕਰਦੇ ਓ ਮੈਂ ਹੈਗੀ ਆਂ ਨਾ..ਖਿੱਚ ਧੂ ਕੇ ਲਿਆ ਦਿਆ ਕਰਾਂਗੀ ਤੁਹਾਡੀ ਦਵਾਈ..ਏਨੀ ਹਿੰਮਤ ਹੈ ਅਜੇ ਮੇਰੇ ਵਿਚ”
ਹੁਣ ਮੇਰੇ ਕਾਲਜੇ ਵਿਚ ਸੱਚਮੁੱਚ ਹੀ ਇੱਕ ਤਿੱਖੀ ਚੀਸ ਜਿਹੀ ਉਠੀ..
ਅਗਲੇ ਹੀ ਪਲ ਮੈਂ ਤਾਈ ਜੀ ਹੱਥੋਂ ਏਨੀ ਗੱਲ ਆਖਦਿਆਂ ਦਵਾਈ ਵਾਲੀ ਪਰਚੀ ਫੜ ਲਈ ਕੇ “ਤਾਈ ਜੀ ਮੁਆਫ ਕਰਿਆ ਜੇ..ਮੈਨੂੰ ਨਹੀਂ ਸੀ ਪਤਾ ਕੇ ਅੰਕਲ ਜੀ ਏਨਾ ਬਿਮਾਰ ਰਹਿੰਦੇ ਨੇ..ਕੋਈ ਕੰਮ ਹੋਵੇ..ਬਿਨਾ ਝਿਜਕ ਅੱਧੀ ਰਾਤ ਵਾਜ ਮਾਰ ਲਿਓ..ਜਰੂਰ ਆਵਾਂਗਾ”
ਆਖਣ ਲੱਗੀ “ਵੇ ਪੁੱਤਰ ਜਦੋਂ ਢਿਡੋਂ ਜਨਮੇਂ ਨੂੰ ਕੋਈ ਪ੍ਰਵਾਹ ਨੀ ਫੇਰ ਤੂੰ ਕਿਓਂ ਮਾਫ਼ੀਆਂ ਮੰਗੀ ਜਾਨਾ ਏਂ..”
ਕਿਓੰਕੇ ਤਾਈ ਜੀ ਤੁਸਾਂ ਮੈਨੂੰ ਵੀ ਤੇ ਹੁਣੇ-ਹੁਣੇ ਆਪਣਾ ਪੁੱਤ ਆਖਿਆ ਏ..
ਤਾਈ ਨੇ ਅਗਲੇ ਹੀ ਪਲ ਛੇਤੀ ਨਾਲ ਮੇਰਾ ਮੱਥਾ ਚੁੰਮ ਇਸ ਨਵੇਂ ਰਿਸ਼ਤੇ ਤੇ ਸਦੀਵੀਂ ਮੋਹਰ ਲਾ ਦਿੱਤੀ..!
ਹਰਪ੍ਰੀਤ ਸਿੰਘ ਜਵੰਦਾ