“ਹੈਲੋ ਸਰ ਜੀ। ਮੈਂ ਬੇਅੰਤ ਬੋਲ ਰਿਹਾ ਹਾਂ।”
“ਹਾਂਜੀ ਹਾਂਜੀ ਤੁਹਾਡਾ ਨੰਬਰ ਮੇਰੇ ਕੋਲ ਸੇਵ ਹੈ।” ਕੱਲ੍ਹ ਸ਼ਾਮੀ ਜਦੋ ਮੈ ਪਰਿਵਾਰ ਵਿੱਚ ਬੈਠਾ ਸੀ ਤੇ ਕੁਝ ਮਹਿਮਾਨ ਵੀ ਆਏ ਸਨ। ਬੇਅੰਤ ਦਾ ਫੋਨ ਆ ਗਿਆ।
“ਸਰ ਜੀ ਮੇਰੇ ਘਰ ਬਾਈ ਫਰਬਰੀ ਨੂੰ ਤੀਸਰੀ ਬੇਟੀ ਹੋਈ ਹੈ। ਬਹੁਤ ਪਿਆਰੀ ਹੈ। ਮੈਂ ਤੇ ਮੇਰੇ ਘਰ ਵਾਲੀ ਡਾਢੇ ਖੁਸ਼ ਹਾਂ। ਪਰ ਪਰ……..।” ਉਸ ਦਾ ਗਲਾ ਭਰ ਆਇਆ। ਉਸ ਤੋਂ ਅੱਗੇ ਗੱਲ ਨਾ ਹੋਈ।
“ਪਰ ਕੀ? ਬੋਲ ਬੇਅੰਤ ਬੋਲ।” ਮੈਨੂੰ ਚਿੰਤਾ ਜਿਹੀ ਹੋਈ।
“ਸਰ ਜੀ ਲੋਕੀ ਜੀਣ ਨਹੀਂ ਦਿੰਦੇ। ਖਾਸਕਰ ਉਮਰ ਦਰਾਜ ਔਰਤਾਂ। ਜਿੰਨਾ ਨੂੰ ਅਸੀਂ ਸਿਆਣੀ ਉਮਰ ਦੀਆਂ ਕਹਿੰਦੇ ਹਾਂ। ਦਾਦੀਆਂ ਨਾਨੀਆ ਅੰਮਾ ਤਾਈਆਂ। ਬਸ ਮੇਹਣੇ ਮਾਰਦੀਆਂ ਹਨ। ਉਸ ਬਾਲੜੀ ਨੂੰ ਨਫਰਤ ਭਰੀ ਨਿਗ੍ਹਾ ਨਾਲ ਦੇਖਦੀਆਂ ਹਨ। ਅਸੀਸ ਸ਼ਗੁਣ ਤਾਂ ਕੀ ਦੇਣਾ ਸੀ। ਘੂਰ ਘੂਰਕੇ ਵੇਖਦੀਆਂ ਹਨ। ਤੇ ਤੁਹਾਡੀ ਨੂੰਹ ਨੂੰ ਦੋਸ਼ੀ ਮੰਨਦੀਆਂ ਹਨ।”
“ਪਰਵਾਹ ਨਾ ਕਰੋ। ਕਿਸੇ ਨੂੰ ਨੇੜੇ ਨਾ ਢੁਕਣ ਦਿਓ। ਝਿੜਕ ਦਿਓ।” ਉਸਦੀ ਗੱਲ ਵਿਚਾਲੇ ਕੱਟਦੇ ਹੋਏ ਨੇ ਮੈਂ ਕਿਹਾ।
“ਸਰ ਜੀ ਤੁਹਾਡੀ ਨੂੰਹ ਟੈਂਸ਼ਨ ਲੈ ਜਾਂਦੀ ਹੈ। ਮਨ ਤੇ ਬੋਝ ਪਾ ਲੈਂਦੀ ਹੈ। ਫਿਰ ਮੈਥੋਂ ਉਸਦੀ ਹਾਲਤ ਦੇਖੀ ਨਹੀਂ ਜਾਂਦੀ। ਐਂਕਲ ਜੀ ਤੁਸੀਂ ਲੇਖਕ ਹੋ ਕੁਝ ਅਜਿਹਾ ਲਿਖੋ ਕਿ ਉਹ ਔਰਤਾਂ ਸੁਧਰ ਜਾਣ।” ਉਸਨੇ ਮੈਨੂੰ ਕੁਝ ਕਰਨ ਲਈ ਕਿਹਾ।
ਮੈਨੂੰ ਮੂਹਰੇ ਪਈ ਕੌਫ਼ੀ ਵੀ ਲੰਘਾਉਣੀ ਔਖੀ ਹੋ ਗਈ। ਮੇਰਾ ਵੀ ਚੇਹਰਾ ਉਤਰ ਗਿਆ। ਮੈਨੂੰ ਹੈਰਾਨੀ ਹੋਈ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ। ਕਦੇ ਸੱਸ ਬਣਕੇ ਕਦੇ ਸੋਕਣ ਬਣਕੇ ਤੇ ਕਦੇ ਨਾਨੀ ਦਾਦੀ ਬਣਕੇ। ਕੁੜੀਆਂ ਪ੍ਰਤੀ ਸਮਾਜ ਦਾ ਨਜ਼ਰੀਆ ਕਦੋਂ ਬਦਲੇਗਾ। ਔਰਤ ਕਿੱਥੇ ਪਿੱਛੇ ਹੈ ਮਰਦ ਨਾਲੋਂ। ਕਿਹੜੇ ਖੇਤਰ ਵਿੱਚ ਔਰਤ ਨਹੀਂ। ਹਾਂ ਔਰਤ ਮਾਪਿਆਂ ਦੀ ਸੇਵਾ ਸੰਭਾਲ ਵਿੱਚ ਮਰਦ ਨਾਲੋਂ ਕਈ ਕਦਮ ਮੂਹਰੇ ਹੈ। ਪੁੱਤ ਨਸ਼ੇ ਤੇ ਗਲਤ ਸੰਗਤ ਵਿੱਚ ਪੈ ਕੇ ਮਾਪਿਆਂ ਦੀ ਕੁੱਟ ਮਾਰ ਵੀ ਕਰਦੇ ਹਨ। ਜਮੀਨ ਜਾਇਦਾਦ ਤੇ ਅੱਖ ਰੱਖਦੇ ਹਨ। ਪਰ ਧੀਆਂ ਬੁਢਾਪੇ ਦੀ ਡੰਗੋਰੀ ਬਣਦੀਆਂ ਹਨ। ਮੇਰੇ ਖਿਆਲਾਂ ਵਿਚੋਂ ਉਹ ਨਵਜੰਮੀ ਦੀ ਕਹਾਣੀ ਨਹੀਂ ਸੀ ਨਿਕਲ ਰਹੀ। ਰਾਤੀ ਉਸਦੇ ਸੁਫ਼ਨੇ ਆਉਂਦੇ ਰਹੇ। ਕੁਝ ਔਰਤਾਂ ਉਸਨੂੰ ਮਾਰ ਰਹੀਆਂ ਸਨ ਤੇ ਮੈਂ ਉਸ ਨੂੰ ਕੁੱਛੜ ਚੁੱਕ ਕੇ ਭੱਜ ਰਿਹਾ ਸੀ। ਬੇਸ਼ਕ ਪਹਿਲਾਂ ਨਾਲੋਂ ਸਾਡੀ ਸੋਚ ਕਾਫੀ ਬਦਲੀ ਹੈ। ਪਰ ਅਜੇ ਹੋਰ ਬਦਲਣ ਦੀ ਜਰੂਰਤ ਹੈ। ਉਸ ਪਿਓ ਦੇ ਹੰਝੂ ਹੁਣ ਮੇਰੇ ਦਿਲ ਦਿਮਾਗ ਵਿੱਚ ਹਨ ਤੇ ਅੱਖਾਂ ਵਿੱਚ ਵੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ