ਬਹੁਤ ਸਾਲ ਹੋਗੇ ਅਸੀਂ ਪਿੰਡ ਵਿੱਚ ਰਹਿੰਦੇ ਸੀ। ਅਸੀਂ ਸੁੱਖ ਸ਼ਾਂਤੀ ਲਈ ਘਰੇ ਸ੍ਰੀ ਅਖੰਡ ਪਾਠ ਕਰਵਾਇਆ। ਸਾਰੇ ਰਿਸ਼ਤੇਦਾਰ ਮਿੱਤਰਾਂ ਨੂੰ ਭੋਗ ਵਿੱਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਦਿੱਤਾ ਗਿਆ।
“ਬੂਟਾ ਰਾਮ (ਬਦਲਿਆ ਹੋਇਆ ਨਾਮ) ਨੂੰ ਬੁਲਾਇਆ ਹੈ?” ਕਿਸੇ ਕਰੀਬੀ ਰਿਸ਼ਤੇਦਾਰ ਨੂੰ ਸੱਦਾ ਦੇਣ ਗਏ ਪਾਪਾ ਜੀ ਨੂੰ ਉਸਨੇ ਆਪਣੇ ਸਕੇ ਭਰਾ ਦਾ ਨਾਮ ਲ਼ੈਕੇ ਪੁੱਛਿਆ।
“ਹਾਂਜੀ ਬੁਲਾਇਆ ਹੈ। ਉਸ ਨਾਲ ਸਾਡਾ ਕੋਈਂ ਰੋਸਾ ਨਹੀਂ।” ਪਾਪਾ ਜੀ ਨੇ ਸਪਸ਼ਟ ਕਿਹਾ।
“ਚੰਗਾ ਫਿਰ ਤੁਸੀਂ ਉਸ ਨਾਲ ਹੀ ਵਰਤ ਲਵੋ। ਜਿਹੜਾ ਉਸ ਨਾਲ ਵਰਤੇਗਾ ਉਸ ਨਾਲ ਮੈਂ ਨਹੀਂ ਵਰਤਦਾ।” ਉਸ ਸ਼ਰਤ ਸੁਣ ਕੇ ਪਾਪਾ ਜੀ ਇਹ ਆਖਕੇ ਸੱਦਾ ਦੇ ਆਏ ਕਿ ਭਾਈ ਸਾਡੇ ਲਈ ਤਾਂ ਦੋਨੇ ਬਰਾਬਰ ਹੋ।
ਕੁਝ ਸਾਲਾਂ ਬਾਅਦ ਕੋਈਂ ਰਿਸ਼ਤੇਦਾਰ ਸਾਨੂੰ ਮੁੰਡੇ ਦੇ ਵਿਆਹ ਦਾ ਕਾਰਡ ਦੇਣ ਆਇਆ। ਪਾਪਾ ਜੀ ਨੇ ਮੇਰੇ ਚਾਚਾ ਜੀ ਦਾ ਨਾਮ ਲ਼ੈਕੇ ਪੁੱਛਿਆ ਕਿ ਮੰਗਲ ਚੰਦ ਨੂੰ ਸੱਦਾ ਦਿੱਤਾ ਹੈ।
ਉਹ ਕਹਿਂਦਾ “ਨਹੀਂ।”
“ਜਦੋਂ ਤੂੰ ਮੇਰੇ ਭਰਾ ਨੂੰ ਨਹੀਂ ਬੁਲਾ ਰਿਹਾ। ਤੂੰ ਇਹ ਕਿਵੇਂ ਸੋਚ ਲਿਆ ਕਿ ਮੈਂ ਆਪਣੇ ਛੋਟੇ ਭਰਾ ਨੂੰ ਛੱਡਕੇ ਤੁਹਾਡੇ ਵਿਆਹ ਵਿੱਚ ਸ਼ਾਮਿਲ ਹੋਵਾਂਗਾ।” ਮੈਨੂੰ ਪਾਪਾ ਜੀ ਦਾ ਆਪਣੇ ਭਰਾ ਪ੍ਰਤੀ ਸਟੈਂਡ ਚੰਗਾ ਲੱਗਿਆ। ਉਸ ਨੇ ਪਹਿਲਾਂ ਮੇਰੇ ਚਾਚਾ ਜੀ ਨੂੰ ਕਾਰਡ ਦਿੱਤਾ ਤੇ ਫਿਰ ਅਸੀਂ ਕਾਰਡ ਫੜਿਆ। ਅਸੀਂ ਸਾਰੇ ਉਸ ਵਿਆਹ ਵਿੱਚ ਸ਼ਾਮਿਲ ਹੋਏ। ਇਸ ਤਰ੍ਹਾਂ ਦੋ ਪਰਿਵਾਰਾਂ ਦੇ ਗਿਲੇ ਸ਼ਿਕਵੇ ਖਤਮ ਹੋ ਗਏ।
ਫਿਰ ਕਈ ਸਾਲਾਂ ਬਾਅਦ ਇਹੀ ਐਪੀਸੋਡ ਮੈਂ ਵੀ ਦੁਰਾਹਿਆ। ਇਥੇ ਵੀ ਕਿਸੇ ਕਰੀਬੀ ਨੇ ਮੇਰੇ ਛੋਟੇ ਭਰਾ ਨੂੰ ਨਹੀਂ ਸੀ ਬੁਲਾਇਆ। ਮੈਂ ਵੀ ਨਹੀਂ ਗਿਆ।
ਵੱਡੇ ਕਈ ਵਾਰੀ ਇਹੋ ਜਿਹੇ ਯਾਦਗਾਰੀ ਕੰਮ ਕਰਦੇ ਹਨ। ਜੋ ਅੱਗੇ ਲਈ ਮਿਸਾਲ ਬਣ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ