ਚਰਨ ਕੌਰ ਚੌਂਕੇ ਵਿੱਚ ਚਲੀ ਗਈ। ਉਸਨੇ ਚਾਹ ਧਰ ਦਿੱਤੀ। ਨਾਲ ਹੀ ਝੋਲੇ ਵਿਚਲਾ ਸਮਾਨ ਦੇਖਣ ਲੱਗੀ। ਦੋ ਤਿੰਨ ਸਬਜੀਆਂ ਸੀ। ਬਾਕੀ ਘਰ ਦਾ ਹੋਰ ਜਰੂਰੀ ਸਮਾਨ ਸੀ। ਚਰਨ ਕੌਰ ਨੇ ਸਭ ਥਾਂ ਟਿਕਾਣੇ ਰੱਖ ਦਿੱਤਾ।
ਅੱਜ ਗੋਭੀ ਬਣਾ ਲੈਂਦੀ ਹਾਂ… ਭਾਗਾਂ ਨੂੰ ਬਹੁਤ ਪਸੰਦ ਹੈ,ਦੁਪਹਿਰੇ ਵੀ ਵਿਚਾਰੀ ਨੇ ਚਟਨੀ ਨਾਲ ਖਾਧੀ ਸੀ। ਚਰਨ ਕੌਰ ਗੋਭੀ ਟੋਕਰੀ ਵਿੱਚ ਰੱਖ ਕੇ ਗਿਲਾਸ ਵਿਚ ਚਾਹ ਪਾ ਕੇ ਗੁਰਮੇਲ ਕੋਲ ਆ ਬੈਠੀ।
“ਜਰਾ ਆਰਾਮ ਨਾਲ ਗੱਲ ਕਰਨਾ…ਜਵਾਨ ਮੁੰਡਾ ਹੈ।” ਚਰਨ ਕੌਰ ਨੇ ਚਾਹ ਫੜਾ ਕੇ ਗੋਭੀ ਕੱਟਣੀ ਸ਼ੁਰੂ ਕਰਦੇ ਹੋਏ ਕਿਹਾ।
“ਹਾਂ ਹਾਂ ਫ਼ਿਕਰ ਨਾ ਕਰ।”
ਚਰਨ ਕੌਰ ਨੇ ਸਬਜੀ ਕੱਟ ਕੇ ਧਰ ਦਿੱਤੀ।
“ਪੁੱਤ ਸਰਬ ਕਿੱਥੇ ਹੈ, ਆਜਾ ਬਾਹਰ ਕਿੰਨਾ ਕ ਪੜ੍ਹਨਾ ਹੁਣ।”
ਪਰ ਸਰਬ ਦੀ ਕੋਈ ਆਵਾਜ਼ ਨਹੀਂ ਆਈ।
ਚਰਨ ਕੌਰ ਉੱਠ ਕੇ ਦੇਖਣ ਗਈ ਤਾਂ ਦੇਖਿਆ… ਸਰਬ ਮਾਂ ਦੀਆਂ ਸੀਤੀਆਂ ਕਮੀਜ਼ਾਂ ਨੂੰ ਤੁਰਪਾਈ ਕਰ ਰਹੀ ਸੀ।
“ਮੈ ਮਰ ਜਾਵਾਂ ਪੁੱਤ ਇਹ ਕੀ ਕਰਦੀ ਹੈ, ਤੇਰੀ ਮਾਂ ਹੈਗੀ ਅਜੇ। ਮੈ ਕਰ ਲਵਾਂਗੀ ਆਪੇ।” ਚਰਨ ਕੌਰ ਨੇ ਸਰਬ ਦੇ ਹੱਥੋਂ ਕਮੀਜ਼ ਫ਼ੜ ਲਈ।
“ਮਾਂ ਮੈਂ ਪੜ੍ਹ ਲਿਆ ਸੀ, ਵੇਹਲੀ ਸੀ ਤਾਂ ਕਰ ਰਹੀ ਸੀ।”
“ਫਿਰ ਸੀਤੋ ਦੀ ਕੁੜੀ ਨਾਲ ਖੇਡ ਲੈਂਦੀ ਥੋੜਾ, ਪੁੱਤ ਇਹ ਉਮਰ ਖੇਡਣ ਖਾਣ ਦੀ ਹੈ…ਐਵੀ ਹੁਣੇ ਤੋਂ ਇੰਝ ਗੰਭੀਰ ਨਾ ਬਣ।”
“ਉਹ ਹੋ ਮਾਂ… ਐਵੀ ਨਾ ਚਿੰਤਾ ਕਰ ਮੈਂ ਠੀਕ ਹਾਂ।” ਸਰਬ ਨੇ ਮਾਂ ਦੇ ਗਲ਼ ਵਿਚ ਬਾਹਾਂ ਪਈਆਂ।
“ਤੂੰ ਹਮੇਸ਼ਾ ਹੀ ਠੀਕ ਤੇ ਖੁਸ਼ ਰਹੇ। ਪਰ ਅਜੇ ਇਹ ਕੰਮ ਮੈ ਆਪੇ ਕਰੂੰ।”
ਅਜੇ ਦੋਨੋ ਗੱਲਾਂ ਕਰ ਹੀ ਰਹੀਆਂ ਸਨ ਕ ਬਾਹਰੋਂ ਗੁਰਮੇਲ ਦੀ ਉੱਚੀ ਬੋਲਣ ਦੀ ਆਵਾਜ਼ ਆਈ। ਦੋਨੋ ਭੱਜੀਆਂ ਗਈਆਂ।
“ਨਾ ਪੜ੍ਹਨਾ ਤੇਰੇ ਪਿਉ ਨੇ ਹੈ…ਤੇਰੀ ਮਾਂ ਦੀਦੇ ਗਾਲ ਗਾਲ ਕੇ ਤੁਹਾਡੀ ਫੀਸ ਭਰਦੀ ਪਈ ਹੈ, ਭੋਰਾ ਓਹਦਾ ਹੀ ਲਿਹਾਜ ਕਰ ਲੈ। ਦਸਵੀਂ ਵਿਚ ਹੋ ਗਿਆ ਹੈ, ਪਰ ਕੋਈ ਜਿੰਮੇਵਾਰੀ ਦਾ ਅਹਿਸਾਸ ਨਹੀਂ।” ਗੁਰਮੇਲ ਮਨਜੀਤ ਨੂੰ ਬੋਲ ਰਿਹਾ ਸੀ।
“ਏਨਾ ਗੁੱਸੇ ਨਾ ਹੋਵੋ ਜੀ, ਬੱਚਾ ਹੈ…ਪਿਆਰ ਨਾਲ ਗੱਲ ਕਰੋ।”
“ਮੈਂ ਤਾਂ ਪਿਆਰ ਨਾਲ ਹੀ ਕਰ ਰਿਹਾ ਸੀ ਇਸ ਨੇ ਅੱਗੋ ਪੁੱਠਾ ਜਵਾਬ ਦਿੱਤਾ ਤਾਂ ਗੁੱਸਾ ਆਇਆ। ਅਖੇ ਘਰ ਨਾ ਖਾਣ ਨੂੰ ਹੈ ਨਾ ਕੋਈ ਮਨੋਰੰਜਨ ਕਰਨ ਨੂੰ ਹੈ ਫਿਰ ਬਾਹਰ ਹੀ ਜਾਣਾ ਹੈ। ਆ ਗਿਆ ਵੱਡਾ ਲਾਟ ਸਾਬ…ਪੁੱਤ ਜਦੋਂ ਆਪ ਕਮਾਈ ਕਰਨੀ ਪਈ, ਫਿਰ ਪਤਾ ਲੱਗੂ। ਪੜ੍ਹ ਲਵੇਂਗਾ ਤਾਂ ਕੁਛ ਕਰ ਲਵੇਂਗਾ। ਨਹੀਂ ਤਾਂ ਮੇਰੇ ਵਾਂਗ ਧੱਕੇ ਖਾਂਦਾ ਰਹੇਂਗਾ।”
ਚਰਨ ਕੌਰ ਨੇ ਵਿਚ ਵਿਚਾਲੇ ਪੈ ਕੇ ਮਾਮਲਾ ਸ਼ਾਂਤ ਕੀਤਾ। ਪਰ ਪ੍ਰੇਸ਼ਾਨੀ ਦੀਆਂ ਲਕੀਰਾਂ ਉਸ ਦੇ ਮੱਥੇ ਤੇ ਸਾਫ ਦਿਸ ਰਹੀਆਂ ਸਨ। ਫਿਰ ਦੋਨਾਂ ਪਿਓ ਪੁੱਤਰਾਂ ਵਿਚਲੇ ਪੈ ਗੱਲ ਕੀਤੀ। ਮਾਹੌਲ ਨੂੰ ਥੋੜਾ ਠੰਡਾ ਕੀਤਾ।
“ਮੈਂ ਰੋਟੀ ਬਣਾਉਣ ਲੱਗੀ। ਆਜੋ ਹੁਣ।”
ਸਰਬ ਨੇ ਪਹਿਲਾ ਆਪਣੇ ਬਾਪੂ ਫਿਰ ਵੀਰ ਨੂੰ ਰੋਟੀ ਪਾ ਕੇ ਫੜਾ ਦਿੱਤੀ। ਜਦ ਚਰਨ ਕੌਰ ਨੇ ਸਰਬ ਨੂੰ ਰੋਟੀ ਦੇ ਨਾਲ ਗੋਭੀ ਦਿੱਤੀ ਤਾਂ ਸਰਬ ਬੋਲੀ।
“ਮਾਂ ਮੈਨੂੰ ਸ਼ਲਗਮ ਵਾਲੀ ਸਬਜੀ ਦੇ ਦੇ…ਇਹ ਸਵੇਰੇ ਬਾਪੂ ਤੇ ਵੀਰੇ ਦੇ ਡੱਬੇ ਵਿੱਚ ਪਾ ਦੇਵੀਂ।”
“ਨੀ ਧੀਏ ਤੇਰੇ ਦੇਣ ਮੈ ਕਿੱਥੇ ਦੇਊਂਗੀ। ਭਾਗਾਂ ਵਾਲੀ ਤੂੰ ਨਹੀਂ ਮੈਂ ਹਾਂ ਜੋ ਤੇਰੇ ਵਰਗੀ ਧੀ ਮਿਲੀ ਹੈ।”
“ਮਾਂ ਤੂੰ ਆਪਣੀ ਜਗ੍ਹਾ ਹੋਵੇਗੀ… ਮੈਂ ਤਾਂ ਆਪਣੀ ਜਗ੍ਹਾ ਭਾਗਾਂ ਵਾਲੀ ਹਾਂ…ਮੈਨੂੰ ਤੁਹਾਡੇ ਵਰਗੇ ਮਾਂ ਬਾਪੂ ਮਿਲੇ।” ਸਰਬ ਸ਼ਲਗਮ ਨਾਲ ਰੋਟੀ ਖਾਂਦੀ ਹੋਈ ਬੋਲੀ
ਦੋਨੋ ਮਾਵਾਂ ਧੀਆਂ ਮੁਸਕਰਾ ਪਈਆਂ। ਚਰਨ ਦੇ ਦਿਲੋ ਧੀ ਦੇ ਭਾਗਾਂ ਭਰੇ ਭਵਿਖ ਲਈ ਬਹੁਤ ਸਾਰੀਆਂ ਦੁਆਵਾਂ ਨਿਕਲੀਆਂ।
ਇੰਝ ਹੀ ਤੰਗੀ ਤੁਰਸ਼ੀ ਵਿਚ ਵਕਤ ਬੀਤਦਾ ਗਿਆ। ਮਨਜੀਤ ਨਾ ਪੜ੍ਹਿਆ ਨਾ ਸੁਧਰਿਆ। ਦਸਵੀਂ ਵਿੱਚੋ ਫੇਲ ਹੋ ਗਿਆ। ਮੁੜ ਕੇ ਪੜ੍ਹਨ ਵੀ ਨਾ ਗਿਆ। ਗੁਰਮੇਲ ਨੇ ਕਿਸੇ ਦੁਕਾਨ ਦੇ ਲਗਵਾ ਦਿੱਤਾ। ਓਥੋਂ ਜੋ ਵੀ ਕਮਾਉਂਦਾ। ਆਪਣੇ ਤੇ ਹੀ ਖਰਚ ਕਰ ਲੈਂਦਾ ਸੀ।
ਇਧਰ ਸਰਬ ਵਿਚ ਆਪਣੀ ਮਾਂ ਵਾਲੇ ਸਾਰੇ ਗੁਣ ਆ ਗਏ ਸਨ। ਸਿਲਾਈ ਕਢਾਈ ਵਿਚ ਆਪਣੀ ਮਾਂ ਤੋਂ ਵੀ ਚਾਰ ਕਦਮ ਅੱਗੇ ਸੀ। ਪਿੰਡ ਵਾਲੀਆਂ ਔਰਤਾਂ ਤਰੀਫ ਕਰਦੀਆਂ ਨਾ ਥੱਕਦੀਆਂ। ਸਰਬ ਦੀਆਂ ਹਮਉਮਰ ਕੁੜੀਆਂ ਤਾਂ ਖਾਸ ਡਿਜ਼ਾਈਨ ਪਾ ਕੇ ਉਸ ਤੋਂ ਕੱਪੜੇ ਸਿਲਵਾਉਣ ਲੱਗੀਆਂ।
ਇਕ ਦਿਨ ਸੀਤੋ ਦੀ ਦੂਰ ਦੀ ਨਨਾਣ ਪਰਮਜੀਤ ਉਹਨਾਂ ਦੇ ਘਰ ਆਈ ਤਾਂ ਉਸ ਨੇ ਸੀਤੋ ਪਾਇਆ ਸੂਟ ਦੇਖਿਆ ਤਾਂ ਪੁੱਛਿਆ ਕਿੱਥੋਂ ਸਿਲਵਾਇਆ ਹੈ?
“ਗਵਾਂਢ ਵਿਚ ਇਕ ਕੁੜੀ ਹੈ ਸਰਬ ਉਸ ਨੇ ਸੀਤਾ।”
“ਬਹੁਤ ਸੋਹਣਾ ਹੈ, ਮੈਨੂੰ ਮਿਲਵਾ ਉਸ ਨਾਲ।”
ਦੋਨੋ ਸਰਬ ਦੇ ਘਰ ਆ ਗਈਆਂ। ਸਰਬ ਦੀ ਬੋਲ ਬਾਣੀ, ਉਸਦੀ ਸਾਦਗੀ ਤੇ ਹੱਥ ਦਾ ਹੁਨਰ ਦੇਖ ਕੇ ਪਰਮਜੀਤ ਮੁਗਧ ਹੋ ਗਈ। ਉਸਨੇ ਦਿਲ ਹੀ ਦਿਲ… ਆਪਣੇ ਮੁੰਡੇ ਲਈ ਪਸੰਦ ਕਰ ਲਿਆ। ਇੱਥੋਂ ਜਾ ਕੇ ਆਪਣੇ ਘਰ ਗੱਲ ਕੀਤੀ …ਮੁੰਡਾ ਨੌਕਰੀ ਕਰਦਾ ਸੀ। ਪਿੰਡ ਦੀ ਕੁੜੀ ਉਸਨੂੰ ਮਨਜੂਰ ਨਹੀਂ ਸੀ। ਪਰ ਆਪਣੀ ਮਾਂ ਦੇ ਜੋਰ ਪਾਉਣ ਦੇ ਇਕ ਵਾਰ ਮਿਲਣ ਲਈ ਤਿਆਰ ਹੋ ਗਿਆ।
ਅਗਲੇ ਦਿਨ ਬਲਜੀਤ ਤੇ ਪਰਮਜੀਤ ਫਿਰ ਸੀਤੋ ਦੇ ਘਰ ਆ ਗਏ। ਪਰਮਜੀਤ ਨੇ ਸੀਤੋ ਨਾਲ ਗੱਲ ਕੀਤੀ। ਸੀਤੋ ਤਾਂ ਪਹਿਲਾਂ ਹੀ ਉਸ ਪਰਿਵਾਰ ਦਾ ਭਲਾ ਚਾਉਂਦੀ ਸੀ। ਉਹ ਬਹੁਤ ਖੁਸ਼ ਹੋਈ।
“ਇਕ ਵਾਰ ਬਲਜੀਤ ਨੂੰ ਝਾਤੀ ਮਰਵਾ ਦਿੰਦੇ ਜੇ ਉਸਨੂੰ ਸਰਬ ਪਸੰਦ ਹੋਈ ਤਾਂ ਅੱਗੇ ਗੱਲ ਤੋਰਦੇ ਹਾ।” ਪਰਮਜੀਤ ਬੋਲੀ
“ਇਹ ਕਿਹੜੀ ਵੱਡੀ ਗੱਲ ਮੈਂ ਹੁਣੇ ਸਰਬ ਨੂੰ ਬਹਾਨੇ ਨਾਲ ਬੁਲਾ ਲਿਆਉਂਦੀ। ਬਲਜੀਤ ਦੇਖ ਲਵੇਗਾ।” ਸੀਤੋ ਨੇ ਕਿਹਾ
“ਇਹ ਠੀਕ ਰਹੇਗਾ।”
ਸੀਤੋ ਚਲੀ ਗਈ।
“ਸਰਬ ਪੁੱਤ ਕਿੱਥੇ ਹੈ?
“ਹਾਂਜੀ ਚਾਚੀ?
“ਮੈਨੂੰ ਕੰਮ ਸੀ ਤੇਰੇ ਨਾਲ ਦੋ ਮਿੰਟ ਆਵੀ ਜਰਾ।”
“ਹਾਂਜੀ ਦੱਸੋ ਕੀ ਕੰਮ?
“ਪੁੱਤ ਮੇਰੀ ਦੂਰ ਦੇ ਰਿਸ਼ਤੇ ਵਿਚ ਲਗਦੀ ਨਨਾਣ ਆਈ ਹੈ। ਜਿਹੜੀ ਤੁਹਾਡੇ ਘਰੇ ਵੀ ਆਈ ਸੀ। ਨਾਲ ਉਹਦਾ ਮੁੰਡਾ ਵੀ ਹੈ। ਮੈਂ ਕਿਹਾ ਖਾਲੀ ਹੱਥ ਕੀ ਮੋੜਨਾ… ਕੱਪੜੇ ਦੇ ਦੇਵਾਂ। ਜਰਾ ਮੇਰੇ ਨਾਲ ਪੇਟੀ ਵਿੱਚੋ ਕੱਪੜੇ ਕਢਵਾ ਦੇ।”
“ਠੀਕ ਹੈ ਚਾਚੀ, ਚਲੋ…. ਮਾਂ ਮੈ ਸੀਤੋ ਚਾਚੀ ਵੱਲ ਚੱਲੀ ਹਾਂ।”
ਸਰਬ ਜਾਂਦੀ ਜਾਂਦੀ ਬੋਲੀ।
ਸਰਬ ਨੇ ਪ੍ਰਾਹਉਣਿਆ ਨੂੰ ਸਤਿ ਸ੍ਰੀ ਅਕਾਲ ਕੀਤੀ ਤੇ ਪੇਟੀ ਵਾਲੇ ਕਮਰੇ ਵਿਚ ਚਲੀ ਗਈ।
ਸੀਤੋ ਨੇ ਬਹਾਨੇ ਨਾਲ ਸਰਬ ਨੂੰ ਦੋ ਤਿੰਨ ਵਾਰ ਬਲਜੀਤ ਦੇ ਸਾਹਮਣੇ ਕੀਤਾ। ਬਲਜੀਤ ਨੂੰ ਸਰਬ ਪਸੰਦ ਆ ਗਈ।ਸ਼ਾਮ ਨੂੰ ਸੀਤੋ ਨੇ ਚਰਨ ਕੌਰ ਨਾਲ ਗੱਲ ਕੀਤੀ।
ਚਰਨ ਕੌਰ ਨੂੰ ਭਾਵੇ ਚਾਅ ਚੜ ਗਿਆ ਸੀ ਪਰ …ਮਨਜੀਤ ਵੱਡਾ ਸੀ। ਉਸਤੋਂ ਪਹਿਲਾਂ ਕਿਵੇ ਸਰਬ ਦਾ ਵਿਆਹ ਕਰ ਸਕਦੇ ਸੀ।
” ਦੇਖ ਲਾ ਚਰਨ ਕੌਰੇ… ਕੋਈ ਲੈਣ ਦੇਣ ਨਹੀਂ। ਕੱਲਾ ਕੱਲਾ ਮੁੰਡਾ…ਨੌਕਰੀ ਕਰਦਾ ਹੈ। ਸ਼ਹਿਰ ਵਿਚ ਆਪਣਾ ਘਰ ਹੈ।”
“ਚਲ ਮਨਜੀਤ ਦਾ ਬਾਪੂ ਆਉਂਦਾ ਤਾਂ ਗੱਲ ਕਰਦੀ ਹਾਂ।”
“ਮੇਰੀ ਮੰਨੇ ਤਾਂ ਨਾਂਹ ਨਾ ਕਰਨਾ, ਮੁੜ ਕੇ ਇਹੋ ਜਿਹਾ ਰਿਸ਼ਤਾ ਹੱਥ ਨਹੀਂ ਆਉਣਾ।” ਸੀਤੋ ਚਲੀ ਗਈ।
ਸ਼ਾਮ ਨੂੰ ਗੁਰਮੇਲ ਘਰ ਆਇਆ। ਤਾਂ ਚਰਨ ਕੌਰ ਨੇ ਗੱਲ ਕੀਤੀ। ਮਨਜੀਤ ਵੀ ਕੋਲ ਹੀ ਸੀ।
“ਰਿਸ਼ਤਾ ਤਾਂ ਬਹੁਤ ਚੰਗਾ ਹੈ,ਮੇਰੀ ਸਰਬ ਸੱਚੀ ਭਾਗਾਂ ਵਾਲੀ ਹੈ, ਜੋ ਚਲ ਕੇ ਰਿਸ਼ਤਾ ਆਇਆ। ਪਰ ਮਨਜੀਤ ਵੱਡਾ ਹੈ।” ਚਰਨ ਕੌਰ ਨੇ ਕਿਹਾ
ਇਸਤੋਂ ਪਹਿਲਾਂ ਹੀ ਗੁਰਮੇਲ ਕੁਛ ਕਹਿੰਦਾ… ਮਨਜੀਤ ਬੋਲ ਪਿਆ
“ਮੇਰੀ ਚਿੰਤਾ ਨਾ ਕਰੋ, ਕਰ ਦਿਓ ਇਸਦਾ ਵਿਆਹ, ਇਕ ਖਾਣ ਵਾਲਾ ਜੀ ਘਟੂ…..।”
“ਮਰਜਾਣਿਆ ਜਦ ਵੀ ਬੋਲੇਗਾ ਗਲਤ ਹੀ ਬੋਲੇਗਾ। ਤੇਰਾ ਦਿੱਤਾ ਖਾਂਦੀ ਹੈ। ਧੀਆਂ ਨਾਲ ਬਰਕਤ ਹੁੰਦੀ। ਪਤਾ ਨਹੀਂ ਕਿਹੜੇ ਪਾਪ ਕੀਤੇ ਸੀ ਜਿਹੜਾ ਤੂੰ ਜੰਮਿਆ। ਜਾ ਦਫਾ ਹੋ ਜਾ…।” ਚਰਨ ਕੌਰ ਨੇ ਜੁੱਤੀ ਲਾਹ ਲਈ।
ਮਨਜੀਤ ਬੁੜ ਬੁੜ ਕਰਦਾ ਨਿਕਲ ਗਿਆ।
ਗੁਰਮੇਲ ਚੁੱਪ ਬੈਠਾ ਸੀ… ਉਸਨੂੰ ਇੰਝ ਚੁੱਪ ਦੇਖ ਚਰਨ ਕੌਰ ਨੇ ਪੁੱਛਿਆ
ਕੀ ਹੋਇਆ ਜੀ?
“ਕੀ ਹੋਇਆ ਜੀ ਤੁਸੀ ਬੋਲਦੇ ਨਹੀਂ?
ਗੁਰਮੇਲ ਫਿਰ ਚੁੱਪ ਬੈਠਾ ਰਿਹਾ।
ਚਰਨ ਕੌਰ ਨੇ ਉੱਠ ਕੇ ਹਿਲਾਇਆ ਤਾਂ ਉਹ ਟੇਡਾ ਜਿਹਾ ਹੋ ਗਿਆ। ਖਬਰੇ ਗੁਰਮੇਲ ਆਪਣੇ ਨਲਾਇਕ ਪੁੱਤ ਦੇ ਮੂੰਹੋ ਆਪਣੀ ਲਾਇਕ ਧੀ ਲਈ ਇਹੋ ਜਿਹੇ ਸ਼ਬਦ ਸੁਣ ਕੇ ਜੀਣ ਨਾਲੋਂ ਮਰਨਾ ਬੇਹਤਰ ਸਮਝਿਆ।
“ਹਾਏ ਕੀ ਹੋ ਗਿਆ ਤੁਹਾਨੂੰ, ਸਰਬ ਨੀ ਸਰਬ ਕਿੱਥੇ ਆ ਦੇਖ ਤੇਰੇ ਬਾਪੂ ਨੂੰ ਕੀ ਹੋ ਗਿਆ? ਚਰਨ ਨੇ ਸਰਬ ਨੂੰ ਆਵਾਜ਼ ਦਿੱਤੀ
ਉਹ ਭੱਜੀ ਭੱਜੀ ਆਈ।
“ਬਾਪੂ ਬਾਪੂ? ਸਰਬ ਨੇ ਬੁਲਾਇਆ
“ਜਾ ਸੀਤੋ ਨੂੰ ਬੁਲਾ ਕੇ ਲਿਆ ਭੱਜ ਕੇ।”
ਸਰਬ ਚਲੀ ਗਈ ,ਚਰਨ ਕੌਰ ਗੁਰਮੇਲ ਦੀਆਂ ਤਲੀਆਂ ਝੱਸਣ ਲੱਗੀ। ਨਾਲ ਨਾਲ ਬੁਲਾਉਂਦੀ ਰਹੀ। ਪਰ ਗੁਰਮੇਲ ਨੇ ਕੋਈ ਜਵਾਬ ਨਾ ਦਿੱਤਾ। ਏਨੇ ਨੂੰ ਸੀਤੋ ਤੇ ਇਸਦਾ ਘਰਵਾਲਾ ਚੰਦਨ ਆ ਗਿਆ।
ਗੁਰਮੇਲ ਦੀ ਹਾਲਤ ਦੇਖਦੇ ਹੀ ਚੰਦਨ ਡਾਕਟਰ ਨੂੰ ਬੁਲਾਉਣ ਚਲਾ ਗਿਆ। ਪਰ ਡਾਕਟਰ ਦੇ ਆਉਂਦੇ ਤੱਕ ਗੁਰਮੇਲ ਦੁਨੀਆ ਛੱਡ ਚੁੱਕਾ ਸੀ।
ਕਿੰਨੀ ਖੁਸ਼ ਸੀ ਚਰਨ ਕੌਰ ਸਵੇਰ ਦੀ….ਕਿੰਨੇ ਚਾਅ ਨਾਲ ਸ਼ਾਮ ਦੀ ਉਡੀਕ ਕਰ ਰਹੀ ਸੀ…ਪਰ ਜਦ ਸ਼ਾਮ ਆਈ ਤਾਂ ਐਸੀ ਕੁਲਹਿਣੀ ਕ ਵੱਸਦਾ ਰਸਦਾ ਸੰਸਾਰ ਉਜਾੜ ਗਈ।
ਮਾਵਾਂ ਧੀਆਂ ਇਕ ਦੂਜੇ ਦੇ ਗਲ ਲੱਗ ਰੋਂਦੀਆਂ ਰਹੀਆਂ। ਇਕ ਦੂਜੇ ਦਾ ਹੌਸਲਾ ਬਣਦੀਆਂ ਰਹੀਆਂ। ਸਭ ਰਸਮਾਂ ਹੋ ਗਈਆਂ…ਗੁਰਮੇਲ ਦੇ ਨਾਲ ਹੀ ਘਰ ਦੀਆਂ ਖੁਸ਼ੀਆਂ ਕਿਤੇ ਦੂਰ ਜਾ ਬਹਿ ਗਈਆਂ। ਕਰਦੇ ਕਰਦੇ ਛੇ ਮਹੀਨੇ ਗੁਜਰ ਗਏ। ਪਰਮਜੀਤ ਨੇ ਫਿਰ ਸੀਤੋ ਨਾਲ ਗੱਲ ਕੀਤੀ। ਪਰ ਸੀਤੋ ਦਾ ਹੌਸਲਾ ਨਹੀਂ ਪੈ ਰਿਹਾ ਸੀ। ਪਰ ਉਹ ਇਹ ਵੀ ਨਹੀਂ ਚਾਉਂਦੀ ਸੀ ਕ ਬਲਜੀਤ ਦਾ ਰਿਸ਼ਤਾ ਹੱਥੋਂ ਨਿਕਲ ਜਾਵੇ। ਹਿੰਮਤ ਕਰਕੇ ਉਸਨੇ ਚਰਨ ਕੌਰ ਨਾਲ ਗੱਲ ਕੀਤੀ। ਚਰਨ ਕੌਰ ਨੇ ਹਮੇਸ਼ਾ ਆਪਣੇ ਤੋਂ ਪਹਿਲਾ ਧੀ ਦਾ ਸੋਚਿਆ ਸੀ। ਅੱਜ ਵੀ ਇਹੀ ਸੋਚ ਕੇ ਹਾਂ ਕਰ ਦਿੱਤੀ। ਪਰ ਸਰਬ ਕਹਿੰਦੀ….” ਮਾਂ ਮੈਂ ਨਹੀਂ ਜਾਣਾ ਤੁਹਾਨੂੰ ਛੱਡ ਕੇ।”
“ਨਾ ਮੇਰੀ ਧੀ …ਇੰਝ ਨਹੀਂ ਕਹਿੰਦੇ, ਧੀਆਂ ਤਾਂ ਰਾਜੇ ਰਾਣੇ ਨਹੀਂ ਰੱਖ ਸਕੇ…ਮੇਰੀ ਧੀ ਤਾਂ ਬਹੁਤ ਭਾਗਾਂ ਵਾਲੀ ਹੈ…ਇੰਨਾ ਚੰਗਾ ਰਿਸ਼ਤਾ , ਨੌਕਰੀ ਕਰਦਾ ਮੁੰਡਾ ਸਾਹਮਣੇ ਤੋਂ ਮਿਲਿਆ ਹੈ।”
“ਨਹੀਂ ਮੈਂ ਨਹੀਂ ਬਣਨਾ ਭਾਗਾਂ ਵਾਲੀ। ਨਾ ਹੈਗੀ ਹਾਂ ਮੈ… ਜੇ ਹੁੰਦੀ ਤਾਂ ਬਾਪੂ ਮੈਨੂੰ ਛੱਡ ਕੇ ਕਿਉ ਜਾਂਦਾ? ਸਾਡੇ ਘਰ ਏਨੀ ਤੰਗੀ ਕਿਉ ਹੁੰਦੀ? ਵੀਰਾ ਇੰਝ ਦਾ ਨਿਕੰਮਾ ਕਿਉ ਹੁੰਦਾ? ਮੈਂ ਨਹੀਂ ਹਾਂ ਭਾਗਾਂ ਵਾਲੀ ਨਹੀਂ ਹਾਂ।” ਸਰਬ ਰੋਣ ਲੱਗੀ
“ਨਾ ਨਾ ਇੰਝ ਨਾ ਆਖ…ਤੂੰ ਭਾਗਾਂ ਵਾਲੀ ਸੀ ਤਾਂ ਤੇਰਾ ਬਾਪੂ ਮੁੜ ਆਇਆ…ਤੂੰ ਭਾਗਾਂ ਵਾਲੀ ਸੀ ਤਾਂ ਹੀ ਤੇਰੇ ਬਾਪੂ ਨੂੰ ਕੰਮ ਮਿਲਦਾ ਰਿਹਾ….ਘਰ ਵਿਚ ਤੰਗੀ ਤਾਂ ਆਉਂਦੀ ਰਹੀ…ਪਰ ਭੁੱਖੇ ਨਹੀਂ ਮਰੇ। ਹੁਣ ਮੇਰੀ ਧੀ ਦੂਜੇ ਘਰ ਨੂੰ ਭਾਗ ਲਾਵੇਗੀ।” ਚਰਨ ਕੌਰ ਨੇ ਸਰਬ ਨੂੰ ਗਲੇ ਲਗਾ ਕੇ ਚੁੱਪ ਕਰਾਇਆ
“ਪਰ ਮਾਂ ਤੂੰ ਇਕੱਲੀ ਕਿਵੇ?
“ਤੇਰੇ ਸਹੁਰਿਆਂ ਵਲੋ ਆਉਂਦਾ, ਠੰਡੀ ਵਾ ਦਾ ਬੁੱਲਾ ਮੈਨੂੰ ਕਾਫੀ ਹੈ।”
ਮਾਂ ਦੀ ਜ਼ਿੱਦ ਅੱਗੇ ਸਰਬ ਹਾਰ ਗਈ। ਬਹੁਤ ਸਾਦੇ ਤਰੀਕੇ ਨਾਲ ਸਰਬ ਤੇ ਬਲਜੀਤ ਦਾ ਵਿਆਹ ਹੋ ਗਿਆ।
ਚਲਦਾ