ਪਾਪਾ ਕਹਾਣੀ ਸੁਣਾਓ। ਛੋਟਾ ਗੀਤ ਜਿੱਦ ਕਰ ਰਿਹਾ ਸੀ। ਪਰ ਮੈਨੂੰ ਕੋਈ ਕਹਾਣੀ ਨਹੀਂ ਸੀ ਔਡ਼ ਰਹੀ। ਪਰ ਜੁਆਕ ਦੀ ਜਿੱਦ ਜਿੱਦ ਹੀ ਹੁੰਦੀ ਹੈ। ਤੇ ਸੁਣ। ਮੈਂ ਆਖਿਆ। ਇੱਕ ਕਾਂ ਸੀ ਬਹੁਤ ਤਿਹਾਇਆ। ਗਰਮੀ ਦੇ ਦਿਨ ਸਨ। ਕਿਤੇ ਵੀ ਪਾਣੀ ਨਜ਼ਰ ਨਹੀਂ ਸੀ ਆਉਂਦਾ। ਸਾਰੇ ਖੂਹ ਟੋਬੇ ਸੁੱਕੇ ਪਏ ਸਨ। ਨਾ ਹੀ ਕਿਸੇ ਨੇ ਪੰਛੀਆਂ ਲਈ ਛੱਤ ਤੇ ਪਾਣੀ ਰਖਿਆ ਸੀ। ਤ੍ਰੇਹ ਨਾਲ ਉਸਦਾ ਬੁਰਾ ਹਾਲ ਹੋ ਗਿਆ। ਉਸਨੇ ਇੱਕ ਦਰਖਤ ਥੱਲੇ ਪਾਣੀ ਦਾ ਘੜਾ ਪਿਆ ਵੇਖਿਆ। ਉਸਨੂੰ ਕੁਝ ਧਰਵਾਸ ਜਿਹਾ ਹੋਇਆ ।ਪਰ ਆਹ ਕੀ। ਪਾਣੀ ਬਹੁਤ ਨੀਵਾਂ ਸੀ। ਉਸਦੀ ਚੁੰਜ ਪਾਣੀ ਤੱਕ ਨਹੀਂ ਸੀ ਪਹੁੰਚ ਰਹੀ। ਉਸਨੇ ਇਧਰ ਉਧਰ ਵੇਖਿਆ। ਇੱਕ ਵੱਡਾ ਸਾਰਾ ਡਲਾ ਚੁੱਕਿਆ ਤੇ ਘੜੇ ਤੇ ਠਾਹ ਮਾਰਿਆ। ਘੜਾ ਟੁੱਟ ਗਿਆ ਸਾਰਾ ਪਾਣੀ ਥੱਲੇ ਡੁੱਲ ਗਿਆ। ਉਸ ਨੇ ਟੁੱਟੇ ਠੀਕਰੇ ਚੋ ਪਾਣੀ ਪੀਤਾ ਤੇ ਫੁਰ ਹੋ ਗਿਆ।
ਗਲਤ ਪਾਪਾ ਗਲਤ ਕਹਾਣੀ ਸੁਣਾ ਰਹੇ ਹੋ। ਕਾਂ ਨੇ ਕੁਝ ਪੱਥਰ ਘੜੇ ਵਿੱਚ ਸੁੱਟੇ ਤੇ ਪਾਣੀ ਦਾ ਲੈਵਲ ਉਪਰ ਹੋ ਗਿਆ ਸੀ ਉਸਨੇ ਪਾਣੀ ਪੀਤਾ ਤੇ ਉੱਡ ਗਿਆ। ਇਸ ਦਾ ਸਿੱਟਾ ਲੋੜ ਕਾਢ ਦੀ ਮਾਂ ਹੈ। ਤੁਸੀਂ ਕਹਾਣੀ ਹੋਰ ਹੀ ਸੁਣਾ ਦਿੱਤੀ।ਮੈਡਮ ਵਾਲੀ ਕਹਾਣੀ ਨਹੀਂ ਸੁਣਾਈ। ਗੀਤ ਗੁੱਸੇ ਵਿੱਚ ਚਿਕਿਆਂ। ਨਹੀਂ ਬੇਟਾ ਇਹ ਉਹ ਕਾਂ ਨਹੀਂ ਸੀ। ਇਹ ਕਾਂ ਕਿਸੇ ਨੇਤਾ ਦੀ ਕੋਠੀ ਚ ਰਹਿੰਦਾ ਸੀ। ਆਪਣਾ ਮਤਲਬ ਹੱਲ ਕਰੋ ਚਾਹੇ ਘੜਾ ਟੁੱਟੇ ਚਾਹੇ ਦੇਸ਼ । ਪਰਵਾਹ ਨਾ ਕਰੋ। ਉਸਨੇ ਨੇਤਾ ਕੋਲੋ ਸਿਖਿਆ ਸੀ ਆਪਣਾ ਕੰਮ ਕੀਤਾ।ਤੇ ਧੱਕੇ ਖਾਏ ਜੀਤਾ।
#ਰਮੇਸ਼ਸੇਠੀਬਾਦਲ