ਗੱਲ 2003 ਦੇ ਸਿਤੰਬਰ ਮਹੀਨੇ ਦੀ ਹੈ। ਅਚਾਨਕ ਕਿਸੇ ਅਫਸਰ ਦਾ ਸਾਡੇ ਘਰ ਆਉਣ ਦਾ ਪ੍ਰੋਗਰਾਮ ਬਣ ਗਿਆ। ਮਨ ਵਿਚ ਕਾਹਲੀ ਤੇ ਫਿਕਰ ਜਿਹਾ ਬਣਿਆ ਹੋਇਆ ਸੀ। ਖਾਣ ਪੀਣ ਦਾ ਮੀਨੂ ਅਤੇ ਗਿਫ਼੍ਟ ਕਈ ਗੱਲਾਂ ਦਾ ਘੜਮੱਸ ਜਿਹਾ ਦਿਮਾਗ ਵਿੱਚ ਘੁੰਮ ਰਿਹਾ ਸੀ। ਡਿਊਟੀ ਤੋਂ ਬਾਦ ਘਰੇ ਪਹੁੰਚਦੇ ਹੀ ਮੈਂ ਬਾਜ਼ਾਰ ਜਾਣ ਬਾਰੇ ਦੱਸ ਦਿੱਤਾ। ਖੈਰ ਦੋਨੋ ਜੀਅ ਬਾਈਕ ਤੇ ਮਾਰਕੀਟ ਚਲੇ ਗਏ। ਪਹਿਲਾ ਕਪੜੇ ਦੀ ਦੁਕਾਨ ਤੋਂ ਦੇਣ ਲਈ ਵਧੀਆ ਸੂਟ ਵਗੈਰਾ ਪਸੰਦ ਕੀਤੇ ਤੇ ਫਿਰ ਅੱਗੇ ਮੀਨਾ ਬਾਜ਼ਾਰ ਜਾਣਾ ਸੀ। ਕਾਹਲੀ ਵਿੱਚ ਮੈਂ ਬਾਇਕ ਸਟਾਰਟ ਕੀਤੀ ਤੇ ਮੀਨਾ ਬਾਜ਼ਾਰ ਪਹੁੰਚ ਗਿਆ। ਰਸਤੇ ਵਿੱਚ ਜਦੋਂ ਮੈਂ ਆਪਣੇ ਪਿਛੇ ਬੈਠੀ ਸਵਾਰੀ ਨਾਲ ਕੋਈ ਗੱਲ ਸਾਂਝੀ ਕੀਤੀ ਤਾਂ ਕੋਈ ਹੁੰਗਾਰਾ ਨਾ ਮਿਲਿਆ। ਉਹ ਮਾਈ ਗੋਡ ਸਵਾਰੀ ਬਾਈਕ ਪਿੱਛੇ ਨਹੀਂ ਸੀ।ਬਾਇਕ ਵਾਪਿਸ ਮੋੜ ਕੇ ਮੈਂ ਕਪੜੇ ਵਾਲੀ ਦੁਕਾਨ ਤੇ ਗਿਆ ਸਵਾਰੀ ਓਥੇ ਵੀ ਨਹੀਂ ਸੀ।ਫਿਰ ਘਰੇ ਵਾਪਿਸ ਜਾ ਕੇ ਛੋਟੇ ਬੇਟੇ ਨੂੰ ਪੁੱਛਿਆ, ਬੇਟਾ ਤੇਰੇ ਮੰਮੀ ਘਰ ਤਾਂ ਨਹੀਂ ਆਏ। ਨਾ ਦਾ ਜਵਾਬ ਸੁਣ ਕੇ ਮੈਂ ਫਿਰ ਮੀਨਾ ਬਾਜ਼ਾਰ ਨੂੰ ਚੱਲ ਪਿਆ। ਰਸਤੇ ਵਿੱਚ ਜੁਆਕਾਂ ਦੀ ਮਾਂ ਪੈਦਲ ਹੀ ਹੋਲੀ ਹੋਲੀ ਮੀਨਾ ਬਾਜ਼ਾਰ ਵੱਲ ਵੱਧ ਰਹੀ ਸੀ। ਉਸਨੂੰ ਬਾਇਕ ਤੇ ਬਿਠਾਇਆ ਤੇ ਅਸੀਂ ਮੀਨਾ ਬਾਜ਼ਾਰ ਵਾਲੇ ਕੰਮ ਫਤਹਿ ਕਰਨ ਚਲੇ ਗਏ। ਪਰ ਮਨ ਵਿਚ ਆਪਣੀ ਕਾਹਲੀ ਵਿਚ ਹੋਈ ਗਲਤੀ ਦੀ ਸ਼ਰਮ ਜਿਹੀ ਬਰਕਰਾਰ ਸੀ। ਵਿਆਹ ਤੋਂ 18 ਸਾਲਾਂ ਬਾਅਦ ਮੇਰੀ ਇਹ ਇਸ ਤਰਾਂ ਦੀ ਪਹਿਲੀ ਗਲਤੀ ਸੀ। ਵੈਸੇ ਜਦੋ ਕਦੇ ਨਵੇਂ ਵਿਆਹੀਆਂ ਔਰਤਾਂ ਨੂੰ ਪਤੀ ਦੇ ਮੋਢੇ ਤੇ ਹੱਥ ਰੱਖ ਕੇ ਬਾਇਕ ਤੇ ਬੈਠਿਆਂ ਵੇਖਦਾ ਤਾਂ ਬੁਰਾ ਲਗਦਾ ਸੀ। ਪਰ ਉਸ ਦਿਨ ਤੋਂ ਬਾਦ ਮੇਨੂ ਅਹਿਸਾਸ ਹੋਇਆ ਕਿ ਇਹ ਨਵੀਆਂ ਵਿਆਹੀਆਂ ਬਾਇਕ ਤੇ ਬੈਠਣ ਵੇਲੇ ਮੋਢੇ ਤੇ ਹੱਥ ਠੀਕ ਹੀ ਰੱਖਦੀਆਂ ਹਨ ਨਹੀਂ ਤਾਂ ਮੇਰੇ ਵਰਗੇ ਕਈ ਸਿਆਣੇ ਨਿੱਤ ਹੀ ਨਵ ਵਿਆਹੀਆਂ ਨੂੰ ਮੀਨਾ ਬਾਜ਼ਾਰ ਯ ਗੋਲ ਬਾਜ਼ਾਰ ਵਿੱਚ ਹੀ ਭੁੱਲ ਆਇਆ ਕਰਨ ਤੇ ਘਰੇ ਜਾ ਕੇ ਫਿਰ ਯਾਦ ਕਰਨ ਤੇ ਚੂੜੇ ਵਾਲੀ ਕਿੱਥੇ ਰਿਹ ਗਈ। ਮੋਢੇ ਤੇ ਹੱਥ ਰੱਖਣ ਨਾਲ ਨਾਲ ਦੀ ਸਵਾਰੀ ਬਾਰੇ ਜਾਣਕਾਰੀ ਰਹਿੰਦੀ ਹੈ।
ਊਂ ਗੱਲ ਆ ਇੱਕ।#ਰਮੇਸ਼ਸੇਠੀਬਾਦਲ