ਖਾਲੀ ਪੀਰੀਅਡ ਧੁੱਪ ਸੇਕ ਰਹੀ ਸਾਂ..ਸਤਵੀਂ ਜਮਾਤ ਦੀ ਉਹ ਕੁੜੀ ਅਜੀਬ ਤਰੀਕੇ ਨਾਲ ਡਰਦੀ ਹੋਈ ਮੇਰੇ ਕੋਲ ਆਈ..!
ਮੈਂ ਹੈਰਾਨ ਹੋਈ..ਨੋਟਿਸ ਕੀਤਾ ਅੱਖੀਆਂ ਵਿਚ ਹੰਝੂ ਵੀ ਸਨ..ਮੈਂ ਕਲਾਵੇ ਵਿਚ ਲਿਆ ਤੇ ਪੁੱਛਿਆ ਕੀ ਗੱਲ ਏ?
ਸੰਕੋਚਵੇਂ ਢੰਗ ਨਾਲ ਰੋ ਪਈ..ਫੇਰ ਪੁੱਛਣ ਲੱਗੀ ਮੇਰੇ ਨਾਲ ਬਾਥਰੂਮ ਚੱਲ ਸਕਦੇ ਓ..?
ਅੰਦਰ ਜਾ ਕੇ ਆਪਣੀ ਚਿੱਟੀ ਸਲਵਾਰ ਦੇ ਪਿੱਛੇ ਲੱਗਾ ਲਾਲ ਰੰਗ ਦਾ ਇੱਕ ਵੱਡਾ ਧੱਬਾ ਵਿਖਾਉਂਦੀ ਹੋਈ ਸਫਾਈਆਂ ਦੇਣ ਲੱਗੀ..ਮੈਨੂੰ ਨੀ ਪਤਾ ਇਹ ਮੇਰਾ ਨਾਲ ਕੀ ਹੋ ਗਿਆ..ਮੈਂ ਹੁਣ ਘਰ ਕਿੱਦਾਂ ਜਾਵਾਂਗੀ..ਡੈਡੀ ਵੀ ਗੁੱਸੇ ਹੋਣਗੇ..!
ਵਾਰ ਵਾਰ ਡੈਡੀ ਦਾ ਹਵਾਲਾ ਹੀ ਕਿਓਂ ਦੇ ਰਹੀ..ਮਾਂ ਦਾ ਜਿਕਰ ਕਿਓਂ ਨਹੀਂ..ਜਿਗਿਆਸਾ ਜਾਗੀ..ਫੇਰ ਪਤਾ ਲੱਗਾ ਕੇ ਮਾਂ ਨਹੀਂ ਸੀ!
ਮੈਂ ਅੰਦਰੋਂ ਕੁੰਡੀ ਮਾਰ ਲਈ..ਤਸੱਲੀ ਨਾਲ ਕਿੰਨਾ ਕੁਝ ਸਮਝਾਇਆ..ਉਮਰ ਨਾਲ ਆਉਂਦੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਤੇ ਕਲਾਵੇ ਵਿਚ ਲੈਂਦੇ ਹੋਏ ਆਖਿਆ..ਬੱਚੇ ਤੇਰਾ ਕੋਈ ਕਸੂਰ ਨਹੀਂ..ਤੈਨੂੰ ਕੋਈ ਕੁਝ ਨੀ ਕਹਿੰਦਾ..ਮੈਂ ਤੇਰੇ ਨਾਲ ਹਾਂ!
ਫੇਰ ਤਰਲੇ ਜਿਹੇ ਨਾਲ ਆਖਣ ਲੱਗੀ ਮੈਨੂੰ ਘਰ ਛੱਡ ਸਕਦੇ ਓ?
ਮੈਂ ਹਾਮੀਂ ਭਰ ਦਿੱਤੀ ਅਤੇ ਨਾਲ ਹੀ ਉਸਦੀ ਗਲ਼ ਪਾਈ ਉਨਾਭੀ ਰੰਗ ਦੀ ਕੋਟੀ ਲੁਹਾ ਲਈ ਤੇ ਆਖਿਆ ਇਸਨੂੰ ਲੱਕ ਦਵਾਲੇ ਬੰਨ ਲਵੇ..ਇੰਝ ਕਿਸੇ ਨੂੰ ਕੁਝ ਵੀ ਨਹੀਂ ਦਿਸੇਗਾ!
ਬਾਕੀ ਦਿਨ ਦੀ ਛੁੱਟੀ ਦੀ ਅਰਜੀ ਦੇ ਦਿੱਤੀ..ਐਕਟਿਵਾ ਤੇ ਬਿਠਾ ਕੇ ਉਸਦੇ ਘਰੇ ਅਪੜ ਗਏ..ਉਸਦਾ ਡੈਡੀ ਅਜੇ ਕੰਮ ਤੋਂ ਆਇਆ ਹੀ ਸੀ..ਉਸ ਨੂੰ ਵੀ ਸਾਰੀ ਗੱਲ ਸਮਝਾਈ..ਪਤਾ ਨੀ ਕਿਓਂ ਉਸ ਦੀਆਂ ਅੱਖਾਂ ਵੀ ਤਰ ਹੋ ਗਈਆਂ ਸਨ!
ਪਹਿਲੀ ਤਰੀਕ ਨੂੰ ਤਨਖਾਹ ਵੇਖੀ ਤਾਂ ਪੂਰੀ ਹੀ ਸੀ..ਸਕੂਲ ਨੇ ਅੱਧੇ ਦਿਨ ਦੇ ਪੈਸੇ ਵੀ ਨਹੀਂ ਸਨ ਕੱਟੇ..ਦਾਦੇ ਹੁਰੀਂ ਆਖਿਆ ਕਰਦੇ ਸਨ ਦਸਵੰਦ ਹਰ ਇਨਸਾਨ ਕੱਢਦਾ..ਤਰੀਕੇ ਵੱਖੋ ਵੱਖ ਹੋ ਸਕਦੇ!
ਜਵਾਨ ਹੁੰਦੀਆਂ ਧੀਆਂ ਲਈ ਜਾਉਂਦੀਆਂ ਜਾਗਦੀਆਂ ਮਾਵਾਂ ਦਾ ਸਿਰ ਤੇ ਹੋਣਾ ਬਹੁਤ ਜਰੂਰੀ ਏ..ਬਾਪ ਭਾਵੇਂ ਲੱਖ ਕੋਸ਼ਿਸ਼ ਕਰ ਲੈਣ..ਉਹ ਗੱਲ ਨੀ ਬਣਦੀ!
ਹਰਪ੍ਰੀਤ ਸਿੰਘ ਜਵੰਦਾ