ਰੀਅਲ ਏਸ੍ਟੇਟ ਵਿਚ ਮੇਰਾ ਦੂਜਾ ਸਾਲ ਸੀ..ਇੱਕ ਜੋੜਾ ਆਇਆ..ਓਹਨਾ ਆਪਣਾ ਨਵਾਂ ਬਣਵਾਇਆ ਘਰ ਵੇਚਣਾ ਸੀ!
ਦੋਵੇਂ ਮੈਨੂੰ ਮਿਲਣ ਵੱਖੋ ਵੱਖ ਗੱਡੀਆਂ ਵਿਚ ਆਏ..ਆਪਸੀ ਗੱਲਬਾਤ ਵੀ ਸੰਖੇਪ ਜਿਹੀ ਹੀ..ਸੱਤ ਕੂ ਮਹੀਨਿਆਂ ਦੀ ਪਿਆਰੀ ਜਿਹੀ ਬੱਚੀ ਮਾਂ ਦੀ ਛਾਤੀ ਨਾਲ ਲੱਗੀ ਹੋਈ ਸੀ!
ਮੇਰੇ ਕੋਲ ਦੋ ਹੀ ਰਾਹ ਸਨ..ਜਾਂ ਤੇ ਚੁੱਪ ਚਾਪ ਘਰ ਵੇਚ ਕਮਿਸ਼ਨ ਬਣਾਉਂਦਾ ਤੇ ਜਾਂ ਫੇਰ ਸੁਲਹ ਸਫਾਈ ਵਾਲਾ ਕੋਈ ਰਾਹ ਲੱਭਿਆ ਜਾਂਦਾ!
ਅਕਸਰ ਸੋਚਦਾ ਆਪਸੀ ਤਣਾਉ ਦੀ ਕੀ ਵਜਾ ਹੋ ਸਕਦੀ ਏ..ਪਰ ਅਗਲੇ ਹੀ ਪਲ ਪ੍ਰਾਈਵੇਸੀ ਕਨੂੰਨ ਰਾਹ ਡੱਕ ਲਿਆ ਕਰਦਾ..ਇੱਕ ਹੋਰ ਸਲਾਹ ਕੇ ਬਿਨਾ ਵਜਾ ਦੂਜੇ ਦੇ ਮਾਮਲੇ ਵਿਚ ਦਿੱਤਾ ਦਾਖਲ ਕਈ ਵਾਰ ਕਾਫੀ ਮੇਂਹਗਾ ਵੀ ਸਾਬਿਤ ਹੋ ਜਾਂਦਾ!
ਪਰ ਮਝੈਲ ਖੂਨ..ਦੋ ਘੜੀਆਂ ਤਲਵਾਰ ਦੀ ਧਾਰ ਤੇ ਤੁਰਿਆਂ ਜੇ ਕਿਸੇ ਦਾ ਟੁੱਟਦਾ ਹੋਇਆ ਘਰ ਬਚਦਾ ਏ ਤਾਂ ਘਾਟੇ ਦਾ ਸੌਦਾ ਨਹੀਂ..!
ਇੱਕ ਦੋ ਮੀਟਿੰਗਾਂ ਹੋਰ ਹੋਈਆਂ..ਦੋਹਾਂ ਨੂੰ ਵਿਸ਼ਵਾਸ਼ ਵਿਚ ਲਿਆ..ਘੋਖ ਕੱਢੀ..ਅਖੀਰ ਸਾਰਾ ਮਸਲਾ ਆਪਸੀ ਸ਼ੱਕ ਦਾ ਨਿੱਕਲਿਆ..!
ਮੁੰਡਾ ਇਥੇ ਪੂਰਾਣਾ ਆਇਆ ਸੀ ਤੇ ਨਾਲਦੀ ਨਵੀਂ-ਨਵੀਂ ਵਿਆਹ ਕੇ ਲਿਆਂਦੀ ਸੀ..ਇੱਕ ਦਿਨ ਇੰਡੀਆ ਤੋਂ ਆਈ ਇੱਕ ਕਾਲ ਨੇ ਮਸਲਾ ਖੜਾ ਕਰ ਦਿੱਤਾ..!
ਮਗਰੋਂ ਉਸਨੇ ਵੀ ਆਖਣਾ ਸ਼ੁਰੂ ਕਰ ਦਿੱਤਾ ਕੇ ਇਸਨੇ ਇਥੇ ਵੀ ਕੋਈ ਰੱਖੀ ਏ..ਫੇਰ ਤੋਹਮਤਾਂ..ਮੇਹਣੇ..ਦੂਸ਼ਣ ਬਾਜੀਆਂ ਅਤੇ ਸ਼ੱਕ ਸ਼ੁਬ੍ਹੇ ਵਾਲਾ ਸਿਲਸਿਲਾ ਏਨੀ ਅੱਗੇ ਤੀਕਰ ਵੱਧ ਗਿਆ ਕੇ ਵੱਖੋ ਵੱਖ ਰਾਹਾਂ ਨੂੰ ਹੋ ਤੁਰੇ ਪਾਂਧੀ ਚਾਵਾਂ ਨਾਲ ਬਣਵਾਇਆ ਮਹਿੰਗਾ ਘਰ ਕੌਡੀਆਂ ਦੇ ਭਾਅ ਸੁੱਟਣ ਨੂੰ ਤਿਆਰ ਹੋ ਗਏ!
ਅਖੀਰ ਇੱਕ ਵਿਚੋਲਾ ਲੱਭਿਆ ਜਿਹੜਾ ਇੰਝ ਦੇ ਮਸਲਿਆਂ ਪ੍ਰਤੀ ਸੁਹਿਰਦ ਸੋਚ ਰੱਖਦਾ ਸੀ..ਸਾਰਾ ਮਸਲਾ ਉਸ ਦੇ ਸਪੁਰਦ ਕਰ ਮੈਂ ਆਪ ਪਾਸੇ ਹੋ ਗਿਆ..!
ਫੇਰ ਕਨੇਡਾ ਦੀ ਭੱਜ ਦੌੜ ਨੇ ਮੈਨੂੰ ਇਹ ਸਾਰਾ ਬਿਰਤਾਂਤ ਭੁਲਾ ਦਿੱਤਾ!
ਕਾਫੀ ਅਰਸੇ ਮਗਰੋਂ ਇੱਕ ਦਿਨ ਦੋਵੇਂ ਸਟੋਰ ਵਿਚ ਮਿਲ ਗਏ..ਨਿੱਕੀ ਬੱਚੀ ਵੀ ਹੁਣ ਵੱਡੀ ਹੋ ਗਈ ਸੀ..ਕੋਲ ਹੀ ਖੇਡਾਂ ਖੇਡਦੀ ਤੁਰੀ ਫਿਰਦੀ..!
ਸਤਿ ਸ੍ਰੀ ਅਕਾਲ ਅਤੇ ਸਰਸਰੀ ਹਾਲ ਚਾਲ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋਈ..ਦੋਹਾਂ ਏਨਾ ਹੀ ਦੱਸਿਆ ਕੇ ਉਹ ਅਜੇ ਵੀ ਓਸੇ ਘਰ ਵਿੱਚ ਹੀ ਰਹਿੰਦੇ ਨੇ..!
ਨਿੱਕੇ ਨਿਆਣੇ ਅਕਸਰ ਹੀ ਮੈਨੂੰ ਦੇਖ ਡਰ ਜਾਇਆ ਕਰਦੇ ਸਨ ਪਰ ਉਹ ਨਿੱਕੀ ਜਿਹੀ ਮੇਰੇ ਵੱਲ ਬਿਨਾ ਵਜਾ ਹੀ ਵੇਖ ਵੇਖ ਮੁਸਕੁਰਾਈ ਜਾ ਰਹੀ ਸੀ..!
ਇੰਝ ਲੱਗਾ ਆਖ ਰਹੀ ਹੋਵੇ ਕੇ ਅੰਕਲ ਸ਼ੁਕਰੀਆ..ਖਿੱਲਰਦੇ ਹੋਏ ਆਲ੍ਹਣੇ ਨੂੰ ਬਚਾਉਣ ਲਈ..ਫੇਰ ਤਿੰਨਾਂ ਨੂੰ ਇਕੱਠਿਆਂ ਤੁਰੇ ਜਾਂਦਿਆਂ ਨੂੰ ਦੇਖ ਅਜੀਬ ਜਿਹਾ ਸਕੂਨ ਮਿਲਿਆ ਜਿਹੜਾ ਸ਼ਾਇਦ ਕਿਸੇ ਵੀ ਦੁਨਿਆਵੀ ਸਟੋਰ ਤੋਂ ਢੇਰ ਸਾਰੇ ਪੈਸੇ ਖਰਚ ਕੇ ਵੀ ਮੁੱਲ ਨਾ ਖਰੀਦਿਆ ਜਾ ਸਕਦਾ ਹੋਵੇ..!
(ਦੋਵੇਂ ਹੁਣ ਕਿਸੇ ਦੂਜੇ ਸ਼ਹਿਰ ਚਲੇ ਗਏ ਪਰ ਸੁਲਾਹ-ਸਫਾਈ ਕਰਵਾਉਣ ਵਾਲੇ ਬਾਬਾ ਜੀ ਹੁਣ ਜਹਾਨੋਂ ਕੂਚ ਕਰ ਗਏ ਨੇ)
ਹਰਪ੍ਰੀਤ ਸਿੰਘ ਜਵੰਦਾ