ਥਾਣੇ ਦੀ ਇੱਕ ਸੱਚੀ ਘਟਨਾ ਦੇ ਅਧਾਰਿਤ ਕਹਾਣੀ ‘ਵੀਰੇ ਦੀ ਵਾਪਸੀ ‘ – ਜਗਤਾਰ ਸਿੰਘ ਹਿੱਸੋਵਾਲ
———————————————————————
“ਅੱਛਾ ਜੀ ਸਰਦਾਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ।ਮੈਂ ਹੁਣ ਬੱਚਿਆਂ ਨੂੰ ਕਹਿਣ ਜੋਗਾ ਹੋ ਗਿਆਂ ਬਈ ਤੁਹਾਡਾ ਵੀਰਾ ਵਾਪਿਸ ਆ ਗਿਆ।” ਇੰਨਾ ਕਹਿ ਉਹ ਮੋਟਰਸਾਈਕਲ ਨੂੰ ਰੇਸ ਦੇ ਚਲਾ ਗਿਆ।
ਰੋਜ਼ਾਨਾ ਦੀ ਤਰਾਂ ਆਪਣੇ ਰੁਟੀਨ ਵਿੱਚ ਮਸ਼ਰੂਫ ਮੈਂ ਇੱਕ ਆਰ ਟੀ ਆਈ ਐਕਟ ਅਧੀਨ ਮੰਗੀ ਜਾਣਕਾਰੀ ਨੂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਅਚਾਨਕ ਨਿਮਾਣੀ ਜਿਹੀ ਸੁਰ ਵਿੱਚ ਕਿਸੇ ਨੇ ਕਿਹਾ ” ਸਾਸ਼੍ਰੀਕਾਲ ਜੀ। ”
ਮੈਂ ਸਿਰ ਚੁੱਕ ਕੇ ਦੇਖਿਆ, ਸਧਾਰਣ ਜਿਹੇ ਕੱਪੜਿਆਂ ਵਿੱਚ ਰੋਣਹਾਕਾ ਜਿਹਾ ਹੋਇਆ ਇੱਕ ਜੋੜਾ ਖੜ੍ਹਾ ਸੀ। ਮੈਂ ਇੱਕ ਨਜ਼ਰ ਗੌਰ ਨਾਲ ਦੇਖਿਆ। ਫਿਰ ਇਸ਼ਾਰੇ ਨਾਲ ਸਾਹਮਣੇ ਪਈਆਂ ਕੁਰਸੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ “ਬੈਠੋ”।
ਉਨ੍ਹਾਂ ਦੇ ਬੈਠਣ ਵਿੱਚ ਵੀ ਬੇਚੈਨੀ ਝਲਕ ਰਹੀ ਸੀ।
” ਕਿਵੇਂ ਆਏ ।” ਮੈਂ ਸੁਭਾਵਿਕ ਹੀ ਪੁੱਛਿਆ।
“ਪੁੱਛੋਂ ਨਾ ਸਰਦਾਰ ਜੀ, ਬਹੁਤ ਪ੍ਰੇਸ਼ਾਨ ਹਾਂ। ਸਾਡਾ ਮੋਟਰਸਾਈਕਲ ਚੁੱਕਿਆ ਗਿਆ । ਗਿੱਲ ਰੋਡ ਤੋਂ। ਬਥੇਰਾ ਲੱਭਿਆ । ਆਸੇ ਪਾਸੇ ਪੁੱਛਿਆ ਵੀ। ਹਾਰ ਕੇ ਆਪਣਾ ਦੁੱਖ ਲੈ ਤੁਹਾਡੇ ਕੋਲ਼ ਪਹੁੰਚੇ ਆਂ। ਹੁਣ ਤਾਂ ਤੁਹਾਡਾ ਹੀ ਆਸਰਾ ਜੀ।”
” ਅੱਛਾ, ਕੋਈ ਗੱਲ ਨਹੀਂ , ਆਪਾਂ ਰਪਟ ਲਿੱਖ ਲੈਨੇ ਆਂ। ਫਿਕਰ ਨਾ ਕਰੋ ਮੋਟਰਸਾਈਕਲ ਤਾਂ ਲੱਭ ਹੀ ਜਾਂਦੇ ਹੁੰਦੇ ਆ।” ਮੈਂ ਉਨ੍ਹਾਂ ਨੂੰ ਧਰਵਾਸ ਦਵਾਉਣ ਦੇ ਲਹਿਜ਼ੇ ਨਾ ਕਿਹਾ। ਉਨ੍ਹਾਂ ਡੂੰਘਾ ਸਾਹ ਲਿਆ, ਜਿਵੇਂ ਮਨ ਟਿਕਾਣੇ ਆ ਰਿਹਾ ਹੋਵੇ।
” ਕੀ ਨਾਂ ?” ਮੈਂ ਕਾਗਜ਼ਾਂ ਵਾਲਾ ਪੈਡ ਆਪਣੇ ਵੱਲ ਖਿੱਚਦਿਆਂ ਕਿਹਾ।
” ਜੀ, ਕੁਲਵਿੰਦਰ ਸਿੰਘ, ਪਿੰਡ ਲੁਹਾਰਾ। ” ਉਸਨੇ ਬੜੀ ਅਧੀਨਗੀ ਜਿਹੀ ਨਾਲ਼ ਕਿਹਾ।
” ਕੀ ਕੰਮ ਕਰਦੇ ਓਂ ।”ਮੈਂ ਜਰੂਰੀ ਜਾਣਕਾਰੀ ਲੈਂਦਿਆਂ ਪੁੱਛਿਆ।
“ਜੀ, ਫੈਕਟਰੀ ‘ਚ ਕੰਮ ਕਰਦਾਂ।” ਉਸਨੇ ਤੁਰੰਤ ਜੁਆਬ ਦਿੱਤਾ।
“ਮੋਟਰਸਾਈਕਲ ਗੁਆਚਿਆ ਕਿਵੇਂ ?”ਮੈਂ ਪੂਰੀ ਜਾਣਕਾਰੀ ਲੈਣ ਹਿੱਤ ਸਵਾਲ ਕੀਤਾ।
” ਜੀ, ਕੀ ਦੱਸੀਏ, ਤੁਹਾਨੂੰ ਪਤਾ ਈ ਆ ਜੀ ਬਈ ਫੈਕਟਰੀ ਵਾਲੇ ਕਿੰਨੇ ਕੁ ਪੈਸੇ ਦਿੰਦੇ ਨੇ। ਛੋਟਾ ਜਿਹਾ ਪੁਰਾਣਾ ਘਰ ਆ ਜੀ ਸਾਡਾ। ਮੀਂਹ ਕਣੀ’ ਚ ਚੋਣ ਲੱਗ ਜਾਂਦਾ। ਔਖੇ-ਸੌਖੇ ਥੁੱਹੜੇ ਜਿਹੇ ਪੈਸੇ ਜੋੜੇ ਆ ਜੀ, ਬਈ ਹੋਰ ਨੀ ਤਾਂ ਛੱਤ ਬਦਲ ਲਈਏ। ਲੈਂਟਰ ਤਾਂ ਪਾਇਆ ਨਹੀਂ ਜਾਣਾ। ਆ ਗਾਡਰਾਂ ਵਗੈਰਾ ਦਾ ਪਤਾ ਕਰਨ ਆਏ ਸੀ।ਬਈ ਕਿੰਨਾਂ ਕੁ ਖਰਚ ਆ ਜੂ। ਲੋਹੇ ਆਲ਼ੀ ਦੁਕਾਨ ਦੇ ਬਾਹਰ ਜਿੰਦਾ ਲਾਕੇ ਖੜ੍ਹਾ ਕੀਤਾ ਸੀ।ਗਿੱਲ ਰੋਡ ਤੇ। ਦੁਕਾਨ ‘ਚ ਭੀੜ ਸੀ, ਥੁੱਹੜਾ ਟੈਮ ਲੱਗ ਗਿਆ। ਬਾਹਰ ਆਕੇ ਦੇਖਿਆ ਤਾਂ ਮੋਟਰਸੈਕਲ ਓਥੇ ਹੈ ਨੀ ਸੀ। ”
ਦੋਨੋਂ ਜਿਵੇਂ ਫਿੱਸ ਹੀ ਪਏ। ਆਦਮੀ ਨੇ ਰੁਮਾਲ ਨਾਲ ਅੱਖਾਂ ਪੂੰਝੀਆਂ। ਤੇ ਔਰਤ ਨੇ ਚੁੰਨੀ ਨਾਲ। ਉਸਤੋਂ ਵੀ ਰਿਹਾ ਨਾ ਗਿਆ ਪਾਟੀ ਜਿਹੀ ਆਵਾਜ ਵਿੱਚ ਬੋਲੀ।”ਵੀਰ ਜੀ, ਮੋਟਰਸੈਕਲ ਦੀ ਤਾਂ ਖਾਧੀ-ਖੜ੍ਹੀ। ਸਾਡੇ ਦੋ ਨਿਆਣੇ ਆ। ਇੱਕ ਮੁੰਡਾ, ਇੱਕ ਕੁੜੀ। ਗਰੀਬਾਂ ਕੋਲ਼ ਹੋਰ ਹੁੰਦਾ ਵੀ ਕੀ ਆ। ਜੁਆਕ ਮੋਟਰਸੈਕਲ ਦਾ ਤਿਹੁ ਕਰਦੇ ਈ ਬਹੁਤਾ ਨੇ। ਮਾੜੀ ਜਿਹੀ ਮਿੱਟੀ ਬੀ ਨੀ ਪੈਣ ਦਿੰਦੇ। ਜਦੇ ਕੱਪੜਾ ਚੱਕ ਝਾੜਨ ਬਹਿ ਜਾਂਦੇ ਨੇ। ਲਾਡ ‘ਚ ਆਏ ਕਹਿਣਗੇ ਇਹ ਤਾਂ ਸਾਡਾ ਵੀਰਾ। ਹੁਣ ਤੁਸੀਂ ਆਪ ਸਿਆਣੇ ਓਂ ਬੱਚਿਆਂ ਨੂੰ ਕਿਹੜੇ ਮੂੰਹ ਨਾਲ ਜਾ ਕੇ ਦੱਸਾਂਗੇ ਕਿ ਅਸੀਂ ਤੁਹਾਡੇ ਵੀਰੇ ਨੂੰ ਗੁਆ ਆਏ ਆਂ।”ਉਸਦੀ ਜਿਵੇਂ ਭੁੱਬ ਹੀ ਨਿੱਕਲ ਗਈ।
ਮੈਂ ਉਨ੍ਹਾਂ ਨੂੰ ਧਰਵਾਸ ਦਿੰਦਿਆਂ ਕਿਹਾ। “ਦਿੱਲ ਰੱਖੋ। ਰਪਟ ਲਿਖ ਲਈ ਆ। ਮੋਟਰਸਾਈਕਲ ਮਿਲ਼ਦਿਆਂ ਹੀ ਤੁਹਾਨੂੰ ਸੁਨੇਹਾਂ ਘੱਲ ਦਿਆਂਗੇ। ਤੁਸੀਂ ਆਕੇ ਮੋਟਰਸਾਈਕਲ ਲੈ ਜਿਓ।”
ਉਨ੍ਹਾਂ ਨੂੰ ਜਿਵੇਂ ਬੇਵਿਸ਼ਵਾਸੀ ਲੱਗੀ ਹੋਈ ਸੀ। ਪਤਨੀ ਝੱਟ ਹੀ ਬੋਲੀ,” ਵੀਰ ਜੀ ਲੱਭ ਤਾਂ ਜਾਊ। ”
“ਨਾ ਬੀਬਾ ਘਬਰਾਓ ਨਾ।ਹਮੇਸ਼ਾਂ ਭਲੀ ਦੀ ਆਸ ਰੱਖੀਦੀ ਆ। ” ਮੈਂ ਆਪਣਾ ਫਰਜ਼ ਨਿਭਾਉੰਦਿਆਂ ਕਿਹਾ।
ਉਹ ਦੋਨੋਂ ਆਪਣੀ ਦੁੱਖਾਂ ਦੀ ਪੰਡ ਅਤੇ ਥੁੱਹੜੀ ਜਿਹੀ ਆਸ ਉਮੀਦ ਲਈ, ਨਿੰਮੋਝੂਣੇ ਜਿਹੇ ਹੋਏ ਤੁਰ ਗਏ।
ਮੈਂ ਰਿਪੋਰਟ ਲਿਖਣ ਉਪਰੰਤ ਲੋੜੀਂਦੀ ਕਰਵਾਈ ਕਰ ਦਰਖਾਸਤ ਨੂੰ ਡਿਊਟੀ ਅਫਸਰ ਦੇ ਹਵਾਲੇ ਕਰ ਦਿੱਤਾ।
ਕੋਈ ਵੀਹ ਬਾਈ ਦਿਨਾਂ ਬਾਅਦ ਉਸਦਾ ਮੋਟਰਸਾਈਕਲ ਟਰੇਸ ਹੋ ਗਿਆ। ਉਸ ਨੂੰ ਥਾਣੇ ਬੁਲਾ ਕੇ ਮੋਟਰਸਾਈਕਲ ਦੀ ਸਪੁਰਦਦਾਰੀ ਲੈਣ ਦੀ ਕਨੂੰਨੀ ਕਾਰਵਾਈ ਬਾਰੇ ਸਮਝਾ ਦਿੱਤਾ ਗਿਆ।
ਕੁੱਝ ਦਿਨਾਂ ਬਾਅਦ ਕੁਲਵਿੰਦਰ ਦਾ ਫੋਨ ਆਇਆ ਕਿ ਉਸਨੇ ਸਪੁਰਦਦਾਰੀ ਦੀ ਸਾਰੀ ਕਾਰਵਾਈ ਪੂਰੀ ਕਰ ਲਈ ਹੈ। ਉਹ ਆਰਡਰ ਲੈ ਕੇ ਥਾਣੇ ਆ ਰਿਹਾ ਹੈ। ਉਹ ਥੜਾ ਲੇਟ ਹੋ ਜਾਵੇਗਾ। ਉਡੀਕਣ ਦੀ ਕਿਰਪਾ ਕਰਨੀ।
ਕਰੀਬ ਸ਼ਾਮੀਂ ਸੱਤ ਕੁ ਵਜੇ ਉਹ ਆਪਣੀ ਪਤਨੀ ਸਮੇਤ ਆਇਆ। ਦੋਨਾਂ ਦੇ ਚਿਹਰਿਆਂ ਤੇ ਰੌਣਕ ਪੂਰੀ ਤਰ੍ਹਾਂ ਚਮਕ ਰਹੀ ਸੀ।
ਮੈਂ ਸਾਰੀ ਕਾਗਜ਼ੀ ਕਾਰਵਾਈ ਕਰ, ਆਰਡਰਾਂ ਤੇ ਉਸਦੇ ਦਸਤਖਤ ਕਰਵਾ ਉਸਨੂੰ ਮੋਟਰਸਾਈਕਲ ਦੇਣ ਲਈ ਮੋਟਰਸਾਈਕਲ ਕੋਲ਼ ਲੈ ਗਿਆ।
ਮੈਂ ਹਾਲੇ ਕੁਲਵਿੰਦਰ ਨਾਲ਼ ਗੱਲ ਕਰ ਹੀ ਰਿਹਾ ਸੀ ਕਿ ਉਸਦੀ ਪਤਨੀ ਦੀ ਮਾਯੂਸ ਜਿਹੀ ਆਵਾਜ਼ ਆਈ। ” ਮੇਰੇ ਪੁੱਤ ਦਾ ਕੀ ਹਾਲ ਹੋ ਗਿਆ। ਕਿੰਨੀਂ ਮਿੱਟੀ ਪਈ ਆ।” ਇੰਨਾ ਕਹਿ ਉਹ ਮੋਟਰਸਾਈਕਲ ਤੋਂ, ਆਪਣੀ ਚੁੰਨੀ ਦੇ ਪੱਲੇ ਨਾਲ਼ ਮਿੱਟੀ ਝਾੜਣ ਲੱਗ ਪਈ।
ਕੁਲਵਿੰਦਰ ਮੇਰੇ ਵੱਲ ਵੇਖ ਕੇ ਕਹਿਣ ਲੱਗਿਆ ” ਮੁਨਸ਼ੀ ਜੀ, ਸਾਡੇ ਗਰੀਬਾਂ ਲਈ ਤਾਂ ਇਹ ਬਹੁਤ ਵੱਡੀ ਚੀਜ਼ ਹੈ। ਮੈਂ ਪੁੱਤਾਂ ਵਾਂਗ ਸਾਂਭਦਾ ਹਾਂ। ਜੁਆਕਾਂ ਦੀ ਤਾਂ ਪੁੱਛੋ ਨਾ, ਉਨ੍ਹਾਂ ਦੀ ਤਾਂ ਜਾਨ ਆ ਏਹ। ਭੋਰਾ ਮਿੱਟੀ ਨੀ ਲੱਗਣ ਦਿੰਦੇ। ਉਤੇ ਬੈਠ ਕੇ ਤਾਂ ਰੋਟੀ ਵੀ ਭੁੱਲ ਜਾਂਦੇ ਨੇ।ਉੰਜ ਵੀ ਜਿੱਦਣ ਦਾ ਗੁਆਚਿਆ ਕਿਸੇ ਨੇ ਚੱਜ ਨਾਲ਼ ਰੋਟੀ ਨਹੀਂ ਖਾਧੀ। ਮੋਟਰਸੈਕਲ ਤਾਂ ਕਹਿੰਦੇ ਈ ਨੀ। ਵੀਰਾ ਹੀ ਕਹਿਣਗੇ।” ਇੰਨਾਂ ਕਹਿ ਉਸਨੇ ਵੀ ਅੱਖਾਂ ਭਰ ਲਈਆਂ।
ਕੋਲ਼ੋ ਹੀ ਪਤਨੀ ਵੀ ਭਰੀਆਂ ਅੱਖਾਂ ਨਾਲ਼ ਬੋਲੀ, ” ਮੈਂ ਤਾਂ ਓਦਣ ਦੀ ਰੱਬ ਅੱਗੇ ਅਰਦਾਸਾਂ ਕਰਦੀ ਨੀ ਥੱਕਦੀ ਸੀ। ਸ਼ੁਕਰ ਆ ਰੱਬ ਨੇ ਮੇਰੀ ਸੁਣ ਲਈ। ਵੀਰ ਜੀ, ਤੁਹਾਡਾ ਵੀ ਉਨਾਂ ਹੀ ਧੰਨਵਾਦ, ਜਿੰਨ੍ਹਾਂ ਸਾਡੀ ਫਰਿਆਦ ਸੁਣੀ।”
ਉਸਨੇ ਮੋਟਰਸਾਈਕਲ ਸਟਾਰਟ ਕੀਤਾ। ਆਪਣੀ ਪਤਨੀ ਨੂੰ ਨਾਲ਼ ਬਿਠਾਇਆ। ਮੇਰੇ ਵੱਲ ਹੱਥ ਜੋੜੇ। ਤੇ ਕਿਹਾ, “ਮੈਂ ਅੱਜ ਬੱਚਿਆਂ ਨੂੰ ਕਹਿਣ ਜੋਗਾ ਹੋ ਗਿਆਂ ਬਈ ਥੋਡਾ ਵੀਰਾ ਮੁੜ ਆਇਆ। ”
Jagtar Singh Hissowal -9878330324