ਬਹੁਤ ਸਮਾਂ ਪਹਿਲਾਂ ਸਾਡੀ ਮੰਡੀ ਵਿੱਚ ਵੱਡੀਆਂ ਵੱਡੀਆਂ ਚਿੱਟੀਆਂ ਮੁੱਛਾਂ ਵਾਲਾ ਇੱਕ ਬਾਬਾ ਕਾਂਜੀ ਭਲਿਆਂ ਦੀ ਰੇਹੜੀ ਲਾਉਂਦਾ ਸੀ। ਸ਼ਾਇਦ ਦੋ ਰੁਪਏ ਦੇ ਤਿੰਨ ਭੱਲੇ ਦਿੰਦਾ ਸੀ। ਉਸਦੀ ਲੱਕੜ ਦੇ ਤਿੰਨ ਪਹੀਆਂ ਵਾਲੀ ਰੇਹੜੀ ਸਾਰੇ ਬਜ਼ਾਰ ਦਾ ਇੱਕ ਗੇੜਾ ਲਾਉਂਦੀ ਸੀ। ਹਰ ਚੌਂਕ, ਬਜ਼ਾਰ, ਫਾਟਕ, ਮੋੜ ਅਤੇ ਪਬਲਿਕ ਜਗ੍ਹਾ ਤੇ ਖੜਨ ਲਈ ਉਸਦਾ ਟਾਈਮ ਨਿਸਚਤ ਸੀ। ਉਹ ਪਿੱਪਲ ਦੇ ਧੋਤੇ ਹੋਏ ਪੱਤਿਆਂ ਤੇ ਰੱਖ ਕੇ ਭੱਲੇ ਦਿੰਦਾ ਅਤੇ ਉਸੇ ਪੱਤੇ ਨੂੰ ਮੋੜ ਕੇ ਕਾਂਜੀ ਪਾਣੀ ਪਿਲਾਉਂਦਾ ਸੀ। ਘੜੇ ਵਿਚੋਂ ਪਾਣੀ ਪਾਉਣ ਲਈ ਉਹ ਕਿਸੇ ਕੜਛੀ ਆਦਿ ਨਹੀਂ ਸੀ ਵਰਤਦਾ ਸਗੋਂ ਨਾਰੀਅਲ ਦੇ ਖੋਲ ਦੀ ਬਣੀ ਠੂਠੀ ਤੋਂ ਕੰਮ ਲੈਂਦਾ। ਜੂਠੇ ਪਿੱਪਲ ਦੇ ਪੱਤਿਆਂ ਨੂੰ ਉਹ ਰੇਹੜੀ ਦੇ ਥੱਲੇ ਰੱਖੀ ਟੋਕਰੀ ਵਿੱਚ ਰੱਖਣ ਲਈ ਕਹਿੰਦਾ। ਉਹ ਬਹੁਤ ਸੁਚ ਰੱਖਦਾ ਸੀ। ਹੁਣ ਜਦੋਂ ਰੇਹੜੀਆਂ ਵਾਲਿਆਂ ਨੂੰ ਜੂਠੇ ਬਰਤਨ ਇੱਕੋ ਪਾਣੀ ਨਾਲ ਧੋਂਦੇ ਵੇਖਦੇ ਹਾਂ ਤਾਂ ਉਸ ਬਾਬੇ ਦੀ ਸੁੱਧਤਾ ਦੀ ਬਹੁਤ ਯਾਦ ਆਉਂਦੀ ਹੈ। ਅੱਜ ਉਸ ਦੀ ਨਕਲ ਵਾਲੀਆਂ ਕਈ ਰੇਹੜੀਆਂ ਹਨ ਪਰ ਓਹ ਹਿੰਗ, ਰਾਈ ਅਤੇ ਹੋਰ ਮਸਾਲੇ ਪਾ ਕੇ ਬਣਾਇਆ ਉਹ ਪਾਣੀ ਨਹੀਂ ਮਿਲਦਾ।
#ਰਮੇਸ਼ਸੇਠੀਬਾਦਲ