ਕਹਿੰਦੇ ਇੱਕ ਵਾਰੀ ਵੱਡੇ ਬਾਦਲ ਸਾਹਿਬ ਨੇ ਸੁਖਬੀਰ ਜੀ ਨੂੰ ਮੁੱਖ ਮੰਤਰੀ ਬਣਾਉਣ ਦੇ ਸਵਾਲ ਤੇ ਕਿਹਾ ਸੀ ਕਿ ਰਾਜ ਅਤੇ ਖੁਰਕ ਆਪੇ ਕਰਨ ਵਿੱਚ ਜ਼ਿਆਦਾ ਸਵਾਦ ਆਉਂਦਾ ਹੈ। ਰਾਜ ਤਾਂ #ਰਾਜ_ਨਹੀਂ_ਸੇਵਾ ਚ ਬਦਲ ਗਿਆ ਤੇ ਰਾਜ ਦੀ ਗੱਲ ਕਰਨਾ ਆਪਣੇ ਵੱਸ ਦਾ ਰੋਗ ਵੀ ਨਹੀ ਹੈ। ਹੁਣ ਗੱਲ ਖੁਰਕ ਦੀ ਕਰਦੇ ਹਾਂ। ਵਾਕਿਆ ਹੀ ਆਪੇ ਖੁਰਕ ਕਰਨ ਵਿੱਚ ਜੋ ਮਜ਼ਾ ਹੈ ਉਹ ਕਿਸੇ ਹੋਰ ਤੋਂ ਕਰਾਉਣ ਵਿੱਚ ਕਿੱਥੇ। ਪਹਿਲਾਂ ਦਾਦੇ ਨਾਨੇ ਪੰਜੀ ਦਸੀ ਦਾ ਲਾਲਚ ਦੇਕੇ ਇਹ ਸੇਵਾ ਆਪਣੇ ਪੋਤਿਆਂ ਦੋਹਤਿਆਂ ਤੋੰ ਕਰਵਾਉਂਦੇ ਪਰ ਓਹ ਕਦੇ ਸੰਤੁਸ਼ਟ ਨਾ ਹੁੰਦੇ। ਕਿਉਂਕਿ ਖੁਰਕ ਦੀ ਲੋਕੇਸ਼ਨ ਦੱਸਣਾ ਤੇ ਸਮਝਣਾ ਮੁਸ਼ਕਿਲ ਹੁੰਦਾ ਸੀ। ਇਸੇ ਤਰ੍ਹਾਂ ਰਸੋਈ ਵਿੱਚ ਕੰਮ ਕਰਦੀਆਂ ਸੁਆਣੀਆਂ ਕੜਛੀ ਨੂੰ ਹੀ ਹਥਿਆਰ ਬਣਾਕੇ ਸੈਲਫ ਸਰਵਿਸ ਕਰਦੀਆਂ ਆਮ ਵੇਖੀਆਂ ਜਾ ਸਕਦੀਆਂ ਸਨ। ਦੂਸਰਾ ਹਥਿਆਰ ਕੰਘਾ ਹੁੰਦਾ ਸੀ ਜੋ ਖੁਰਕ ਲਈ ਬਹੁਤ ਕਾਰਗਰ ਹੁੰਦਾ ਸੀ। ਪੜ੍ਹਾਕੂ ਆਮ ਕਰਕੇ ਸਕੇਲ ਨੂੰ ਜਿਸ ਨੂੰ ਫੁੱਟਾ ਆਖਦੇ ਸਨ ਆਪਣੀ ਢੂਹੀ ਦੀ ਤਲਬ ਮਿਟਾਉਣ ਲਈ ਵਰਤਦੇ। ਫਿਰ ਪੈਨਸਿਲ ਤੇ ਬਣਿਆ ਇੱਕ ਪੰਜਾ ਜਿਹਾ ਬਜ਼ਾਰੋ ਮਿਲਣ ਲੱਗ ਗਿਆ। ਸ਼ਾਇਦ ਉਹ ਖੁਰਕਮੀਟਰ ਹੁੰਦਾ ਸੀ। ਉਂਜ ਇਤਿਹਾਸਕਾਰ ਦੱਸਦੇ ਹਨ ਕਿ ਖੁਰਕ ਵੀ ਕਈ ਕਿਸਮਾਂ ਦੀ ਹੁੰਦੀ ਹੈ। ਤੇ ਮਿਟਾਉਣ ਦੇ ਪੈਮਾਨੇ ਵੀ ਵੱਖ ਵੱਖ ਹੁੰਦੇ ਹਨ। ਕਈ ਆਪਣੀ ਖੁਰਕ ਮਿਟਾਉਣ ਲਈ ਵੱਡਿਆਂ ਨਾਲ ਪੰਗੇ ਲੈਂਦੇ ਹਨ ਤੇ ਨਤੀਜਾ ਛਿੱਤਰੋਲ ਹੀ ਨਿਕਲਦਾ ਹੈ। ਕਹਿੰਦੇ ਜੇ ਹੱਥ ਤੇ ਖੁਰਕ ਹੋਵੇ ਤਾਂ ਪੈਸੇ ਮਿਲਦੇ ਹਨ ਯ ਜੇਬ ਚੋਂ ਪੈਸੇ ਨਿਕਲਦੇ ਹਨ ਕੋਈਂ ਸੱਜੇ ਖੱਬੇ ਦਾ ਹਿਸਾਬ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ