“ਆਹ ਮੂਹਰਲੀ ਲਾਈਨ ਵਿੱਚ ਬੈਠੇ ਸ੍ਰੀ ਰਮੇਸ਼ ਸੇਠੀ ਬਾਬਾ ਨੋਧਾ ਮਲ ਸੇਠੀ ਦੇ ਵੰਸ਼ਜ ਤੇ ਸੇਠ ਹਰਗੁਲਾਲ ਜੀ ਦੇ ਪੋਤਰੇ ਹਨ। ਇਹ੍ਹਨਾਂ ਦਾ ਜਨਮ ਮਾਤਾ ਕਰਤਾਰ ਕੌਰ ਉਰਫ ਪੁਸ਼ਪਾ ਰਾਣੀ ਦੀ ਕੁੱਖੋਂ 14 ਦਿਸੰਬਰ 1960 ਨੂੰ ਆਪਣੇ ਨਾਨਕੇ ਪਿੰਡ ਬਾਦੀਆਂ ਵਿਖੇ ਨਾਨਾ ਸ੍ਰੀ ਲੇਖ ਰਾਮ ਅਤੇ ਨਾਨੀ ਮਾਤਾ ਪਰਸਿੰਨੀ ਦੇਵੀ ਘਰ ਹੋਇਆ। ਇਹ੍ਹਨਾਂ ਦੇ ਪਿਤਾ ਸ੍ਰੀ ਓਮ ਪ੍ਰਕਾਸ਼ ਜੀ ਹਰਿਆਣਾ ਦੇ ਮਾਲ ਮਹਿਕਮੇ ਵਿੱਚ ਪਟਵਾਰੀ ਹਨ। ਪੜ੍ਹਾਈ ਵਿੱਚ ਬਹੁਤੇ ਹੁਸ਼ਿਆਰ ਨਹੀਂ ਪਰ ਜਵਾਂ ਨਲਾਇਕ ਵੀ ਨਹੀਂ ਸਨ। ਮਹਾਜਨਾਂ ਦੇ ਘਰ ਦੇ ਜੰਮਪਲ ਹੋਣ ਕਰਕੇ ਸਕੂਲ ਦੇ ਮਾਸਟਰਾਂ ਲਈ ਚਾਹ ਪਾਣੀ ਰੋਟੀ ਟੁੱਕ ਲਿਆਉਣ ਦੀ ਡਿਊਟੀ ਇਹ੍ਹਨਾਂ ਦੀ ਹੀ ਹੁੰਦੀ ਹੈ।” ਘੁਮਿਆਰੇ ਦੇ ਸਕੂਲ ਵਿਚ ਮਾਸਟਰ ਬੰਤਾ ਸਿੰਘ ਬੋਲ ਰਿਹਾ ਸੀ ਤੇ ਮੈਂ ਹੋਰ ਬੱਚਿਆਂ ਨਾਲ ਭੁੰਜੇ ਬੈਠਾ ਘਾਹ ਦਾ ਤੀਲਾ ਚੱਬ ਰਿਹਾ ਸੀ ਤੇ ਦੂਜੇ ਮੁੰਡਿਆਂ ਦੀ ਰੀਸ ਨਾਲ ਤਾੜੀ ਵੀ ਵਜਾ ਰਿਹਾ ਸੀ।
ਕਾਲਜ ਦੇ ਐਡੀਟੋਰੀਐਮ ਹਾਲ ਵਿੱਚ ਪ੍ਰੋ ਅਰੋੜਾ ਬੋਲ ਰਹੇ ਸਨ। “ਇਹ ਰਮੇਸ਼ ਸੇਠੀ ਜੋ ਨਾ ਕਦੇ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਰਿਹਾ ਹੈ ਨਾ ਕਦੇ ਸਟੇਜ ਤੇ ਚੜ੍ਹਿਆ ਤੇ ਨਾ ਖੇਡਾਂ ਵਿੱਚ ਹਿੱਸੇਦਾਰੀ ਪਰ ਆਪਣੇ ਸਮੇ ਦੌਰਾਨ ਕਾਲਜ ਵਿੱਚ ਚਰਚਿੱਤ ਰਿਹਾ ਹੈ। ਇਸਦੇ ਦੱਸਣ ਮੁਤਾਬਿਕ ਇਹ ਆਪਣੇ ਪਰਿਵਾਰ ਦਾ ਪਹਿਲਾ ਗਰੈਜੂਏਟ ਅਤੇ ਪੂਰੇ ਖਾਨਦਾਨ ਦਾ ਪਹਿਲਾ ਕਮਰਸ ਗਰੈਜੂਏਟ ਬਣਨ ਜਾ ਰਿਹਾ ਹੈ।” ਫਿਰ ਹਾਲ ਵਿੱਚ ਤਾੜੀਆਂ ਵੱਜੀਆਂ ਪਰ ਮੈਂ ਤਾੜੀ ਨਹੀਂ ਵਜਾਈ।
“ਸੇਠੀ ਸਰ 1982 ਵਿਚ ਇਸ ਸੰਸਥਾ ਵਿੱਚ ਆਏ। ਓਦੋਂ ਇਹ ਸੰਸਥਾ ਅਜੇ ਨੋ ਮਹੀਨਿਆਂ ਦੀ ਬਾਲੜੀ ਹੀ ਸੀ। ਇਹ੍ਹਨਾਂ ਨੇ ਲਗਭਗ ਸੈਂਤੀ ਸਾਲ ਇਸ ਸਕੂਲ ਦੇ ਸੈਂਟਰਲ ਐਂਕਸੇਲ ਵਜੋਂ ਸਕੂਲ ਦੇ ਕਈ ਮੁਖੀਆਂ ਨਾਲ ਕੰਮ ਕੀਤਾ। ਅੱਜ ਸਕੂਲ ਦੀ ਆਪਣੀ ਪਹਿਚਾਣ ਹੈ।ਸਕੂਲ ਦਾ ਅੰਤਰ ਰਾਸ਼ਟਰੀ ਪੱਧਰ ਤੱਕ ਨਾਮ ਚਮਕਿਆ। ਬੋਰਡ ਦੀਆਂ ਮੈਰਿਟਾਂ ਤੋਂ ਲੈ ਕੇ ਵਿਸ਼ਵ ਪੱਧਰੀ ਸ਼ੂਟਰ ਤੇ ਰਿਪਬਲਿਕ ਡੇ ਪਰੇਡ ਤੱਕ ਨਾਮ ਸਕੂਲ ਦਾ ਨਾਮ ਗੂੰਜਿਆ। ਇਸੇ ਦੌਰਾਨ ਸੇਠੀ ਜੀ ਦਾ ਵਿਆਹ ਸਰਕਾਰੀ ਅਧਿਆਪਕ ਲਗੀ ਸਰੋਜ ਰਾਣੀ ਨਾਲ 1985 ਵਿੱਚ ਹੋਇਆ। ਦੋ ਬੇਟਿਆਂ ਦੇ ਬਾਪ ਬਣੇ ਸੇਠੀ ਜੀ ਸਕੂਲ ਨਾਲ ਦਿਲੋਂ ਜੁੜੇ ਰਹੇ। ਜਿਵੇ ਜਿਵੇ ਸਕੂਲ ਤਰੱਕੀ ਕਰਦਾ ਰਿਹਾ ਓਵੇ ਹੀ ਸੇਠੀ ਜੀ ਆਪਣੀਆਂ ਪਰਿਵਾਰਿਕ ਜਿੰਮੇਦਾਰੀਆਂ ਨਪੇਟਦੇ ਰਹੇ। 2017 ਵਿੱਚ ਇਹ੍ਹਨਾਂ ਨੇ ਆਪਣੇ ਵੱਡੇ ਬੇਟੇ ਦਾ ਵਿਆਹ ਕੀਤਾ ਅਤੇ 29 ਮਾਰਚ 2019 ਨੂੰ ਇੱਕ ਪੋਤੀ ਦੇ ਦਾਦਾ ਵੀ ਬਣੇ। ਆਪਣੀ ਨੌਕਰੀ ਦੌਰਾਨ ਸੇਠੀ ਜੀ ਨੂੰ ਪੰਜਾਬੀ ਲਿਖਣ ਦੀ ਚਿਟਕ ਲੱਗੀ। ਹੋਲੀ ਹੋਲੀ ਇਹ੍ਹਨਾਂ ਦੀਆਂ ਕਹਾਣੀਆਂ ਅਖਬਾਰਾਂ ਵਿੱਚ ਛਪਣ ਲਗੀਆਂ। 2012 -13 ਵਿਚ ਇਹ੍ਹਨਾਂ ਨੇ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਪਾਠਕਾਂ ਦੀ ਝੋਲੀ ਪਾਇਆ। ਅਗਲੇ ਸਾਲ ਹੀ ਕਰੇਲਿਆਂ ਵਾਲੀ ਅੰਟੀ ਨਾਮ ਦਾ ਦੂਸਰਾ ਕਹਾਣੀ ਸੰਗ੍ਰਹਿ ਲੋਕਾਂ ਦੇ ਹੱਥਾਂ ਵਿੱਚ ਸੀ। ਸਾਲ ਕ਼ੁ ਦੇ ਵਕਫੇ ਬਾਦ ਇਹ੍ਹਨਾਂ ਨੇ ਆਪਣੀ ਜਿੰਦਗੀ ਦੇ ਬਿਰਤਾਂਤ ਬਾਬੇ ਹਰਗੁਲਾਲ ਦੀ ਹੱਟੀ ਭਾਗ I ਨਾਮਕ ਕਿਤਾਬ ਜਰੀਏ ਫਿਰ ਪਾਠਕਾਂ ਦੀ ਝੋਲੀ ਪਾਏ। ਇਥੇ ਹੀ ਬਸ ਨਹੀਂ ਹੋਈ ਫਿਰ ਇੱਕ ਸੋ ਉਂਣਜਾ ਮਾਡਲ ਟਾਊਨ ਨਾਮਕ ਕਹਾਣੀ ਸੰਗ੍ਰਹਿ ਫਿਰ ਚਰਚਾ ਵਿੱਚ ਸੀ। ਫਿਰ ਪੰਜਵੀ ਕਿਤਾਬ ਬਾਬੇ ਹਰਗੁਲਾਲ ਦੀ ਹੱਟੀ ਭਾਗ II ਦੀ ਪਾਠਕ ਇੰਤਜ਼ਾਰ ਕਰ ਰਹੇ ਸਨ ਜੋ 2019 ਵਿਚ ਪੂਰਾ ਹੋਇਆ। ਇਸੇ ਦੌਰਾਨ ਇਹ੍ਹਨਾਂ ਦੀਆਂ ਕੋਈ ਢਾਈ ਸੌ ਦੇ ਕਰੀਬ ਰਚਨਾਵਾਂ ਦੇਸ਼ ਦੇ ਵੱਖ ਵੱਖ ਅਖਬਾਰਾਂ ਰਸਾਲਿਆਂ ਵਿੱਚ ਛਪੀਆਂ। ਇਕੱਤੀ ਮਈ 2019 ਨੂੰ ਸੇਵਾ ਮੁਕਤੀ ਦੇ ਮੌਕੇ ਤੇ ਇਹ ਦਸਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਜ਼ਿੰਦਗੀ ਦਾ ਅਗਲਾ ਪੜਾਅ ਇਹ੍ਹਨਾਂ ਨੇ ਆਪਣੀ ਪੋਤੀ ਚਾਂਦ ਸੀ ਸੌਗਾਤ ਅਤੇ ਪੰਜਾਬੀ ਮਾਂ ਬੋਲੀ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈ। ਫੇਸ ਬੁੱਕ ਤੇ ਆਪਣੀਆਂ ਲਿਖਤਾਂ ਕਾਰਨ ਅਤੇ ਵੱਖ ਵੱਖ ਸਵਾਦੀ ਖਾਣਿਆਂ ਦੀਆਂ ਪੋਸਟਾਂ ਕਾਰਨ ਬਹੁਤ ਮਕਬੂਲ ਹਨ।” ਸਕੂਲ ਦੀ ਸੀਨੀਅਰ ਅਧਿਆਪਕ ਤੇ ਮੇਰੀ ਦੂਰ ਦੀ ਰਿਸ਼ਤੇਦਾਰ ਆਪਣੇ ਹੀ ਅੰਦਾਜ਼ ਵਿੱਚ ਸਕੂਲ ਦੀ ਕਮਿਸਟਰੀ ਲੈਬ ਵਿਚ ਬੋਲ ਰਹੀ ਸੀ। ਇਸ ਵਾਰ ਤਾੜੀਆਂ ਦੇ ਨਾਲ ਭਾਵਤਮਿਕ ਜਿਹਾ ਮਾਹੌਲ ਸੀ। ਮੈਂ ਚੁੱਪ ਸੀ।
“ਇਹ ਵਿਸ਼ਕੀ ਵਾਲੇ ਸਰ ਅਤੇ ਮੈਡਮ ਅਕਸ਼ਰ ਹੀ ਇਕੱਠੇ ਹੀ ਪਾਰਕ ਵਿੱਚ ਘੁੰਮਣ ਆਉਂਦੇ ਹਨ। ਬਿਨਾਂ ਬੈਲਟ ਬੰਨੇ ਵਿਸ਼ਕੀ ਇਹ੍ਹਨਾਂ ਦੇ ਮੂਹਰੇ ਮੂਹਰੇ ਚਲਦਾ ਹੈ। ਹਰ ਇੱਕ ਨੂੰ ਬਲਾਉਂਦੇ ਹਨ। ਮਿਲਾਪੜਾ ਸੁਭਾਅ ਹੈ ਦੋਨਾਂ ਦਾ। ਕਦੇ ਇਹ ਮੋਚੀ ਕੋਲ ਬੈਠੇ ਉਸਦਾ ਦੁੱਖ ਸੁਣ ਰਹੇ ਹੁੰਦੇ ਹਨ ਤੇ ਕਦੇ ਸੜ੍ਹਕ ਕਿਨਾਰੇ ਬੈਠੇ ਟੇਲਰ ਦਾ। ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ ਅਮੀਰ ਗਰੀਬ ਦੇ ਨੇੜੇ ਹੋਣ ਦੀ ਫ਼ਿਰਾਕ ਵਿੱਚ ਰਹਿੰਦੇ ਹਨ। ਜਿਸ ਦਿਨ ਨਹੀਂ ਆਉਂਦੇ ਮੈਂ ਪਾਰਕ ਵਿਚਲੇ 105 ਨੰਬਰ ਬੈਂਚ ਵੱਲ ਹੀ ਵੇਖਦਾ ਰਹਿੰਦਾ ਹਾਂ।” ਬਰੂਨੋ ਵਾਲੇ ਬਾਊ ਜੀ ਬੋਲ ਰਹੇ ਸਨ। ਅਸੀਂ ਵੀ ਕੋਲੇ ਹੀ ਬੈਠੇ ਸਨ।
“ਤੇਰੇ ਪਾਪਾ ਦਾ ਸੁਭਾਅ ਸ਼ੁਰੂ ਤੋਂ ਹੀ ਐਸਾ ਹੈ। ਹਮੇਸ਼ਾ ਮਨਮਾਨੀਂ ਹੀ ਕਰਦੇ ਹਨ। ਪਹਿਲਾਂ ਮਾਤਾ ਦੇ ਦਿਲ ਦੀਆਂ ਸੁਣ ਲੈਂਦੇ ਪਰ ਕਿਸੇ ਨੂੰ ਕਹਿੰਦੇ ਕੁਝ ਨਾ। ਮੈਂ ਵੀ ਸ਼ਿਕਾਇਤਾਂ ਦੀ ਪਟਾਰੀ ਇਹ੍ਹਨਾਂ ਮੂਹਰੇ ਹੀ ਖੋਲ੍ਹਦੀ ਪਰ ਮਜਾਲ ਹੈ ਕਿਸੇ ਨੂੰ ਕੁਝ ਕਹਿ ਦੇਣ। ਬਹੁਤੇ ਵਾਰੀ ਗੱਲ ਆਪਣੇ ਤੇ ਲੈ ਲੈਂਦੇ। ਚਾਹ ਪੀਣੀ ਛੱਡਤੀ ਤਾਂ ਛੱਡਤੀ । ਅੰਬ ਖਾਣਾ ਛੱਡਤਾ ਛੱਡਤਾ। ਜੋ ਨਹੀਂ ਖਾਣਾ ਤਾਂ ਨਹੀਂ ਖਾਣਾ। ਪਰ ਮਿੱਠਾ ਨਹੀਂ ਛੱਡਣਾ। ਹੁਣ ਤੇਰੀ ਭੂਆਂ ਜੀ ਨਾਲ ਵੀ ਸਾਰੇ ਦੁੱਖ ਸੁੱਖ ਸਾਂਝੇ ਕਰਦੇ ਹਨ।” ਬੇਟੀ ਗਗਨ ਨਾਲੇ ਹੱਸ ਰਹੀ ਸੀ ਤੇ ਨਾਲੇ ਖੁਸ਼ ਹੋ ਰਹੀ ਸੀ। ਆਪਣੀ ਮੰਮੀ ਦੀਆਂ ਗੱਲਾਂ ਸੁਣਕੇ।
“ਸੇਠੀ ਸਾਹਿਬ ਜਦੋਂ ਵੀ ਡੱਬਵਾਲੀ ਆਉਂਦੇ ਹਨ ਸ਼ਹਿਰ ਦੇ ਉਭਰਦੇ ਨੌਜਵਾਨਾਂ ਨੂੰ ਘਰੇ ਬੁਲਾਕੇ ਮਿਲਦੇ ਹਨ। ਜਿੰਨਾ ਨੇ ਜ਼ਮੀਨੀ ਪੱਧਰ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਤੇ ਅੱਜ ਬੁਲੰਦੀਆਂ ਨੂੰ ਛੂਹ ਰਹੇ ਹਨ। ਉਹਨਾਂ ਨੂੰ ਮਾਣ ਬਖਸ਼ਦੇ ਹਨ ਤੇ ਹੌਸਲਾ ਅਫਜਾਈ ਕਰਦੇ ਹਨ। ਉਹਨਾ ਨੌਜਵਾਨਾਂ ਨੂੰ ਵੇਖਕੇ ਖੁਸ਼ ਹੁੰਦੇ ਹਨ ਜੋ ਘਰੇ ਅਨਪੜ੍ਹਤਾ ਦੇ ਹੁੰਦੇ ਹੋਇਆ ਸਿੱਖਿਆ ਦੇ ਖੇਤਰ ਮੱਲਾਂ ਮਾਰ ਗਏ। ਅੱਜ ਮਾਪਿਆਂ ਨੂੰ ਉਹ ਐਸ਼ ਕਰਵਾ ਰਹੇ ਹਨ ਜਿਨ੍ਹਾਂ ਦਾ ਓਹਨਾ ਕਦੇ ਸੁਫਨਾ ਵੀ ਨਹੀਂ ਲਿਆ। ਸ਼ਹਿਰ ਦੇ ਸਮਾਜ ਸੇਵੀਆਂ ਨੂੰ ਹੌਸਲਾ ਦੇਣਾ ਅਤੇ ਚੰਗੇ ਬੰਦਿਆ ਦੀ ਸ਼ੋਸ਼ਲ ਮੀਡੀਆ ਤੇ ਪ੍ਰਸ਼ੰਸ਼ਾ ਕਰਨ ਨਾਲ ਇਹ ਪੀੜ੍ਹੀ ਇਹ੍ਹਨਾਂ ਦੀ ਫੈਨ ਹੈ। ਅਕਤੂਬਰ 2020 ਨੂੰ ਇਹਨਾਂ ਦੇ ਛੋਟੇ ਬੇਟੇ ਦੀ ਸ਼ਾਦੀ ਵੀ ਇੱਕ ਅਫਸਰ ਲੱਗੀ ਸਮਾਜ ਸੇਵੀ ਲੜਕੀ ਨਾਲ ਹੋਈ। ਤੇ ਹੁਣ ਇਹ ਇੱਕ ਤੇ ਇੱਕ ਗਿਆਰਾਂ ਬਣ ਕੇ ਸਮਾਜ ਸੇਵਾ ਲਈ ਵਿਚਰਦੇ ਹਨ।” ਸੀਨੀਅਰ ਸਿਟੀਜਨ ਦੇ ਕਲੱਬ ਵਿੱਚ ਕੋਈ ਸਮਾਜ ਸੇਵੀ ਡਾਕਟਰ ਬੋਲ ਰਿਹਾ ਸੀ।ਸ਼ਾਇਦ ਮੇਰਾ ਸਨਮਾਨ ਪੱਤਰ ਪੜ੍ਹਿਆ ਜਾ ਰਿਹਾ ਸੀ। ਲ਼ੋਕ ਤਾੜੀਆਂ ਵਜਾ ਰਹੇ ਸਨ ਤੇ ਮੈਨੂੰ ਵੇਖ ਰਹੇ ਸਨ। ਮੈ ਮੁਸਕਰਾ ਰਿਹਾ ਸੀ।
“ਲੌਕਡਾਊਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਸੁੱਤਾ ਹੀ ਰਹੇ। ਦੋ ਵੱਜ ਗਏ। ਰੋਟੀ ਖਾ ਲੋ।” ਪੂਰੇ ਜਿਸਮ ਨੂੰ ਹਲੂਣਦੀ ਇੱਕ ਕੜ੍ਹਕ ਆਵਾਜ਼ ਨੇ ਮੈਨੂੰ ਜਗਾ ਦਿੱਤਾ। ਸਾਹਮਣੇ ਲੱਗੇ ਡਿਜੀਟਲ ਕਲੋਕ ਤੇ ਤਿੰਨ ਬਿਆਲੀ ਵੱਜੇ ਹੋਏ ਸਨ। ਅੱਖਾਂ ਜਿਹੀਆਂ ਮਲਦਾ ਮੈਂ ਉਠਿਆ ਤੇ ਉਹ ਸਾਹਮਣੇ ਖੜੀ ਸੀ। ਨਾ ਕੋਈ ਸਟੇਜ ਸੀ ਨਾ ਕੋਈ ਮਾਇਕ ਤੇ ਨਾ ਹੀ ਕੋਈ ਬੁਲਾਰਾ ਸੀ।
ਸੁਫ਼ਨੇ ਵੀ ਬੰਦੇ ਨੂੰ ਕਿੱਥੇ ਕਿੱਥੇ ਲੈ ਜਾਂਦੇ ਹਨ। ਕੀ ਕੀ ਦਿਖਾ ਦਿੰਦੇ ਹਨ ਜੋ ਉਸ ਕਦੇ ਸੋਚਿਆ ਵੀ ਨਹੀਂ ਹੁੰਦਾ। ਪਰ ਕਹਿੰਦੇ ਬੰਦਾ ਅਕਸ਼ਰ ਹੀ ਸੁਫਨਿਆਂ ਨੂੰ ਭੁੱਲ ਜਾਂਦਾ ਹੈ। ਪਰ ਮੈਂ ਇਸ ਸੁਫ਼ਨੇ ਨੂੰ ਕਲਮਬੰਦ ਕਰਨ ਦਾ ਫੈਸਲਾ ਕੀਤਾ। ਤਾਂਕਿ ਸਨਦ ਰਹੇ।
#ਰਮੇਸ਼ਸੇਠੀਬਾਦਲ