“ਆਂਟੀ ਤੁਸੀ ਆਪ ਕਿਉਂ ਖੇਚਲ ਕਰਦੇ ਹੁੰਦੇ ਹੋ।ਕਿਸੇ ਜੁਆਕ ਨੂੰ ਭੇਜ ਦਿੱਦੇ। ਸਟੀਲ ਦੀ ਪਲੇਟ ਵਿੱਚ ਚਾਰ ਕੁ ਲੱਡੂ ਤੇ ਜਲੇਬੀਆਂ ਦੇਣ ਆਈ ਅੱਸੀ ਸਾਲਾਂ ਦੀ ਮਾਤਾ ਨੂੰ ਮੈਂ ਕਿਹਾ। ਵਿਚਾਰੀ ਕੁੱਬ ਕੱਢ ਕੇ ਤੁਰਦੀ ਹੋਈ ਮਸਾਂ ਹੀ ਸਾਡੇ ਘਰ ਪੰਹੁਚੀ ਸੀ। ਉੱਤੋ ਚਾਰ ਪੋੜੀਆਂ ਦੀ ਚੜਾਈ ਚੜਣੀ ਕਿਹੜਾ ਸੋਖੀ ਹੁੰਦੀ ਹੈ ਇਸ ਉਮਰੇ।
“ਨਹੀ ਨਹੀ ਖੇਚਲ ਕਾਹਦੀ । ਮੈ ਕਿਹਾ ਬਈ ਸਾਰੇ ਮੁਹੱਲੇ ਚ ਮਿਠਾਈ ਤਾਂ ਮੈ ਆਪੇ ਵੰਡ ਕੇ ਆਵਾਂਗੀ। ਮੈ ਤਾਂ ਕਿਸੇ ਹੋਰ ਖੁਸੀ ਦੀ ਮਿਠਾਈ ਵੰਡਣੋ ਨਹੀ ਰੁਕਦੀ ਅੱਜ ਤਾਂ ਫਿਰ ਵੀ ………..
ਗੱਲ ਕਰਦੀ ਕਰਦੀ ਆਂਟੀ ਨੂੰ ਖੰਘ ਛਿੱੜ ਪਈ। ਤੇ ਮੈ ਬੈਠਣ ਦਾ ਇਸ਼ਾਰਾ ਕੀਤਾ ਤੇ ਨਾਲ ਦੀ ਨਾਲ ਪਾਣੀ ਦਾ ਗਿਲਾਸ ਫੜਾ ਦਿੱਤਾ। ਆਂਟੀ ਪਾਣੀ ਪੀਣ ਲੱਗ ਗਈ। ਸੱਚੀ ਕੋਈ ਵੀ ਮੋਕਾ ਹੰਦਾ ਅੰਟੀ ਡਿੱਗਦੀ ਢਹਿੰਦੀ ਆਪ ਪਲੇਟ ਚ ਮਿਠਾਈ ਪਾਕੇ ਦੇਣ ਆਉਂਦੀ ਹੈ। ਭਾਂਵੇ ਕਿੰਨੀ ਵੀ ਬੀਮਾਰ ਜਾ ਤਕਲੀਫ ਵਿੱਚ ਕਿਊ ਨਾ ਹੋਵੇ। ਬਸ ਬੈਠਦੀ ਕਦੇ ਨਹੀ ਅਖੇ ਹੋਰ ਘਰਾਂ ਦੇ ਵੀ ਜਾਣਾ ਹੈ। ਸਾਡੇ ਗੁੰਆਡੀ ਬੈਂਕ ਆਲੇ ਮਿੱਤਲ ਦੀ ਮਾਂ ਸੁਰੂ ਤੋ ਹੀ ਅਕਸਰ ਇੱਦਾ ਹੀ ਕਰਦੀ ਹੈ।
“ਮੇਰੇ ਭਰਾ ਦੇ ਘਰ ਪੜਪੋਤਾ ਹੋਇਆ ਹੈ ਕਲ ਹੀ। ਮੇਰੇ ਪਿਉ ਦੀ ਵੇਲ ਵਧੀ ਹੈ। ਸੱਚੀ ਅੰਟੀ ਕਿੰਨੀ ਖੁਸ਼ ਸੀ। ਪੇਕੇ ਚੀਜ ਹੀ ਐਸੀ ਹੁੰਦੇ ਹਨ ਜਨਾਨੀ ਲਈ। ਪੇਕਿਆ ਲਈ ਤਾਂ ਉਹ ਆਪਣੇ ਪਤੀ ਨਾਲ ਆਢਾ ਲੈ ਲੈੱਦੀ ਹੈ। ਤੇ ਫਿਰ ਆਂਟੀ ਦੇ ਤਾਂ ਭਰਾ ਘਰੇ ਪੜਪੋਤਾ ਹੋਇਆ ਸੀ।ਖੁਸ਼ ਤਾਂ ਹੋਣਾ ਹੀ ਸੀ।
ਮੈਨੂੰ ਅੱਜ ਆਂਟੀ ਬੁਢੀ ਨਹੀ ਇੱਕ ਜਵਾਨ ਭੈਣ ਲੱਗੀ ਜੋ ਭਰਾ ਦੇ ਘਰ ਦੀ ਖੁਸ਼ੀ ਮਨਾ ਰਹੀ ਸੀ ਤੇ ਉਸਦੀ ਅੱਡੀ ਜਮੀਨ ਤੇ ਨਹੀ ਸੀ ਲੱਗਦੀ।
ਰਮੇਸ਼ ਸੇਠੀ ਬਾਦਲ
ਮੋ 98 766 27 233