ਕਿੱਸਾ ਕੁਰਸੀ ਕਾ | kissa kursi ka

“ਸਰ ਮੈਂ ਗਿਆਰਾਂ ਵਾਲੀ ਬੱਸ ਤੇ ਆਵਾਂਗੀ। ਸੰਭਾਲ ਲਿਓਂ।” ਕਹਿਕੇ ਉਹ ਨਿਸਚਿੰਤ ਹੋ ਜਾਂਦੀ।

“ਸੱਚੀ ਤੁਸੀਂ ਮੇਰੇ ਵੱਡੇ ਭਰਾ ਵਰਗੇ ਹੋ। ਤੁਹਾਡੇ ਹੁੰਦੇ ਸਾਨੂੰ ਕੋਈ ਫਿਕਰ ਨਹੀਂ। ਤੁਹਾਡੇ ਹੁੰਦਿਆਂ ਮੰਮੀ ਡੈਡੀ ਵੀ ਬੇਂ ਫਿਕਰ ਹਨ।”

“ਸਰ ਡੈਡੀ ਜੀ ਦੇ ਜਾਣ ਤੋਂ ਬਾਦ ਤਾਂ ਸਾਨੂੰ ਤੁਹਾਡਾ ਹੀ ਸਹਾਰਾ ਹੈ। ਹੁਣ ਤੁਸੀਂ ਹੀ ਸਾਡੇ ਡੈਡੀ ਜੀ ਹੋ।”

“ਪੁੱਤ ਜੋ ਤੁਸੀਂ ਸਾਡੇ ਲਈ ਕੀਤਾ ਹੈ। ਅਸੀਂ ਤੁਹਾਡੇ ਦੇਣ ਸਾਰੀ ਉਮਰ ਨਹੀਂ ਦੇ ਸਕਦੇ।” ਇਹ ਗੱਲ ਉਸਦੀ ਸੱਸ ਨੇ ਨਹੀਂ ਸਗੋਂ ਦਾਦੀ ਸੱਸ ਨੇ ਮੈਨੂੰ ਗਲੀ ਵਿੱਚ ਆਉਂਦੇ ਨੂੰ ਕਹੀ ਸੀ।
___
“ਸੱਚੀ ਸਰ ਤੁਹਾਡੇ ਬਿਨਾ ਇਹ ਜਿੰਮੇਦਾਰੀ ਸੰਭਾਲਣਾ ਮੇਰੇ ਵੱਸ ਦਾ ਰੋਗ ਨਹੀਂ। ਮੇਰੇ ਇੱਕਲੀ ਤੋਂ ਇਕ ਕਦਮ ਵੀ ਤੁਰਨਾ ਮੁਸ਼ਕਿਲ ਹੈ। ਤੁਹਾਡਾ ਸਾਥ ਹੋਣ ਤੇ ਮੈਨੂੰ ਕੋਈ ਡਰ ਨਹੀਂ।”
—-
ਨੌਕਰੀ ਦੌਰਾਨ ਅਜਿਹੀਆਂ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ। ਮੈਨੂੰ ਮੇਰੀ ਛੋਟੀ ਜਿਹੇ ਅਹੁਦੇ ਤੇ ਮਾਣ ਹੁੰਦਾ।
“ਲੈ ਦੱਸ ਵੱਡੇ ਵੀਰ ਦੇ ਹੁੰਦਿਆਂ ਸਾਨੂੰ ਕੀ ਫਿਕਰ। ਵਾਹਿਗੁਰੂ ਦੀ ਸੋਂਹ ਮੈਂ ਤਾਂ ਆਪਣੇ ਵੱਡੇ ਵੀਰ ਤੋ ਵੀ ਨੇੜੇ ਸਮਝਦੀ ਹਾਂ।
—-
“ਨਾ ਸਰ । ਫਿਰ ਮੈਂ ਨੌਕਰੀ ਤੋਂ ਅਸਤੀਫਾ ਦੇ ਦਿੰਦੀ ਹਾਂ। ਮੇਰੇ ਕੋਲ ਹੋਰ ਕੋਈ ਚਾਰਾ ਨਹੀਂ।”

“ਮੇਰੇ ਪਾਪਾ ਨਹੀਂ ਹਨ ਨਾ। ਤੁਸੀਂ ਮੇਰੇ ਲਈ ਅਰਦਾਸ ਕਰਿਓ। ਮੇਰਾ ਰਿਸ਼ਤਾ ਹੋ ਜਾਵੇ। ਤੁਸੀਂ ਮੇਰੇ ਪਾਪਾ ਸਮਾਨ ਹੋ। ਮੈ ਤੁਹਾਡੀ ਬੇਟੀ।”

ਕਈ ਵਾਰੀ ਇਹ ਗੱਲਾਂ ਮਨ ਨੂੰ ਸਕੂਨ ਦਿੰਦੀਆਂ। ਲਗਦਾ ਮੈਂ ਆਪਣੀ ਨੌਕਰੀ ਨਾਲ ਨਿਆਂ ਕਰ ਰਿਹਾ ਹਾਂ। ਕਈ ਵਾਰੀ ਕਿਸੇ ਦੀ ਗਲਤੀ ਤੇ ਗੁੱਸਾ ਵੀ ਆ ਜਾਂਦਾ। ਸੱਚੀ ਗੱਲ ਮੂੰਹ ਤੇ ਹੀ ਕਹਿ ਹੁੰਦੀ। ਝੂਠੇ ਲੋਲੀ ਪੌਪ ਵੰਡਣ ਦੀ ਆਦਤ ਜੋ ਨਹੀਂ ਸੀ। ਸੱਚ ਹਮੇਸ਼ਾ ਮਿਰਚਾਂ ਵਾਂਗ ਲਗਦਾ ਹੈ ਤੇ ਇਹੀ ਹੁੰਦਾ ਸੀ। ਅਗਲਾ ਇੱਕ ਦਮ ਗੁੱਸਾ ਮੰਨ ਜਾਂਦਾ ਪਰ ਛੇਤੀ ਹੀ ਅਸਲੀਅਤ ਤੋਂ ਵਾਕਿਫ ਹੋਣ ਤੇ ਗਿਲੇ ਸ਼ਿਕਵੇ ਮਿੱਟ ਜਾਂਦੇ। ਨੌਕਰੀ ਦੇ ਪੈਂਤੀ ਛੱਤੀ ਸਾਲ ਇੱਕੋ ਦਫਤਰ ਵਿਚ ਗੁਜ਼ਾਰਨੇ। ਉਹ ਵੀ ਜਿੱਥੇ ਬਹੁਤਾ ਸਟਾਫ ਫੀਮੇਲ ਹੋਵੇ। ਪਿਛਲੇ ਚੋਦਾਂ ਪੰਦਰਾਂ ਸਾਲ ਤਾਂ ਇਸ ਲਈ ਅਜੀਬ ਸ਼ਨ ਕਿ ਸੰਸਥਾ ਮੁਖੀ ਵੀ ਔਰਤਜਾਤੀ ਦੇ ਸਨ। ਬਹੁਤ ਰਾਜਨੀਤੀ ਚਲਦੀ ਸੀ। ਕਈ ਵਾਰੀ ਮੁਖੀ ਦਾ ਦੂਹਰਾ ਰਵਈਆ ਵੀ ਮੁਸ਼ਕਿਲਾਂ ਖੜੀਆਂ ਕਰ ਦਿੰਦਾ।
ਪਰ ਹਰੇਕ ਨਾਲ ਨਿਆਂ ਕਰਨ ਦੀ ਆਦਤ ਜੋ ਸੀ। ਸਟਾਫ ਦਾ ਸਾਥ ਤੇ ਸਹਿਯੋਗ ਮਿਲਦਾ ਸੀ।
“ਸਰ ਤੁਹਾਡਾ ਜਨਮ ਦਿਨ। ਮੇਰੇ ਯਾਦ ਰਹਿੰਦਾ ਹੈ। ਮੈਂ ਭੁਲਦੀ ਨਹੀਂ।” ਕੋਈ ਨਾ ਕੋਈ ਆਖਦਾ।
ਨਿਯਮਾਂ ਅਨੁਸਾਰ ਸੇਵਾ ਮੁਕਤੀ ਲੈ ਲਈ। ਕੋਈ ਵਾਧੂ ਸਮਾਂ ਨਹੀਂ ਲਿਆ। ਕਿਸੇ ਦਾ ਹੱਕ ਨਹੀਂ ਖਾਧਾ। ਫਿਰ ਵੀ ਕੁੱਝ ਕ਼ੁ ਨਾਰਾਜ਼ ਹੋ ਗਏ। ਅਖੇ ਸਾਨੂੰ ਪਹਿਲਾਂ ਨਹੀਂ ਦੱਸਿਆ। ਸਾਡੇ ਤੋਂ ਚੋਰੀ ਰੱਖੀ। ਮੇਰੀ ਉੱਨੱਤੀ ਦਾ ਕੇਸ ਸ਼ਹੀ ਤਰਾਂ ਨਹੀਂ ਵਾਚਿਆ। ਚੰਗੀ ਸਲਾਹ ਨਹੀਂ ਦਿੱਤੀ। ਫੈਸਲਾ ਵਿਚਕਾਰ ਅਟਕਾ ਦਿੱਤਾ। ਮੈਨੂੰ ਇੱਕਲੀ ਨੂੰ ਛੱਡ ਕੇ ਅਚਾਨਕ ਫੈਸਲਾ ਲੈ ਲਿਆ। ਵਗੈਰਾ ਵਗੈਰਾ। ਜਿੰਨੇਂ ਮੂੰਹ ਓਨੀਆ ਗੱਲਾਂ। ਕਿਸ ਕਿਸ ਨੂੰ ਖੁਸ਼ ਕਰੀਏ। ਜਾਣਾ ਤਾਂ ਸੀ ਇੱਕ ਦਿਨ। ਫਿਰ ਸਮੇ ਸਿਰ ਜਾਣਾ ਹੀ ਠੀਕ ਹੁੰਦਾ ਹੈ। ਕਈਆਂ ਨੇ ਬਥੇਰੀਆਂ ਤਾੜੀਆਂ ਮਾਰੀਆਂ। ਅਖੇ ਚੰਗਾ ਹੋਇਆ ਚਲਾ ਗਿਆ। ਕੋਈ ਪੁੱਛੇ। ਕਾਹਦੀ ਖੁਸ਼ੀ ਕਾਹਦੀ ਗਮੀ। ਸਮੇ ਅਨੁਸਾਰ ਜਾਣਾ ਹੀ ਸੀ। ਮੇਰੇ ਜਾਣ ਨਾਲ ਤੇਰੀ ਪ੍ਰੋਮੋਸ਼ਨ ਹੋਣੀ ਨਹੀਂ ਤੇ ਨਾ ਜਾਣ ਨਾਲ ਰੁਕਣੀ ਨਹੀਂ । ਦੋਨਾਂ ਦਾ ਆਪਿਸ ਵਿੱਚ ਕੋਈ ਸਬੰਧ ਨਹੀਂ। ਚਲੋ ਜਾਣ ਦੀ ਖੁਸ਼ੀ ਮਨਾ ਲਵੋ। ਪ੍ਰੋਮੋਸ਼ਨ ਨਾ ਹੋਣ ਵਾਲਾ ਦੁਖ ਘਟ ਜਾਵੇਗਾ। ਜਾਣ ਦਾ ਦੁੱਖ ਹੁੰਦਾ ਹੈ ਪਰ ਕਹਿੰਦੇ ਦੁਸ਼ਮਣ ਮਰੇ ਤੋਂ ਖੁਸ਼ੀ ਨਾ ਕਰੀਏ। ਇੱਕ ਦਿਨ ਸੱਜਣਾਂ ਵੀ ਮਰ ਜਾਣਾ।
ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਬੇਂ ਗਰਜ ਨਹੀਂ ਹੁੰਦੇ। ਅਹਿਸਾਨ ਫਰਮੋਸ਼ ਨਹੀਂ ਹੁੰਦੇ। ਵਿਛੜਨ ਦਾ ਦੁੱਖ ਵੀ ਮਨਾਇਆ। ਅੱਖਾਂ ਗਿੱਲੀਆਂ ਨਹੀਂ ਕੀਤੀਆਂ। ਪਰ ਦੁੱਖ ਮਨਾਇਆ। ਇਹ ਸਭ ਕੁਰਸੀ ਦਾ ਕਿੱਸਾ ਸੀ। ਕੁਰਸੀ ਨੂੰ ਦੁਨੀਆ ਸਲਾਮਾਂ ਕਰਦੀ ਹੈ। ਕੁਰਸੀ
ਨਾਲ ਇੱਜਤ ਹੈ। ਇੱਜਤ ਕੁਰਸੀ ਦੀ ਹੁੰਦੀ ਹੈ। ਪਰ ਅਸਲ ਇੱਜਤ ਇਨਸਾਨ ਦੀ ਹੁੰਦੀ ਹੈ। ਇਹੀ ਫਰਕ ਹੁੰਦਾ ਹੈ ਗਿਰਗਿਟ ਅਤੇ ਹੋਰ ਪੰਛੀਆਂ ਵਿੱਚ।
ਜਿੰਨਾ ਦਾ ਵਿਹਾਰ ਬਦਲ ਗਿਆ। ਜਿਨ੍ਹਾਂ ਨੇ ਵਿਹਾਰ ਨਹੀਂ ਬਦਲਿਆ। ਅਜੇ ਵੀ ਨਜ਼ਦੀਕੀ ਹਨ। ਪਿੱਠ ਪਿੱਛੇ ਤਾਂ ਹਰ ਕੋਈ ਬੁਰਾਈ ਕਰਦਾ ਹੈ। ਅਹ ਕੋਈ ਬਹਾਦਰੀ ਨਹੀਂ। ਕਿਸੇ ਦੇ ਕਿਲ੍ਹੇ ਨਹੀਂ ਬੰਨੇ । ਸਮੇ ਅਨੁਸਾਰ ਹਰੇਕ ਦਾ ਨੰਬਰ ਲੱਗਣਾ ਹੈ। ਫਿਰ ਕਿਉਂ ਅਸੀਂ ਪਿੱਠ ਪਿੱਛੇ ਗਲਤ ਬੋਲਦੇ ਹਾਂ। ਜਦੋ ਤੁਹਾਨੂੰ ਪਤਾ ਹੈ ਤੁਹਾਡੀ ਇੱਕ ਇੱਕ ਗੱਲ ਜੱਗ ਜਾਹਿਰ ਹੋ ਜਾਣੀ ਹੈ। ਫਿਰ ਚੁਗਲੀ ਨਹੀਂ ਸ਼ਰੇਆਮ ਆਖੋ।
ਕਿੱਸਾ ਕੁਰਸੀ ਦਾ ਚਲਦਾ ਆਇਆ ਹੈ ਤੇ ਚਲਦੇ ਹੀ ਰਹਿਣਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
98766 27233

Leave a Reply

Your email address will not be published. Required fields are marked *