ਵਾਹਵਾ ਪੁਰਾਣੀ ਗੱਲ ਹੈ ਸਾਡੇ ਬਾਦਲ ਕੇਂਦਰ I ਵਿੱਚ ਕਿਸੇ ਭਾਊ ਨਾਮ ਦੇ ਸਖਸ਼ ਦੀ ਡਿਊਟੀ ਬਤੋਰ ਕੇਂਦਰ ਸੁਪਰਡੈਂਟ ਲੱਗੀ। ਓਹਨਾ ਵੇਲਿਆਂ ਵਿੱਚ ਸਰਕਾਰੀ ਸਕੂਲ ਬਾਦਲ ਅਤੇ ਗਗੜ ਪਿੰਡ ਦੇ ਵਿਦਿਆਰਥੀ ਵੀ ਇੱਥੇ ਹੀ ਪੇਪਰ ਦਿੰਦੇ ਹੁੰਦੇ ਸਨ। ਭਾਊ ਮਾਹਟਰ ਦਾ ਦਬਦਬਾ ਵੇਖਕੇ ਸਾਡੇ ਇਲਾਕੇ ਦੇ ਬਣੇ ਅਖੌਤੀ ਨਕਲ ਵਿਰੋਧੀ ਮੰਚ ਨੂੰ ਆਪਣੇ ਜੁਆਕਾਂ ਦਾ ਫਿਕਰ ਪੈ ਗਿਆ। ਉਹ ਸ਼ਾਮੀ ਇਕੱਠੇ ਹੋਕੇ ਭਾਊ ਹਰਭਜਨ ਸਿੰਘ ਸੰਧੂ ਦੇ ਪਿੰਡ ਚਲੇ ਗਏ ਅਤੇ ਨਾਲ ਇੱਕ ਦੋ ਸ਼ਕਤੀ ਵਾਟਰ ਦੀਆਂ ਬੋਤਲਾਂ ਵੀ ਲ਼ੈ ਗਏ। ਜਿੰਦਗ਼ੀ ਦੇ ਕਈ ਤਜੁਰਬੇ ਹੰਢਾ ਚੁੱਕੇ ਸੰਧੂ ਸਾਹਿਬ ਉਹਨਾਂ ਦੇ ਪਹੁੰਚਦਿਆ ਹੀ ਓਹਨਾ ਦੇ ਆਉਣ ਦਾ ਮਕਸਦ ਤਾੜ ਗਏ। ਆਏ ਮਹਿਮਾਨਾਂ ਨੂੰ ਘਰੇ ਪਏ ਗੁੜਰਸ ਦੇ ਖੁੱਲੇ ਗੱਫੇ ਵਰਤਾਏ ਗਏ। ਕੁਝ ਕ਼ੁ ਮਹਿਮਾਨ ਤਾਂ ਵਿਚਾਲੇ ਹੀ ਲੁੜਕ ਗਏ। ਕੁਝ ਕ਼ੁ ਜੋ ਅਜੇ ਬੋਲਣ ਦੀ ਸਮਰਥਾ ਰੱਖਦੇ ਸਨ ਨੇ ਪ੍ਰੀਖਿਆ ਕੇਂਦਰ ਵਿਚ ਸਖ਼ਤਾਈ ਨਾ ਕਰਨ ਅਤੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਬਣਾਉਣ ਦੀ ਗੱਲ ਛੇੜੀ।
“ਖ਼ਬਰਦਾਰ ਜੇ ਕੋਈ ਤੁਹਾਡੇ ਵਿਚੋਂ ਪ੍ਰੀਖਿਆ ਕੇਂਦਰ ਦੇ ਨੇੜੇ ਵੀ ਢੁੱਕਿਆ ਤਾਂ। ਮੇਰਾ ਕੇਂਦਰ ਮੇਰੀ ਮਰਜ਼ੀ ਨਾਲ ਚੱਲੂ ਤਾਹਡੇ ਇਸ਼ਾਰੇ ਤੇ ਨਹੀਂ।” ਸਖਤੀ ਵਿੱਚ ਬੋਲੀ ਭਾਸ਼ਾ ਸੁਣਕੇ ਅਖੌਤੀ ਮੋਹਤਵਾਰਾਂ ਨੂੰ ਓਥੋ ਖਿਸਕਣ ਵਿੱਚ ਹੀ ਭਲਾਈ ਨਜ਼ਰ ਆਈ। ਸਰਦਾਰ ਹਰਭਜਨ ਸਿੰਘ ਸੰਧੂ ਨੇ ਬਹੁਤ ਵਧੀਆ ਸੈਂਟਰ ਚਲਾਇਆ। ਕਿਸੇ ਨੋਢੀ ਖਾਨ ਨੂੰ ਸੈਂਟਰ ਨੇੜੇ ਖੰਘਨ ਨਹੀਂ ਦਿੱਤਾ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ