ਮੰਮੇ ਨੂੰ ਕੰਨਾ ਤੇ ਉੱਤੇ ਬਿੰਦੀ ਮਾਂ, ਦੋ ਸ਼ਬਦਾਂ ਦੇ ਮੇਲ ਤੋ ਬਣਿਆ ਇਹ ਸਬਦ ਮਾਂ ਜਿੰਨਾ ਛੋਟਾ ਹੈ ਉਹਨਾ ਹੀ ਮਿੱਠਾ ਤੇ ਵੱਡਾ ਹੈ। ਮਾਂ ਸਬਦ ਤੋ ਹੀ ਇਸ ਨਾਲ ਜੁੜਦੇ ਕਈ ਹੋਰ ਵੀ ਸਬਦ (ਰਿਸਤੇ) ਬਣੇ ਹਨ। ਪਰ ਇਹ ਇਸਦੇ ਨੇੜੇ ਤਾਂ ਪਾਹੁੰਚਦੇ ਹਨ ਪਰ ਇਸ ਦਾ ਮੁਕਾਬਲਾ ਨਹੀ ਕਰ ਸਕਦੇ। ਦੋ ਵਾਰੀ ਮਾਂ ਬੋਲਣ ਨਾਲ ਮਾਮਾ ਤੇ ਮਾਂ-ਸੀ ਮਤਲਬ ਮਾਸੀ ਵਰਗਾ ਸਬਦ ਵੀ ਮਾਂ ਦੀ ਪੂਰਤੀ ਨਹੀ ਕਰ ਸਕਦਾ। ਮਾਂ ਦੀ ਉਪਮਾਂ ਚ ਤਾਂ ਗ੍ਰੰਥ ਲਿਖੇ ਜਾ ਸਕਦੇ ਹਨ।ਪਰ ਮਾਂ ਦੀ ਉਪਮਾ ਫਿਰ ਵੀ ਪੂਰੀ ਨਹੀ ਗਾਈ ਜਾ ਸਕਦੀ। ਬੇਸੱਕ ਹੋਰ ਬਹੁਤ ਰਿਸਤੇ ਹਨ ਭੈਣ ਭਰਾ, ਪਿਉ, ਚਾਚੇ, ਤਾਏ, ਭੂਆ, ਦਾਦਾ,ਦਾਦੀ ਪਰ ਮਾਂ ਦਾ ਰਿਸਤਾ ਇਹਨਾ ਸਾਰਿਆਂ ਰਿਸਤਿਆਂ ਨਾਲੋ ਉੱਚਾ ਹੈ। ਮਾਂ ਹੀ ਇੱਕ ਅਜਿਹਾ ਨਾਤਾ ਹੈ ਜਿਸ ਵਿੱਚ ਉਹ ਜਨਮ ਤੋ ਪਹਿਲਾਂ ਹੀ ਆਪਣੇ ਬੱਚੇ ਦੀ ਪਾਲਣਾ ਆਪਣੇ ਖੂਨ ਨਾਲ ਕਰਦੀ ਹੈ ਤੇ ਆਪਣੀ ਖੁਰਾਕ ਦੇ ਕੁਝ ਅੰਸ ਆਪਣੇ ਪੇਟ ਵਿੱਚਲੇ ਬੱਚੇ ਨੂੰ ਦਿੰਦੀ ਹੈ।ਇਸੇ ਲਈ ਹੀ ਮਾਂ ਨਾਲ ਹੀ ਬੱਚੇ ਦਾ ਖੂਨ ਦਾ ਸਬੰਧ ਹੁੰਦਾ ਹੈ। ਮਾਂ ਜਨਮਦਾਤੀ ਹੁੰਦੀ ਹੈ। ਬੱਚੇ ਨਾਲ ਬਹੁਤੇ ਲਗਾਵ ਦਾ ਮੁੱਢ ਕਾਰਨ ਵੀ ਇਹੀ ਹੰਦਾ ਹੈ ਕਿਉਕਿ ਬੱਚਾ ਮਾਂ ਦਾ ਹੀ ਅੰਸ ਹੁੰਦਾ ਹੈ।
ਮਾਂ ਮਾਰੇ ਤੇ ਮਾਰਨ ਨਾ ਦੇਵੇ। ਸਿਆਣੇ ਲੋਕ ਅਕਸਰ ਇਹ ਗੱਲ ਆਖਦੇ ਹਨ । ਇਹ ਮਾਂ ਦਾ ਪਿਆਰ ਹੀ ਹੈ ਤੇ ਉਸਦੀ ਮਮਤਾ ਦਾ ਹੀ ਅਸਰ ਹੁੰਦਾ ਹੈ ਮਾਂ ਆਪਣੇ ਬੱਚੇ ਨੂੰ ਖੁੱਦ ਮਾਰ ਲੈਂਦੀ ਹੈ ਕੁੱਟ ਲੈਂਦੀ ਹੈ ਪਰ ਅਗਰ ਕੋਈ ਮਾਮੂਲੀ ਜਿਹਾ ਵੀ ਉਸਦੀ ਅੋਲਾਦ ਨੁੰ ਝਿੜਕ ਦੇਵੇ ਤਾਂ ਮਾਂ ਉਸ ਨਾਲ ਬੁਰੀ ਤਰਾਂ ਪੇਸ਼ ਆਉਂਦੀ ਹੈ ਤੇ ਪੂਰਾ ਬਦਲਾ ਲੈੱਦੀ ਹੈ। ਖੁੱਦ ਮਾਂ ਕਈ ਨਾਵਾਂ ਨਾਲ ਪੁਕਾਰਦੀ ਹੈ ਪਰ ਅਗਰ ਕੋਈ ਦੂਸਰਾ ਮਾਮੂਲੀ ਜਿਹਾ ਵੀ ਅਪਸਬਦ ਬੋਲ ਦੇਵੇ ਤਾਂ ਮਾਂ ਦਾ ਗੁੱਸਾ ਅਸਮਾਨ ਨੁੰ ਛੂ ਜਾਂਦਾ ਹੈ। ਇੱਕ ਮਾਂ ਦੀ ਬਰਦਾਸਤ ਸਕਤੀ ਤੋ ਬਾਹਰ ਹੋ ਜਾਂਦਾ ਹੈ। ਮਾਂ ਹੀ ਆਪਣੇ ਬੱਚੇ ਤੇ ਅੰਨ੍ਹਾ ਯਕੀਨ ਕਰਦੀ ਹੈ। ਤੇ ਕਈ ਵਾਰੀ ਇਸ ਅੰਨ੍ਹੇ ਯਕੀਨ ਦਾ ਖਮਿਆਜਾ ਵੀ ਇੱਕ ਮਾਂ ਨੂੰ ਭੁਗਤਣਾ ਪੈਂਦਾ ਹੈ। ਉਸ ਸਮੇ ਮਾਂ ਦੇ ਦਿਲ ਨੂੰ ਜੋ ਠੇਸ ਪਹੁੰਚਦੀ ਹੈ ਉਸਨੂੰ ਸਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਕਈ ਵਾਰੀ ਉਸਦੀ ਮਮਤਾ ਉਸ ਤੇ ਭਾਰੀ ਪੈ ਜਾਂਦੀ ਹੈ। ਤੇ ਉਹ ਆਪਣੀ ਮਮਤਾ ਚ ਹੀ ਮਜਬੂਰ ਹੋ ਜਾਂਦੀ ਹੈ ਤੇ ਇਹੀ ਮਮਤਾ ਉਸਨੂੰ ਸਮਾਜ ਵਿੱਚ ਕਖੋਂ ਹੋਲਾ ਕਰ ਦਿੰਦੀ ਹੈ।
ਤੁਰ ਜਾਣ ਤੋਂ ਬਾਅਦ ਯਾਦ ਆਉਂਦੀਆਂ ਹਨ ਮਾਂਵਾਂ। ਇਹ ਵੀ ਕਿਸੇ ਨੇ ਸੱਚ ਹੀ ਕਿਹਾ ਹੈ ।ਅਕਸਰ ਲੋਕ ਮਾਂ ਦੀ ਕਦਰ ਉਸ ਦੇ ਚਲੇ ਜਾਣ ਤੋ ਬਾਅਦ ਹੀ ਕਰਦੇ ਹਨ। ਮਾਂ ਦੀ ਮਹੱਤਤਾ ਦਾ ਗਿਆਨ ਵੀ ਬੰਦੇ ਨੂੰ ਉਸ ਸਮੇ ਹੰਦਾ ਹੈ ਜਦੋ ਉਸ ਦੀ ਮਾਂ ਮਰ ਜਾਂਦੀ ਹੈ। ਤੇ ਤੁਰ ਜਾਣ ਤੋ ਬਾਅਦ ਹੀ ਮਾਂ ਯਾਦ ਆਉਂਦੀ ਹੈ। ਮਾਂ ਦੇ ਮਰਨ ਦਾ ਵੀ ਬਹੁਤ ਹੀ ਦੁੱਖ ਹੰਦਾ ਹੈ ਤੇ ਇਸੇ ਲਈ ਕਹਿੰਦੇ ਹਨ ਰੱਬਾ ਕਿਸੇ ਦੀ ਮਾਂ ਨਾ ਮਾਰੀ। ਅਕਸਰ ਦੁੱਖ ਵੇਲੇ ਵੀ ਮੂੰਹ ਚੋ ਹਏ ਮਾਂ ਸਬਦ ਹੀ ਨਿੱਕਲਦਾ ਹੈ।ਜੋ ਮਾਂ ਪ੍ਰਤੀ ਸਾਡੀ ਸੋਚ ਤੇ ਉਸ ਦੀ ਅਹਿਮੀਅਤ ਦਾ ਪ੍ਰਤੀਕ ਹੈ। ਜਦੋ ਬੰਦੇ ਨੁੰ ਪੁਰਾਣੇ ਖੁਸ਼ੀ ਵਾਲੇ ਦਿਨ ਯਾਦ ਆਉਂਦੇ ਹਨ ਤਾਂ ਇਹੀ ਕਿਹਾ ਜਾਂਦਾ ਹੈ ਉਹ ਮਾਂ ਮਰ ਗਈ ਜਿਹੜੀ ਦਹੀ ਨਾਲ ਟੁੱਕ ਦਿੰਦੀ ਹੰਦੀ ਸੀ। ਤੇ ਉਸ ਸਮੇ ਹੀ ਮਾਂ ਦੀ ਯਾਦ ਆਉਦੀ ਹੈ ਮਾਂ ਦੀ ਕਮੀ ਮਹਿਸੂਸ ਹੁੰਦੀ ਹੈ।
ਪਰ ਇਹਨਾ ਕੁਝ ਹੋਣ ਦੇ ਬਾਵਜੂਦ ਵੀ ਮਾਂ ਸਭ ਤੋ ਜਿਆਦਾ ਦੁੱਖੀ ਕਿਉ ਹੁੰਦੀ ਹੈ। ਬਹੁਤੇ ਘਰਾਂ ਵਿੱਚ ਮਾਂ ਦੀ ਸਥਿਤੀ ਹੀ ਦਰਦਨਾਕ ਕਿਉ ਹੁੰਦੀ ਹੈ। ਮਾਂ ਦੇ ਦਿਲ ਤੇ ਕੀ ਬੀਤਦੀ ਹੋਵੇ ਗੀ ਜਦੋ ਉਸ ਦੀ ਜੰਮੀ ਅੋਲਾਦ ਉਸ ਨੂੰ ਕਹਿ ਦਿੰਦੀ ਹੈ ਬੀਜੀ ਤੁਹਾਨੂੰ ਨਹੀ ਪਤਾ। ਤੁਹਾਨੂੰ ਕੁਝ ਨਹੀ ਪਤਾ। ਤੁਸੀ ਪੁਰਾਣੇ ਜਮਾਨੇ ਦੇ ਹੋ। ਤੇ ਆਪਣੇ ਜੰਮੇ ਹੀ ਉਸਨੂੰ ਕਮਲੀ ਬਣਾ ਦਿੰਦੇ ਹਨ। ਜੇ ਮਾਂ ਦਾ ਪੁੱਤ ਦੁਖੀ ਤਾਂ ਮਾਂ ਦੁੱਖੀ। ਮਾਂ ਦੀ ਧੀ ਦੁੱਖੀ ਤਾਂ ਮਾਂ ਦੁੱਖੀ। ਉਹ ਆਪਣੇ ਪਤੀ ਪਿਉ ਤੇ ਭਰਾ ਦੇ ਦੁਖੀ ਹੋਣ ਤੇ ਵੀ ਬਹੁਤ ਦੁਖੀ ਹੁੰਦੀ ਹੈ ਆਪਣੇ ਖੁੱਦ ਦੇ ਦੁੱਖ ਨੂੰ ਤਾਂ ਉਹ ਅੰਦਰੇ ਹੀ ਪੀ ਲੈੱਦੀ ਹੈ।ਉਹ ਆਪਣਾ ਦੁੱਖ ਕਦੇ ਜਾਹਿਰ ਨਹੀ ਕਰਦੀ। ਇਸੇ ਲਈ ਤਾਂ ਇੱਕ ਮਾਂ ਚ ਲੋਹੜੇ ਦੀ ਸਹਿਣ ਸਕਤੀ ਹੰਦੀ ਹੈ।
ਬਹੁਤੇ ਘਰਾਂ ਵਿੱਚ ਬਜੁਰਗ ਮਾਂ ਰੋਟੀ ਤੋ ਵੀ ਦੁਖੀ ਹੁੰਦੀ ਹੈ । ਕਈ ਵਾਰੀ ਤਾਂ ਮਾਂ ਦੀ ਰੋਟੀ ਵੀ ਉਸ ਨੂੰ ਮਕਾਨ ਦੇ ਕਿਰਾਏ , ਫੈਮਿਲੀ ਪੈਨਸਨ ਤੇ ਬੁਢਾਪਾ ਪੈਨਸਨ ਦੇ ਇਵਜ ਵਿੱਚ ਦਿੱਤੀ ਜਾਂਦੀ ਹੈ। ਹਾਲਾਤ ਓਦੋ ਦਰਦਨਾਕ ਹੋ ਜਾਂਦੇ ਹਨ ਜਦੋ ਇੱਕ ਕਮਰੇ ਦੇ ਮਕਾਨ ਵਿੱਚ ਚਾਰ ਬੱਚਿਆਂ ਨਾਲ ਜਿੰਦਗੀ ਬਸਰ ਕਰਨ ਵਾਲੀ ਮਾਂ ਚਾਰ ਬੱਚਿਆ ਦੇ ਚਾਰ ਚਾਰ ਕਮਰਿਆਂ ਦੇ ਮਕਾਨ ਵਿੱਚ ਇੱਕ ਕਮਰੇ ਨੂੰ ਤਰਸਦੀ ਹੈ। ਮਾਂ ਚਾਰ ਬੱਚਿਆਂ ਦਾ ਜਨਮ ਦਿਨ ਖੁਸੀ ਖੁਸੀ ਮਨਾਉਂਦੀ ਹੈ ਤੇ ਲੋਹੜੇ ਦਾ ਚਾਅ ਕਰਦੀ ਹੈ। ਪਰ ਮਾਂ ਦੇ ਜਨਮ ਦਿਨ ਤੇ ਦੋ ਪਿਆਰ ਦੇ ਸਬਦ ਬੋਲਣ ਦਾ ਬੱਚਿਆਂ ਕੋਲੇ ਟਾਇਮ ਨਹੀ ਹੰਦਾ ਹੈ। ਲੋਕ ਦਿਖਾਵੇ ਲਈ ਮਾਂ ਨੂੰ ਪੈਰੀ ਪੈਣਾ ਤਾਂ ਕੀਤਾ ਜਾਂਦਾ ਹੈ ਪਰ ਮਾਂ ਦੀ ਅੱਖ ਚ ਆਏ ਇੱਕ ਹੰਝੂ ਦੇ ਆਉਣ ਦਾ ਕਾਰਨ ਜਾਨਣ ਜਾ ਗੱਲਾਂ ਕਰਕੇ ਮਾਂ ਦਾ ਮਨ ਹੋਲਾ ਕਰਨ ਦੀ ਕਦੇ ਕੋਸਿਸ ਨਹੀ ਕੀਤੀ ਜਾਂਦੀ।
ਮਾਂ ਹੁੰਦੀ ਹੈ ਮਾਂ ਓਹ ਦੁਨੀਆਂ ਵਾਲਿਓੁ …..ਕਹਿਣਾ ਤੇ ਗਾਉਣਾ ਬਹੁਤ ਚੰਗਾ ਲੱਗਦਾ ਹੈ । ਪਰ ਮਾਂ ਦੇ ਰੁਤਬੇ ਤੇ ਅਹਿਮੀਅਤ ਨੂੰ ਪਛਾਨਣਾ ਐਨਾ ਸੋਖਾ ਨਹੀ ਹੈ। ਮਾਂ ਦੇ ਜਾਣ ਤੋ ਬਾਅਦ ਉਸਦੇ ਸੋਹਲੇ ਗਾਉਣ ਨਾਲੋ ਜਿਉਦੇ ਜੀਅ ਹੀ ਮਾਂ ਦੀ ਕਦਰ ਕਰਨਾ ਤੇ ਉਸ ਦਾ ਸਨਮਾਨ ਕਰਨਾ ਜਰੂਰੀ ਹੈ।ਜਿਨ੍ਹਾਂ ਪਾਸ ਮਾਂ ਰੂਪੀ ਅਨਮੋਲ ਦੋਲਤ ਹੈ ਉਹਨਾ ਨੂੰ ਇਸ ਖਜਾਨੇ ਦੀ ਕਦਰ ਕਰਨੀ ਬਣਦੀ ਹੈ ਫਿਰ ਪਛਤਾਏ ਕਿਆ ਹੋਤ ਹੈ ਜਬ ਚਿੜੀਆਂ………….।ਫਿਰ ਮੰਮੇ ਨੁੰ ਕੰਨਾ ਤੇ ਉੱਤੇ ਬਿੰਦੀ ਤੋ ਬਣੇ ਸਬਦ ਮਾਂ ਤੋ ਵਾਂਝੇ ਆਦਮੀ ਦਾ ਦਰਦ ਉਹੀ ਸਮਝ ਸਕਦਾ ਹੈ ਜਿਸ ਦੇ ਮਾਂ ਨਹੀ ਹੰਦੀ।
ਰਮੇਸ ਸੇਠੀ ਬਾਦਲ
ਮੋ 98 766 27 233