ਮੇਰੇ ਯਾਦ ਹੈ ਕਿ ਮੇਰੇ ਵੱਡੇ ਮਾਮਾ ਸ੍ਰੀ ਸ਼ਾਦੀ ਰਾਮ ਜੀ ਦੀ ਰੋਟੀ ਲਈ ਸਪੈਸ਼ਲ ਕਾਂਸੇ ਦੀ ਥਾਲੀ ਪਰੋਸੀ ਜਾਂਦੀ ਸੀ। ਉਹ ਉਸ ਪਰਿਵਾਰ ਦੇ ਮੁਖੀਆ ਸਨ। ਰੋਟੀ ਖਵਾਉਣ ਵੇਲੇ ਕੋਈ ਨਾ ਕੋਈ ਸਿਰਹਾਣੇ ਖੜਾ ਰਹਿੰਦਾ ਸੀ। ਜੋ ਰੋਟੀ ਖਾਣ ਤੋਂ ਪਹਿਲਾਂ ਤੇ ਬਾਦ ਵਿੱਚ ਹੱਥ ਵੀ ਧਵਾਉਂਦਾ ਸੀ। ਮੇਰੇ ਦਾਦਾ ਜੀ ਦੀ ਰੋਟੀ ਵੇਲੇ ਵੀ ਮੇਰੀ ਮਾਤਾ/ਭੂਆਂ ਵਰਗੀਆਂ ਚੁਕੰਨੀਆ ਰਹਿੰਦੀਆਂ ਸਨ। ਇਹ ਬਜ਼ੁਰਗਾਂ ਦਾ ਮਾਣ ਸਨਮਾਨ ਹੁੰਦਾ ਸੀ। ਬਹੁਤੇ ਵਾਰੀ ਤਾਂ ਦਿਨੇ ਬਣੀ ਵਧੀਆ ਸਬਜ਼ੀ ਬਜ਼ੁਰਗਾਂ ਲਈ ਆਥਣ ਵਾਸਤੇ ਉਚੇਚੀ ਰੱਖ ਲਈ ਜਾਂਦੀ ਸੀ ਤਾਂਕਿ ਉਹਨਾਂ ਨੂੰ ਦੋ ਸਬਜ਼ੀਆਂ ਨਾਲ ਰੋਟੀ ਪਰੋਸੀ ਜਾ ਸਕੇ। ਮੇਰੇ ਪਾਪਾ ਜੀ 63 ਸਾਲ ਦੀ ਉਮਰੇ ਚਲਦੇ ਫਿਰਦੇ ਹੀ ਇਸ ਜਹਾਨ ਤੋਂ ਕੂਚ ਕਰ ਗਏ। ਓਹਨਾ ਨੇ ਕਦੇ ਆਪਣੇ ਆਪ ਨੂੰ ਬੁੱਢਾ ਨਹੀਂ ਸੀ ਸਮਝਿਆ ਸੋ ਜੋ ਮਿਲਦਾ, ਜਿਵੇਂ ਮਿਲਦਾ ਖਾ ਲੈਂਦੇ। ਇਸ ਮਾਮਲੇ ਵਿੱਚ ਉਹ ਮਸਤ ਹੀ ਸਨ। ਪਰ ਮੇਰੇ ਮਾਤਾ ਜੀ ਜੋ 72 ਕੁ ਸਾਲ ਦੀ ਉਮਰ ਭੋਗਕੇ ਗਏ ਨੂੰ ਅਸੀਂ ਉਚੇਚੀ ਰੋਟੀ ਖਵਾਉਣ ਦੀ ਕੋਸ਼ਿਸ਼ ਕਰਦੇ। ਪਰ ਓਹ ਜਿਆਦਾਤਰ ਆਚਾਰ ਚੱਟਣੀ ਨਾਲ ਹੀ ਰੋਟੀ ਖਾਂਦੇ। ਕਦੇ ਗੁੜ ਨਾਲ ਕਦੇ ਦਾਲ ਵਿੱਚ ਰੋਟੀ ਚੂਰ ਲੈਂਦੇ। ਆਪਣੀ ਪਸੰਦ ਨੂੰ ਹੀ ਤਰਜੀਹ ਦਿੰਦੇ ਸਨ। ਪਰ ਮੇਰਾ ਮੰਨਣਾ ਹੈ ਕਿ ਪਹਿਲੇ ਜਮਾਨੇ ਵਿੱਚ ਜੋ ਮਾਣ ਸਨਮਾਨ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਸੀ ਇਹ ਇੱਕ ਵਧੀਆ ਪ੍ਰੰਪਰਾ ਸੀ। ਚੰਗੇ ਸੰਸਕਾਰ ਸਨ।
ਵੱਡਿਆਂ ਨੂੰ ਰੋਟੀ ਖਵਾਕੇ ਫਿਰ ਖੁਦ ਖਾਣ ਦਾ ਚਲਣ ਸੀ। ਬਜ਼ੁਰਗਾਂ ਦੀ ਥਾਲੀ ਸਜਾਈ ਜਾਂਦੀ ਸੀ। ਮੌਜੂਦਾ ਹਾਲਾਤ ਮੁਤਾਬਿਕ ਇਹ ਸਭ ਖਤਮ ਹੋ ਗਿਆ। ਹੁਣ ਮੇਰੇ ਵਰਗਾ ਵੀ “ਭੁੱਖ ਨਹੀ, ਭੁੱਖ ਨਹੀਂ।” ਕਹਿਕੇ ਚਾਰ ਵਜਾ ਦਿੰਦਾ ਹੈ। ਦਸਾਂ ਚੋ ਅੱਠ ਸਬਜ਼ੀਆਂ ਨੂੰ ਨੱਕ ਮਾਰਕੇ ਖਾਂਦਾ ਹੈ। ਆਪਣੇ ਵੱਖਰੇ ਹੀ ਸਵਾਦ ਤੇ ਰੁਚੀਆਂ ਹਨ।
ਪਰ ਓਹ ਜਮਾਨੇ ਕੁਝ ਜ਼ਿਆਦਾ ਅਦਬੀ ਸਨ। ਵੱਖਰੇ ਤੌਰ ਤਰੀਕੇ ਚਲਣ ਸਨ। ਕਿੰਨੇ ਕੁ ਹਨ ਜਿੰਨਾਂ ਨੇ ਆਪਣੇ ਦਾਦਾ ਦਾਦੀ ਨੂੰ ਕੋਲੇ ਖੜਕੇ ਹੱਥੀ ਖਾਣਾ ਖਵਾਇਆ ਹੈ। ਮੈਨੂੰ ਤਾਂ ਕਦੀ ਇਹ ਮੌਕਾ ਨਹੀਂ ਮਿਲਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ