ਗੱਲ 1974 ਦੀ ਹੈ। ਓਦੋਂ ਨੌਵੀਂ ਕਲਾਸ ਦੇ ਵੀ ਬੋਰਡ ਦੇ ਪੇਪਰ ਹੁੰਦੇ ਸਨ। ਸਾਡਾ ਘੁਮਿਆਰੇ ਵਾਲਿਆਂ ਦਾ ਸੈਂਟਰ ਲੰਬੀ ਸਰਕਾਰੀ ਸਕੂਲ ਬਣਿਆ ਸੀ। ਸਾਡਾ ਸ਼ਾਮ ਦੇ ਸੈਸ਼ਨ ਵਿਚ ਹਿਸਾਬ ਏ ਦਾ ਪੇਪਰ ਸੀ। ਪੇਪਰ ਦੀ ਮੈਨੂੰ ਥੋੜੀ ਘਬਰਾਹਟ ਜਿਹੀ ਸੀ। ਇਹ ਗੱਲ ਮੈਂ ਮੇਰੇ ਹਾਕੂਵਾਲਾ ਵਾਲੇ ਦੋਸਤ ਬਲਦਰਸ਼ਨ ਨਾਲ ਸਾਂਝੀ ਕੀਤੀ। ਬਲਦਰਸ਼ਨ ਜੋ ਮੇਰਾ ਦੋਸਤ ਸੀ ਤੇ ਸਾਡੇ ਪਿੰਡ ਵਾਲੇ ਬਾਬੇ ਸੰਪੂਰਨ ਦਾ ਦੋਹਤਾ ਵੀ ਸੀ। ਇਸ ਲਈ ਉਹ ਮੇਰੇ ਪਾਪਾ ਜੀ ਨੂੰ ਮਾਮਾ ਹੀ ਆਖਦਾ ਸੀ। ਉਹ ਮੈਨੂੰ ਕਹਿੰਦਾ ਮੇਰੇ ਕੋਲ ਇਸਦਾ ਇਲਾਜ ਹੈਗਾ। ਉਸ ਨੇ ਜੇਬ ਵਿੱਚ ਪੰਨੇ ਵਿੱਚ ਵਲੇਹਟੀ ਕਾਲੇ ਰੰਗ ਦੀ ਲੁੱਕ ਵਰਗੀ ਕੋਈ ਚੀਜ਼ ਕੱਢੀ। ਛੋਲਿਆਂ ਦੇ ਦਾਣੇ ਜਿੰਨੀ ਉਸਨੇ ਆਪ ਖਾ ਲਈ। ਅਤੇ ਮੋਠ ਦੇ ਦਾਣੇ ਜਿੰਨੀ ਮੈਨੂੰ ਖਾਣ ਨੂੰ ਕਿਹਾ। ਭਾਵੇਂ ਮੈਂ ਉਹ ਚੀਜ਼ ਪਹਿਲੀ ਵਾਰੀ ਵੇਖੀ ਸੀ ਪਰ ਸਮਝ ਗਿਆ ਕਿ ਇਸ ਨੂੰ ਨਾਗਣੀ ਵੀ ਕਹਿੰਦੇ ਹਨ। ਥੋੜੀ ਦੇਰ ਬਾਅਦ ਦੋ ਵਜੇ ਪੇਪਰ ਸ਼ੁਰੂ ਹੋ ਗਿਆ। ਸੀਟਿੰਗ ਪਲਾਨ ਅਨੁਸਾਰ ਮੇਰੀ ਸੀਟ ਬਾਹਰ ਵਰਾਂਡੇ ਵਿਚ ਲੱਗੀ ਸੀ। ਜਿਸ ਤੇ ਬੱਲੀਆਂ ਦੀ ਛੱਤ ਪਾਈ ਹੋਈ ਸੀ। ਮੈਂ ਬਾਰ ਬਾਰ ਬੱਲੀਆਂ ਗਿਣਦਾ ਰਿਹਾ ਜੋ ਸ਼ਾਇਦ ਗਿਣਤੀ ਵਿੱਚ ਉੱਨੀ ਸਨ। ਨਾ ਮੈਂ ਆਨਸਰ ਸ਼ੀਟ ਤੇ ਆਪਣਾ ਰੋਲ ਨੰਬਰ ਲਿਖਿਆ ਤੇ ਨਾ ਪ੍ਰਸ਼ਨ ਪੱਤਰ ਤੇ। ਮੈਨੂੰ ਪਤਾ ਨਾ ਲੱਗਿਆ ਕਦੋਂ ਕਲਰਕ ਮੋਹਰਾਂ ਲਾ ਗਿਆ ਤੇ ਕਦੋਂ ਡਿਪਟੀ ਸੁਪਰਡੈਂਟ ਨੇ ਹਾਜ਼ਰੀ ਵੀ ਲਗਵਾ ਲਈ। ਮੈਂ ਬਸ ਬੱਲੀਆਂ ਗਿਣਨ ਵਿਚ ਮਸਤ ਸੀ। ਕਾਫੀ ਸਮੇਂ ਬਾਅਦ ਇੱਕ ਦਮ ਜਦੋ ਮੈ ਸਮਾਂ ਦੇਖਿਆ ਤਾਂ ਦੋ ਵੱਜ ਕੇ ਪੰਜਾਹ ਮਿੰਟ ਹੋ ਚੁਕੇ ਸਨ। ਮੈਨੂੰ ਥੋੜੀ ਜਿਹੀ ਘਬਰਾਹਟ ਹੋਈ ਪਰ ਮੈਂ ਪੇਪਰ ਸ਼ੁਰੂ ਕਰ ਲਿਆ। ਸਪੀਡ ਨਾਲ ਪ੍ਰਸ਼ਨ ਹੱਲ ਕੀਤੇ। ਤੇ ਪੰਜ ਵਜੇ ਮਸਾਂ ਪੇਪਰ ਪੂਰਾ ਕੀਤਾ। ਰੱਬ ਦਾ ਸ਼ੁਕਰ ਹੈ ਮੈਂ ਨੌਵੀਂ ਚੋ ਪਾਸ ਹੋ ਗਿਆ। ਇਹ ਗੱਲ ਮੈਂ ਕਿਸੇ ਨੂੰ ਨਹੀਂ ਦੱਸੀ। ਪੇਪਰਾਂ ਤੋਂ ਬਾਦ ਆਪਣੇ ਅੰਦਰ ਹਾਜ਼ਮ ਕੀਤੀ ਗੱਲ ਮੈਂ ਮੇਰੀ ਮਾਤਾ ਨੂੰ ਦੱਸੀ ਤੇ ਮਾਤਾ ਜੀ ਨੇ ਮੌਕਾ ਵੇਖਕੇ ਪਾਪਾ ਜੀ ਕੋਲ ਚੁਗਲੀ ਕੀਤੀ। ਕੁੱਟ ਤੋਂ ਭਾਵੇ ਮੈਂ ਬਚ ਗਿਆ ਪਰ ਗਾਲਾਂ ਦਾ ਪ੍ਰਸ਼ਾਦ ਵਾਧੂ ਮਿਲਿਆ। ਓਦੋਂ ਮੁਕਗੀ ਫੀਮ ਡੱਬੀ ਚੋ ਯਾਰੋ। ਅੱਜ ਕੋਈ ਅਮਲੀ ਦਾ ਡੰਗ ਸਾਰੋ। ਸਾਡੀ ਰੁਸੀ ਫਿਰੇ….. ਵਾਲਾ ਗਾਣਾ ਵੀ ਚਲਦਾ ਹੁੰਦਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ