ਸੱਤਰ ਦੇ ਦਹਾਕੇ ਵਿੱਚ ਅਸੀਂ ਸ਼ਹਿਰ ਮੇਰੀ ਮਾਸੀ ਘਰੇ ਵੇਖਦੇ ਕਿ ਉਹ ਕਿਸੇ ਖਾਸ ਮਹਿਮਾਨ ਦੇ ਆਉਣ ਤੋਂ ਪਹਿਲਾਂ ਸਟੀਲ ਦੇ ਗਿਲਾਸ ਵਿੱਚ ਚਾਹ ਪੱਤੀ ਜਿਹੀ ਤੇ ਖੰਡ ਪਾਕੇ ਚਮਚ ਨਾਲ਼ ਕਾਫੀ ਦੇਰ ਹਿਲਾਉਂਦੇ ਰਹਿੰਦੇ। ਜਦੋਂ ਉਸਦੀ ਝੱਗ ਜਿਹੀ ਬਣ ਜਾਂਦੀ ਤਾਂ ਉਹ ਕੱਪਾਂ ਵਿੱਚ ਪਾਕੇ ਸਰਵ ਕਰਦੇ।
“ਇਹ ਕਾਫ਼ੀ ਹੁੰਦੀ ਹੈ।” ਇੱਕ ਦਿਨ ਮੇਰੀ ਮਾਸੀ ਨੇ ਮੇਰੀ ਮਾਂ ਨੂੰ ਬੜਾ ਹੁੱਬ ਕੇ ਦੱਸਿਆ। ਉਂਜ ਮੇਰੀ ਮਾਸੀ ਤੇ ਮੇਰੀ ਮਾਂ ਦੋਨੇ ਨਿਰੋਲ ਅਨਪੜ੍ਹ ਸਨ। ਹਾਂ ਅਮੀਰੀ ਤੇ ਗਰੀਬੀ ਦਾ ਫਰਕ ਜਰੂਰ ਸੀ।
ਫਿਰ ਇੱਕ ਵਾਰੀ ਅਸੀਂ ਮਾਸੀ ਦੇ ਘਰ ਜਗਰਾਤੇ ਤੇ ਗਏ ਤੇ ਰਾਤ ਰੁਕੇ। ਓਹਨਾ ਨੇ ਇੱਕ ਮਸ਼ੀਨ ਲਾਈ ਹੋਈ ਸੀ। ਜਿਸ ਨਾਲ ਦੁੱਧ ਵਿਚ ਮਸ਼ੀਨੀ ਫੂਕਾਂ ਜਿਹੀਆਂ ਮਾਰਕੇ ਕੋਈ ਚਾਹ ਵਰਗੀ ਚੀਜ਼ ਤਿਆਰ ਕਰਕੇ ਮਹਿਮਾਨਾਂ ਨੂੰ ਵਰਤਾਈ ਜਾਂਦੀ ਸੀ ਤੇ ਉਹ ਲੋਕ ਉਸਨੂੰ ਵੀ ਕੌਫ਼ੀ ਕਹਿੰਦੇ ਸਨ। ਇਹ ਵੇਖਕੇ ਮੈਂ ਸਸ਼ੋਪੰਜ ਵਿੱਚ ਪੈ ਗਿਆ ਕਿ ਜੇ ਇਹ ਕੌਫ਼ੀ ਹੈ ਤਾਂ ਗਿਲਾਸ ਵਿੱਚ ਬਣਨ ਵਾਲੀ ਕੀ ਸ਼ੈਅ ਸੀ। ਬਹੁਤ ਸਾਲਾਂ ਬਾਅਦ ਗਿਆਨ ਹੋਇਆ ਕਿ ਕੌਫ਼ੀ ਵੀ ਕਈ ਤਰਾਂ ਦੀ ਹੁੰਦੀ ਹੈ। ਬੀਟ ਕੌਫ਼ੀ ਤੇ ਮਸ਼ੀਨੀ ਕੌਫ਼ੀ। ਕਈ ਵਾਰੀ ਤਾਂ ਅਸੀਂ ਚਾਹ ਦੀ ਝੱਗ ਜਿਹੀ ਬਣਾਕੇ ਉਪਰ ਵੀ ਕੋਈ ਮਿੱਠਾ ਪਾਊਡਰ ਪਾਕੇ ਕੌਫ਼ੀ ਦੀ ਫੀਲਿੰਗ ਲੈਂਦੇ।
ਹੋਲੀ ਹੋਲੀ ਕੁਝ ਕੁ ਸਮਝ ਆ ਗਈ ਤੇ ਬਾਕੀ ਜੁਆਕਾਂ ਨੇ ਨੋਇਡਾ ਲਿਜਾਕੇ ਸਿਖਾ ਦਿੱਤਾ।
ਹੁਣ ਕੌਫ਼ੀ ਬਾਰੇ ਬੱਚਾ ਬੱਚਾ ਜਾਣਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ