ਕਿਸੇ ਵੀ ਘਰ ਕੋਠੀ ਦਾ ਮੇਨ ਗੇਟ ਘਰ ਦੀ ਪਹਿਚਾਣ ਹੁੰਦਾ ਹੈ। ਸਾਡੇ ਪਿੰਡ ਵਾਲੇ ਘਰ ਦੇ ਦਰਵਾਜੇ ਦਾ ਮੁੱਖ ਗੇਟ ਕਾਫੀ ਵੱਡਾ ਸੀ ਜੋ ਕਿੱਕਰ ਦੇ ਵੱਡੇ ਛੋਟੇ ਫੱਟਿਆਂ ਦਾ ਬਣਿਆ ਹੋਇਆ ਸੀ। ਉਪਰ ਵੀ ਵੱਡੇ ਵੱਡੇ ਮੋਰੇ ਸਨ ਜਿਸ ਵਿਚੋਂ ਕਬੂਤਰ ਕ਼ਾ ਵਗੈਰਾ ਸੌਖੇ ਅੰਦਰ ਲੰਘ ਆਉਂਦੇ ਸਨ ਪਰ ਥੱਲੜੇ ਫੱਟਿਆਂ ਦੀਆਂ ਦੇ ਮੋਰਿਆਂ ਵਿਚੋਂ ਕੁੱਤਾ ਬਿੱਲੀ ਆਰਾਮ ਨਾਲ ਘਰੇ ਵੜ ਜਾਂਦੇ। ਕਈ ਵਾਰੀ ਗੇਟ ਦੀ ਮੁਰੰਮਤ ਕਰਾਉਣ ਦੀ ਸੋਚੀ ਪਰ ਜੇਬ ਵੇਖਕੇ ਚੁਪ ਕਰ ਜਾਂਦੇ।
ਆਪਾ ਤਾਂ ਭੈਣ ਕਿਆਂ ਵਰਗਾ ਲੋਹੇ ਦਾ ਗੇਟ ਲਗਵਾਵਾਂਗੇ। ਮੇਰੀ ਮਾਂ ਅਕਸ਼ਰ ਹੀ ਕਹਿਂਦੀ। ਮੇਰੀ ਮਾਂ ਦਾ ਇਸ਼ਾਰਾ ਮੰਡੀ ਡੱਬਵਾਲੀ ਰਹਿੰਦੀ ਮੇਰੀ ਮਾਸੀ ਦੀ ਰੇਲਵੇ ਸਟੇਸ਼ਨ ਵਾਲੀ ਕੋਠੀ ਦੇ ਲੱਗੇ ਗੇਟ ਵੱਲ ਹੁੰਦਾ ਸੀ। ਤੋੜ ਜੋੜ ਕਰਕੇ ਅਸੀਂ ਵੀ ਉਹੋ ਜਿਹਾ ਗੇਟ ਬਣਾਉਣ ਲਈ ਕਰਤਾਰ ਲਾਇਲਪੁਰੀਆ ਮਿਸਤਰੀ ਨੂੰ ਬੁਲਾਇਆ ਤੇ ਗੇਟ ਓਹੋ ਜਿਹਾ ਹੀ ਲਵਾ ਲਿਆ। ਇਸ ਗੇਟ ਦੇ ਸੰਗਲੀ ਵਾਲੇ ਕੁੰਡੇ ਨਹੀਂ ਸਗੋਂ ਨਿਕਲ ਪਾਲਿਸ਼ ਵਾਲੀਆਂ ਅਰਲਾ ਲੱਗੀਆਂ ਸਨ। ਜ਼ਮੀਨੀ ਟੈਟੂਏ ਨਹੀਂ ਵਧੀਆ ਕਬਜ਼ੇ ਲੱਗੇ ਹੋਏ ਸਨ। ਉਸ ਨੂੰ ਲਾਲ ਹਿਰਮਚੀ ਦਾ ਪੋਚਾ ਨਹੀਂ ਸੀ ਮਾਰਿਆ ਜਾਂਦਾ ਸਗੋਂ ਵਧੀਆ ਹਰੇ ਰੰਗ ਦਾ ਪੇਂਟ ਕੀਤਾ ਜਾਂਦਾ ਸੀ। ਗੇਟ ਵਿਚ ਇੱਕ ਵੱਡੀ ਸਾਰੀ ਖਿੜਕੀ ਵੀ ਬਣਾਈ ਸੀ ਜਿਸ ਚੋ ਸਾਈਕਲ ਆਸਾਨੀ ਨਾਲ ਲੰਘਾਇਆ ਜ਼ਾ ਸਕਦਾ ਸੀ। ਲ਼ੋਕ ਗੇਟ ਵੇਖਣ ਆਉਂਦੇ।
ਸ਼ਹਿਰ ਵਾਲਾ ਮਕਾਨ ਅਸੀਂ ਪੁਰਾਣਾ ਹੀ ਲਿਆ ਸੀ। ਉਸਦੀ ਪੂਰੀ ਮੁਰੰਮਤ ਕਰਵਾਈ। ਨਵਾਂ ਨਿਰਮਾਣ ਵੀ ਕਰਵਾਇਆ ਪਰ ਮੇਨ ਗੇਟ ਨਾ ਬਦਲਵਾ ਸਕੇ। ਓਹ ਓਹੀ ਕਿੱਕਰ ਦੇ ਫੱਟਿਆਂ ਵਾਲਾ ਦਰਵਾਜ਼ਾ ਸੀ ਜਿਸ ਨੂੰ ਦੇਸੀ ਅਰਲ ਲਾਈ ਸੀ। ਤੇਜ਼ ਹਵਾ ਤੇ ਹਨੇਰੀ ਆਉਣ ਤੇ ਗੇਟ ਢਿਚਕੂ ਢਿਚਕੂ ਕਰਦਾ। ਕਬੀਲਦਾਰੀਆਂ ਦਾ ਬੋਝ ਤੇ ਸ਼ਹਿਰੀ ਜੀਵਨ ਦੇ ਖਰਚੇ ਕਦੇ ਗੇਟ ਬਦਲਣ ਬਾਰੇ ਸੋਚਣ ਹੀ ਨਾ ਦਿੰਦੇ। ਉਹਨਾਂ ਦਿਨਾਂ ਵਿੱਚ ਪਾਪਾ ਜੀ ਦੇ ਗੁਰ ਭਾਈ ਸ੍ਰੀ ਚਿਮਨ ਲਾਲ ਬਜਾਜ ਅਕਸ਼ਰ ਹੀ ਸਾਨੂੰ ਮਿਲਣ ਆਉਂਦੇ। ਉਸ ਕੋਲ ਕਈ ਮਕਾਨ ਸਨ ਤੇ ਉਹ ਪੈਸੇ ਵਿਆਜ ਤੇ ਦਿੰਦਾ ਸੀ। ਇੱਕ ਦਿਨ ਉਸਨੇ ਨਜ਼ਰ ਭੂਆ ਭੂਆ ਕਰਦੇ ਸਾਡੇ ਮੁੱਖ ਦਰਵਾਜੇ ਤੇ ਪਈ।
ਓਏ ਸੇਠੀਆਂ ਦੇ ਦਰਵਾਜ਼ੇ ਦੀ ਇੰਨੀ ਖਸਤਾ ਹਾਲਤ। ਯਾਰ ਲੋਹੇ ਦਾ ਗੇਟ ਲਵਾ ਲਵੋ। ਉਸ ਤੋਂ ਬੋਲੇ ਬਿਨ ਰਹਿ ਨਾ ਹੋਇਆ। ਸ਼ਾਮੀ ਹੀ ਉਸਨੇ ਲੋਹੇ ਵਾਲਾ ਮਿਸਤਰੀ ਭੇਜ ਦਿੱਤਾ। ਹਫਤੇ ਵਿੱਚ ਵਧੀਆ ਗੇਟ ਲੱਗ ਗਿਆ। ਪੂਰਾ ਸੱਤ ਸੌ ਰੁਪਈਆ ਲੱਗਿਆ।
ਸਾਡੀ ਇਸ ਕੋਠੀ ਦਾ ਗੇਟ ਵੀ ਅਸੀਂ ਬਦਲਵਾ ਕੇ ਨਵਾਂ ਲੁਆਇਆ।
ਵੈਸੇ ਫਤਹਿਪੁਰ ਸੀਕਰੀ ਕਿਸੇ ਦਾ ਮੁੱਖ ਦਰਵਾਜ਼ਾ ਦੁਨੀਆ ਦਾ ਸਭ ਤੋਂ ਉੱਚਾ ਦਰਵਾਜ਼ਾ ਹੈ। ਸੈਂਕੜੇ ਸੈਲਾਨੀ ਦੂਰੋਂ ਦੂਰੋਂ ਉਸ ਨੂੰ ਵੇਖਣ ਆਉਂਦੇ ਹਨ। ਪਰ ਹਰ ਘਰ ਲਈ ਉਸ ਦਾ ਮੁੱਖ ਗੇਟ ਹੀ ਬੁਲੰਦ ਦਰਵਾਜ਼ਾ ਹੁੰਦਾ ਹੈ।
#ਰਮੇਸ਼ਸੇਠੀਬਾਦਲ