ਉਹ ਜਦੋਂ ਵੀ ਸਕੂਲੋਂ ਆਉਂਦੀਆਂ ਤਾਂ ਮਾਂ ਬੂਹੇ ਤੇ ਖਲੋਤੀ ਉਡੀਕ ਰਹੀ ਹੁੰਦੀ..
ਬਸਤੇ ਸੁੱਟ ਓਸੇ ਵੇਲੇ ਜਾ ਜੱਫੀ ਪਾ ਲੈਂਦੀਆਂ ਤੇ ਨਿੱਕੀ ਕੁੱਛੜ ਚੜੀ-ਚੜਾਈ ਹੀ ਮਾਂ ਨੂੰ ਅੰਦਰ ਤੱਕ ਲੈ ਆਉਂਦੀ..!
ਇਹ ਰੋਜ ਦਾ ਦਸਤੂਰ ਸੀ
ਪਰ ਅੱਜ ਉਹ ਬੂਹੇ ਤੇ ਖਲੋਤੀ ਹੋਈ ਨਾ ਦਿਸੀ..ਤਿੰਨੋਂ ਮੰਮੀ-ਮੰਮੀ ਆਖਦੀਆਂ ਅੰਦਰ ਜਾ ਵੜੀਆਂ ਤੇ ਹਰੇਕ ਖੂੰਝਾ ਫਰੋਲਣ ਲੱਗੀਆਂ..!
ਉਹ ਹਨੇਰੇ ਕਮਰੇ ਵਿਚ ਬੈਠੀ ਰੋ ਰਹੀ ਸੀ.!
ਕਾਫੀ ਕੋਸ਼ਿਸ਼ ਮਗਰੋਂ ਵੀ ਜਦੋਂ ਉਹ ਰੋਣ ਦੀ ਵਜਾ ਨਾ ਦੱਸ ਸਕੀ ਤਾਂ ਤਿੰਨੋਂ ਚੁੱਲ੍ਹੇ ਤੇ ਰੋਟੀਆਂ ਲਾਹੁੰਦੇ ਬਾਪ ਦੁਆਲੇ ਹੋ ਗਈਆਂ..!
ਉਦਾਸ ਬੈਠੇ ਨੇ ਪਹਿਲਾਂ ਤਵਾ ਹੇਠਾਂ ਲਾਹਿਆਂ..ਫੇਰ ਪਕਾ ਕੇ ਰੱਖੀਆਂ ਪੋਣੇ ਨਾਲ ਢੱਕੀਆਂ ਅਤੇ ਫੇਰ ਵੱਡੀ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ..ਬਾਕੀ ਦੋ ਵੀ ਮਗਰ ਮਗਰ ਹੋ ਤੁਰੀਆਂ..!
ਤਿੰਨ ਨੂੰ ਕਲਾਵੇ ਵਿਚ ਲੈਂਦਾ ਦੱਸਣ ਲੱਗਾ ਕੇ ਕੱਲ ਰਾਤ ਤੁਹਾਡੀ ਨਾਨੀ ਮਰ ਗਈ ਏ..ਸੁੱਤੀ ਪਈ ਉਠੀ ਹੀ ਨਹੀਂ..ਹੁਣ ਏਡੀ ਦੂਰ ਜਾ ਵੀ ਨਹੀਂ ਸਕਦੇ!
ਨਾਲ ਹੀ ਆਖਣ ਲੱਗਾ..ਆਪਣੀ ਮਾਂ ਨੂੰ ਸਮਝਾਓ..ਕੁਝ ਖਾ ਲਵੇ..ਸੁਵੇਰ ਦਾ ਬਿਨਾ ਕੁਝ ਖਾਦਿਆਂ ਪੀਤਿਆਂ ਹੀ ਰੋਈ ਜਾਂਦੀ ਏ..!
ਤਿੰਨੋ ਵਾ-ਵਰੋਲੇ ਵਾਂਙ ਅੰਦਰ ਨੱਸ ਗਈਆਂ ਤੇ ਮਾਂ ਦਵਾਲੇ ਹੋ ਗਈਆਂ..ਪਹਿਲੋਂ ਭੁੰਜੇ ਬੈਠੀ ਨੂੰ ਉਠਾ ਕੇ ਮੰਜੇ ਤੇ ਬਿਠਾਇਆ..ਵੱਡੀ ਨੇ ਮੂੰਹ ਧੁਆਇਆ ਫੇਰ ਉਸਦੇ ਖਿਲਰੇ ਵਾਲ ਸੰਵਾਰਨੇ ਸ਼ੁਰੂ ਕਰ ਦਿੱਤੇ..!
ਵਿਚਕਾਰਲੀ ਪਾਣੀ ਦਾ ਗਿਲਾਸ ਭਰ ਲਿਆਈ ਅਤੇ ਸਭ ਤੋਂ ਨਿੱਕੀ ਨੇ ਤਲੀਆਂ ਝੱਸਣੀਆਂ ਸ਼ੁਰੂ ਕਰ ਦਿੱਤੀਆਂ..!
ਸਵੇਰ ਤੋਂ ਹੌਕੇ ਲੈਂਦੀ ਨੂੰ ਥੋੜਾ ਆਰਾਮ ਜਿਹਾ ਮਹਿਸੂਸ ਹੋਇਆ..
ਫੇਰ ਚੋਹਾਂ ਨੇ ਕਿੰਨੀ ਦੇਰ ਚਲੀ ਗਈ ਨਾਨੀ ਨੂੰ ਯਾਦ ਕੀਤਾ..
ਧੀਆਂ ਵੱਲੋਂ ਵਾਰ ਵਾਰ ਦਿੱਤੀਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਅੰਦਰ ਲੰਘਾਉਂਦੀ ਹੋਈ ਨੂੰ ਹੁਣ ਇੰਝ ਲੱਗ ਰਿਹਾ ਸੀ ਜਿੱਦਾਂ ਉਸਦੀ ਜਨਮਦਾਤੀ ਮਾਂ ਆਪ ਤੇ ਭਾਵੇਂ ਸਦੀਵੀਂ ਸਫ਼ਰ ਤੇ ਨਿੱਕਲ ਤੁਰੀ ਸੀ ਪਰ ਜਾਂਦੀ ਜਾਂਦੀ ਮਗਰ ਏਨੀ ਧੀ ਜੋਗੀਆਂ ਤਿੰਨ ਨਿੱਕੀਆਂ ਮਾਵਾਂ ਜਰੂਰ ਛੱਡ ਗਈ ਸੀ!
ਡੂੰਘੇ ਦੁੱਖ ਵੇਲੇ ਬੋਲੇ ਹਮਦਰਦੀ ਦੇ ਦੋ ਬੋਲ ਤਪਦੀਆਂ ਰੋਹੀਆਂ ਦੀ ਹਿੱਕ ਤੇ ਪਏ ਮੀਂਹ ਦੇ ਓਹਨਾ ਛਰਾਟਿਆਂ ਵਰਗੇ ਹੁੰਦੇ ਜਿਹਨਾਂ ਮਗਰੋਂ ਵੱਡੀ ਹਰਿਆਵਲ ਲਿਆਉਣੀ ਹੁੰਦੀ ਏ..!
ਜੇ ਕਿਧਰੇ ਇਹ ਹਮਦਰਦੀ ਧੀਆਂ ਵੱਲੋਂ ਜਤਾਈ ਜਾਵੇ..ਫੇਰ ਤਾਂ ਖੁਦ ਰੱਬ ਨੂੰ ਵੀ ਧਰਤੀ ਤੇ ਉਤਰ ਹੀ ਆਉਣਾ ਪੈਂਦਾ..!
ਆਪ ਹਰ ਥਾਂ ਨਹੀਂ ਸੀ ਵਿੱਚਰ ਸਕਦਾ ਤਾਂ ਹੀ ਇਕ ਮਾਂ ਸਿਰਜ ਦਿੱਤੀ!
ਹਰਪ੍ਰੀਤ ਸਿੰਘ ਜਵੰਦਾ