ਸ਼ੂਟਿੰਗ ਦੇ ਦੌਰਾਨ ਇੱਕ ਰੋਲ ਲਈ ਪਾਤਰ ਦੀ ਲੋੜ ਸੀ..ਇੱਕ ਸਧਾਰਨ ਬੰਦਾ ਲੱਭਿਆ ਗਿਆ!
ਉਸਨੂੰ ਕੁੜੀਆਂ ਨੂੰ ਵੇਖ ਪਹਿਲੋਂ ਜ਼ੋਰ ਜ਼ੋਰ ਦੀ ਹੱਸਣਾ ਪੈਣਾ ਸੀ ਤੇ ਫੇਰ ਓਹਨਾ ਕੁੜੀਆਂ ਵਿਚੋਂ ਹੀ ਇੱਕ ਦੇ ਵਾਪਿਸ ਮੁੜ ਉਸਨੂੰ ਮਾਰੀ ਚੁਪੇੜ ਮਗਰੋਂ ਜ਼ੋਰ ਜ਼ੋਰ ਦੀ ਰੋਣਾ ਪੈਣਾ ਸੀ!
ਸ਼ੋਟ ਪਹਿਲੀ ਕੋਸ਼ਿਸ਼ ਵਿਚ ਹੀ ਓ.ਕੇ ਹੋ ਗਿਆ!
ਡਾਇਰੈਕਟਰ ਹੈਰਾਨ..ਪੁੱਛਣ ਲੱਗਾ ਏਨੇ ਵਧੀਆ ਤਰੀਕੇ ਨਾਲ ਹੱਸ ਰੋ ਕਿੱਦਾਂ ਲੈਂਦਾ?
ਆਖਣ ਲੱਗਾ ਜੀ ਦੋ ਦਿਨਾਂ ਤੋਂ ਭੁੱਖਾ ਸਾਂ ਤੇ ਤੁਸਾਂ ਹੱਸਣ ਵਲੋਂ ਆਖਿਆ ਤਾਂ ਮੱਲੋ-ਮੱਲੀ ਹਾਸਾ ਨਿੱਕਲ ਗਿਆ ਕੇ ਭਲਾ ਭੁੱਖੇ ਢਿਡ੍ਹ ਕੋਈ ਉੱਚੀ ਉਚੀ ਕਿੱਦਾਂ ਹੱਸ ਸਕਦਾ!
ਫੇਰ ਏਨਾ ਵਧੀਆ ਰੋ ਕਿੱਦਾਂ ਲਿਆ?
ਆਖਣ ਲੱਗਾ ਜੀ ਕੁਝ ਵਰੇ ਪਹਿਲਾਂ ਬਿਮਾਰੀ ਨਾਲ ਮਰੀ ਆਪਣੀ ਵਹੁਟੀ ਚੇਤੇ ਆ ਗਈ..ਜਦੋਂ ਆਈ ਸੀ ਤਾਂ ਇਹਨਾਂ ਸਾਰੀਆਂ ਨਾਲੋਂ ਵੱਧ ਸੋਹਣੀ ਲੱਗਿਆ ਕਰਦੀ ਸੀ!
ਸੋ ਦੋਸਤੋ ਇਨਸਾਨ ਕਿਸੇ ਨੂੰ ਦੁਖੀ ਵੇਖ ਕੇ ਨਹੀਂ ਸਗੋਂ ਆਪਣੇ ਦੁੱਖਾਂ-ਸੁੱਖਾਂ ਕਰਕੇ ਹੀ ਫਿੱਸ ਪਿਆ ਕਰਦਾ..ਪਰਦੇ ਤੇ ਹੁੰਦੀ ਕਿਸੇ ਸਟੀਕ ਕਲਾਕਾਰੀ ਨੂੰ ਵੇਖ ਇਹ ਨਾ ਸਮਝ ਲੈਣਾ ਕੇ ਇਹ ਸਭ ਕੁਝ ਵਧੀਆ ਨਿਰਦੇਸ਼ਨ ਅਤੇ ਟਰੇਨਿੰਗ ਦਾ ਹੀ ਕਮਾਲ ਏ..ਹੋ ਸਕਦਾ ਅਗਲਾ ਕਿਸੇ ਆਪਣੇ ਨੂੰ ਯਾਦ ਕਰ ਕੇ ਖੂਨ ਦੇ ਅਸਲੀ ਹੰਜੂ ਵਹਾ ਰਿਹਾ ਹੋਵੇ..!
ਦੱਸਦੇ ਜਸਵੰਤ ਸਿੰਘ ਕੰਵਲ ਦਾ ਯਾਰ ਐਕਟਰ ਬਲਰਾਜ ਸਾਹਨੀ ਨੇ ਦੋ ਫ਼ਿਲਮਾਂ..ਪਵਿੱਤਰ ਪਾਪੀ ਅਤੇ ਹੰਸਤੇ ਜਖਮ ਵਿਚਲੇ ਧੀਆਂ ਵਾਲੇ ਸੀਨ ਵੇਲੇ ਅਸਲੀ ਹੰਜੂ ਵਹਾਏ ਸਨ..ਉਹ ਆਪਣੀ ਫੁਲ ਵਰਗੀ ਧੀ ਸਨੋਬਰ ਨਾਲ ਬਹੁਤ ਪਿਆਰ ਕਰਦਾ ਸੀ..!
ਹੱਥ ਲਾਇਆਂ ਮੈਲੀ ਹੁੰਦੀ ਦਾ ਵਾਹ ਲਾਲਚੀ ਸਹੁਰਿਆਂ ਨਾਲ ਪੈ ਗਿਆ..ਤੰਗ ਕਰਨ ਲੱਗੇ..ਬਾਪ ਦੀ ਜਾਇਦਾਤ ਵਿਚੋਂ ਹਿੱਸਾ ਲਿਆ ਕੇ ਦੇ..!
ਇੱਕ ਦਿਨ ਤੰਗ ਆਈ ਨੇ ਖੁਦ ਨੂੰ ਅੱਗ ਲਾ ਲਈ ਤੇ ਕੋਠੇ ਤੋਂ ਛਾਲ ਮਾਰ ਦਿੱਤੀ..ਅੰਤਾਂ ਦੀ ਖੂਬਸੂਰਤੀ ਛਾਲਿਆਂ ਨਾਲ ਢੱਕੀ ਗਈ..ਧੀ ਦੀ ਉੱਬਲੇ ਆਲੂ ਵਰਗੀ ਹੋ ਗਈ ਚਮੜੀ ਨਾਲੋਂ ਬਲਰਾਜ ਦਾ ਖੁਦ ਦਾ ਦਿੱਲ ਜਿਆਦਾ ਨਿਚੋੜਿਆ ਗਿਆ..ਰੋਇਆ..ਕਲਪਿਆ..ਆਪਣੇ ਆਪ ਨੂੰ ਕੋਸਿਆ..ਪਰ ਹੁਣ ਕੀ ਹੋ ਸਕਦਾ ਸੀ!
ਅਖੀਰ ਮਨ ਬਦਲਣ ਲਈ ਦੋਵੇਂ ਪਿਓ ਧੀ ਆਪਣੇ ਯਾਰ ਜਸਵੰਤ ਸਿੰਘ ਕੰਵਲ ਕੋਲ ਢੁੱਢੀਕੇ ਪਿੰਡ ਆ ਗਏ!
ਹਫਤਾ ਰਹੇ..ਪਿੰਡ ਡੰਗਰ ਖੇਤ ਬੰਬੀਆਂ ਹਰਿਆਵਲ ਵਗਦੇ ਪਾਣੀ ਅਪਣੱਤ ਖੁੱਲ੍ਹਾ ਡੁੱਲ੍ਹਾ ਰਹਿਣ ਸਹਿਣ..ਜਦੋਂ ਮਨ ਹੋਰ ਹੋਇਆ ਤਾਂ ਵਾਪਿਸ ਬੰਬਈ ਮੁੜ ਚਲੇ..ਕੰਵਲ ਆਖਣ ਲੱਗਾ ਯਾਰ ਇਸ ਬੰਬਈ ਨਾਮ ਦੇ ਦੈਂਤ ਨੇ ਤੁਹਾਨੂੰ ਦੋਹਾਂ ਨੂੰ ਨਿਗਲ ਜਾਣਾ..!
ਆਖਣ ਲੱਗਾ ਬੱਸ ਇੱਕ ਫਿਲਮ ਦੀ ਸ਼ੂਟਿੰਗ ਬਾਕੀ ਏ..ਮਗਰੋਂ ਫੇਰ ਢੁਡੀਕੇ ਪਰਤ ਆਵਾਂਗੇ..!
ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ..ਥੋੜੇ ਦਿਨਾਂ ਮਗਰੋਂ ਹੀ ਪਹਿਲਾਂ ਧੀ ਸਨੋਬਰ ਰਵਾਨਗੀ ਪਾ ਗਈ ਤੇ ਮੁੜਕੇ ਓਸੇ ਗਮ ਵਿਚ ਖੁਦ ਆਪ ਬਲਰਾਜ ਵੀ..ਹੈ ਬਹਾਰੇ ਬਾਗ਼-ਏ-ਦੁਨੀਆ ਚੰਦ ਦਿਨ..ਹੋ ਗਈ!
ਸੋ ਦੋਸਤੋ ਔਲਾਦ ਅਤੇ ਮਿੱਤਰ ਪਿਆਰਿਆਂ ਦੇ ਦੁੱਖਾਂ ਗਮਾਂ ਅੱਗੇ ਵੱਡੇ ਵੱਡੇ ਪਰਬਤ ਜਿਗਰੇ ਤੀਕਰ ਵੀ ਮੋਮ ਵਾਂਙ ਪਿਘਲ ਜਾਂਦੇ..ਸੋ ਜੇ ਕਿਸੇ ਨੂੰ ਦੁਆ ਦੇਣੀ ਹੋਵੇ ਤਾਂ ਸਿਰਫ ਏਨਾ ਆਖਿਆ ਕਰੋ ਰੱਬ ਕਰੇ ਤੇਰੇ ਧੀਆਂ ਪੁੱਤ ਰਹਿੰਦੀ ਦੁਨੀਆ ਤੱਕ ਸੁਖੀ ਵੱਸਦੇ ਰਹਿਣ ਤੇ ਓਹਨਾ ਵਲੋਂ ਆਉਂਦੇ ਠੰਡੀ ਹਵਾ ਦੇ ਬੁੱਲੇ ਹਮੇਸ਼ਾਂ ਹੀ ਤੇਰਾ ਵਜੂਦ ਚੁੰਮਦੇ ਰਹਿਣ!
ਹਰਪ੍ਰੀਤ ਸਿੰਘ ਜਵੰਦਾ