“ਮੈਂ ਕਹਿਂਦਾ ਸੀ ਕਿ ਆਪਾਂ ਮੰਮੀ ਡੈਡੀ ਨੂੰ ਹਰ ਮਹੀਨੇ ਕੁਝ ਬੱਝਵੀਂ ਰਕਮ ਦੇ ਦਿਆ ਕਰੀਏ।” ਉਸਨੇ ਕਾਰ ਵਿੱਚ ਬੈਠੀ ਆਪਣੀ ਪਤਨੀ ਦਾ ਮੂਡ ਵੇਖਕੇ ਹੋਲੀ ਜਿਹਾ ਕਿਹਾ। ਕਈ ਦਿਨਾਂ ਤੋਂ ਇਹ ਗੱਲ ਉਸਦੇ ਦਿਮਾਗ ਵਿੱਚ ਘੁੰਮ ਰਹੀ ਸੀ ਪਰ ਉਸ ਦਾ ਘਰਆਲੀ ਨੂੰ ਕਹਿਣ ਦਾ ਹੌਸਲਾ ਨਹੀਂ ਸੀ ਪੈ ਰਿਹਾ। ਉਸਦੇ ਮੰਮੀ ਪਾਪਾ ਛੋਟੇ ਕੋਲ੍ਹ ਪਿੰਡ ਰਹਿੰਦੇ ਸਨ ਤੇ ਛੋਟੇ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਸੀ। ਉਂਜ ਵੀ ਮੰਮੀ ਦੀ ਬਿਮਾਰੀ ਤੋਂ ਬਾਅਦ ਉਹਨਾਂ ਦੇ ਖਰਚੇ ਵੱਧ ਗਏ ਸਨ।ਦਵਾਈਆਂ ਕਿਹੜਾ ਸਸਤੀਆਂ ਆਉਂਦੀਆਂ ਹਨ। ਪਤਨੀ ਨੇ ਹੁੰਗਾਰਾ ਭਰਨ ਲਈ ਕੁਝ ਟਾਈਮ ਲਗਾ ਦਿੱਤਾ। ਉਹ ਹੋਰ ਵੀ ਘਬਰਾ ਗਿਆ। ਭਾਵੇ ਕੋਲ ਰੱਬ ਦਾ ਦਿੱਤਾ ਸਭ ਕੁਝ ਸੀ। ਉਹ ਇਸ ਗੱਲੋਂ ਡਰਦਾ ਸੀ ਕਿ ਕਿਤੇ ਘਰੇ ਕਲੇਸ਼ ਨਾ ਪੈ ਜਾਵੇ। ਪ੍ਰੰਤੂ ਜਦੋਂ ਦਾ ਉਸਦਾ ਸਾਂਹ ਰੁਕਣ ਲੱਗਿਆ ਤੇ ਛਾਤੀ ਚ ਵੀ ਦਰਦ ਰਹਿਣ ਲੱਗਿਆ ਤਾਂ ਉਹ ਹੋਰ ਵੀ ਡਰ ਗਿਆ। ਰੱਬਾ ਕੋਈਂ ਵੱਡੀ ਬਿਮਾਰੀ ਨਾ ਲਾਈਂ। ਮੰਮੀ ਡੈਡੀ ਦੀ ਸੇਵਾ ਵਿੱਚ ਉਸਨੂੰ ਭਗਤੀ ਨਜ਼ਰ ਆਈ। ਉਹ ਘਰਵਾਲੀ ਨੂੰ ਆਪਣੀ ਸੰਭਾਵੀ ਬਿਮਾਰੀ ਦਾ ਵਾਸਤਾ ਦੇਕੇ ਕੁਝ ਕਰਨਾ ਲੋਚਦਾ ਸੀ। ਨਾਲੇ ਮੰਮੀ ਡੈਡੀ ਪ੍ਰਤੀ ਉਸਦੇ ਫਰਜ਼ ਵਧੇਰੇ ਸਨ। ਦਸ ਵੀਹ ਹਜ਼ਾਰ ਨਾਲ ਉਸਨੂੰ ਕੋਈਂ ਫਰਕ ਨਹੀਂ ਸੀ ਪੈਂਦਾ। ਓਥੇ ਉਹ ਪਾਈ ਪਾਈ ਤੋਂ ਤੰਗ ਸਨ। ਹੁਣ ਉਸਦੀ ਨਿਗ੍ਹਾ ਪਤਨੀ ਤੇ ਸੀ। ਵੇਖੋ ਕੀ ਬਬਾਲ ਖੜਾ ਕਰਦੀ ਹੈ।
“ਤੁਸੀਂ ਮੇਰੀ ਤਾਂ ਸੁਣਦੇ ਹੀ ਕਦੋਂ ਹੋ। ਮੈਂ ਤਾਂ ਕਹਿੰਦੀ ਹਾਂ ਕਿ ਮੰਮੀ ਡੈਡੀ ਦੀ ਦਵਾਈ ਦਾ ਸਾਰਾ ਖਰਚਾ ਤੁਸੀਂ ਚੁੱਕਿਆ ਕਰੋ। ਉਹਨਾਂ ਨੂੰ ਇੱਥੇ ਸ਼ਹਿਰ ਰੱਖਕੇ ਵਧੀਆ ਇਲਾਜ ਕਰਵਾਓ। ਛੋਟੇ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਤੁਸੀਂ ਦਿਆ ਕਰੋ।” ਪਤਨੀ ਦੀ ਗੱਲ ਸੁਣਕੇ ਉਸਦੇ ਚੇਹਰੇ ਤੇ ਚਮਕ ਆ ਗਈ। ਇਹ ਤਾਂ ਮੇਰੇ ਨਾਲੋਂ ਵੀ ਵੱਧ ਸੋਚਦੀ ਹੈ। ਹੁਣ ਉਸਨੂੰ ਯਕੀਨ ਹੋ ਗਿਆ ਕਿ ਕੋਈਂ ਭਿਆਨਕ ਬਿਮਾਰੀ ਵੀ ਉਸਦਾ ਕੁਝ ਨਹੀਂ ਵਿਗਾੜ ਸਕਦੀ। ਸੱਚੀ ਗੱਲ ਹੋਈ ਕਿ ਉਸਦਾ ਦਰਦ ਤੇ ਸਾਂਹ ਦੀ ਤਕਲੀਫ ਹੁਣ ਦੂਰ ਹੋ ਚੁੱਕੀ ਸੀ। ਉਹ ਆਪਣੇ ਆਪ ਨੂੰ ਭਲਾ ਚੰਗਾ ਮਹਿਸੂਸ ਕਰ ਰਿਹਾ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ