ਇਹਨਾਂ ਦਿਨਾਂ ਵਿੱਚ ਖਰਬੂਜੇ ਦੀ ਸਬਜ਼ੀ ਮੇਰੀ ਮਨਪਸੰਦ ਸਬਜ਼ੀ ਹੁੰਦੀ ਹੈ। ਜਦੋਂ ਖਰਬੂਜਾ ਬਾਜ਼ਾਰ ਵਿੱਚ ਮਿਲਣ ਲੱਗ ਜਾਂਦਾ ਹੈ ਤਾਂ ਮੇਰੇ ਲਈ ਇਹ ਸਬਜ਼ੀ ਬਿਨਾਂ ਨਾਗਾ ਬਣਦੀ ਹੈ। ਜਦੋ ਮੈ ਆਪਣੀ ਨੌਕਰੀ ਦੌਰਾਨ ਆਪਣੀ ਰੋਟੀ ਲੈਕੇ ਡਿਊਟੀ ਤੇ ਜਾਂਦਾ ਸੀ ਤਾਂ ਮੇਰੇ ਕੁਲੀਗ ਨਿੱਤ ਮੇਰੀ ਇੱਕੋ ਸਬਜ਼ੀ ਵੇਖਕੇ ਹੱਸਦੇ ਤੇ ਹੈਰਾਨ ਹੁੰਦੇ। ਮੇਰੀ ਮਾਂ ਇਹ ਸਬਜ਼ੀ ਬਹੁਤ ਵਧੀਆ ਬਣਾਉਂਦੀ ਸੀ। ਫਿਰ ਉਸਨੇ ਇਹ ਕਲਾ ਮੇਰੇ ਜੁਆਕਾਂ ਦੀ ਮਾਂ ਨੂੰ ਸੌਂਪ ਦਿੱਤੀ ਤੇ ਹੁਣ ਅਸੀਂ ਸਾਡੀ ਕੁੱਕ ਨੂੰ ਵੀ ਇਹ ਸਬਜ਼ੀ ਬਣਾਉਣ ਵਿੱਚ ਮਾਹਿਰ ਕਰ ਦਿੱਤਾ ਹੈ। ਉਂਜ ਇਹ ਸਬਜ਼ੀ ਬਣਾਉਣੀ ਬਾਕੀ ਦੀਆਂ ਸਭ ਸਬਜ਼ੀਆਂ ਬਣਾਉਣ ਨਾਲੋਂ ਸੌਖੀ ਹੈ। ਇਹ ਸਬਜ਼ੀ ਮਿੱਠਾ ਖਰਬੂਜਾ ਕੱਟਕੇ ਥੋੜੇ ਜਿਹੇ ਘਿਓ ਵਿੱਚ ਬਣਾਈ ਜਾਂਦੀ ਹੈ। ਸਿਰਫ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਪਾਉਣਾ ਹੁੰਦਾ ਹੈ। ਲਸਣ ਪਿਆਜ਼ ਅਦਰਕ ਟਮਾਟਰ ਹਰੀ ਮਿਰਚ ਵਗੈਰਾ ਕੁਝ ਵੀ ਪਾਉਣ ਦੀ ਲੋੜ ਨਹੀਂ ਹੁੰਦੀ। ਇਸ ਸਬਜ਼ੀ ਵਿੱਚ ਪਾਣੀ ਪਾਉਣ ਦੀ ਵੀ ਬਹੁਤੀ ਜਰੂਰਤ ਨਹੀਂ ਹੁੰਦੀ। ਕਿਉਂਕਿ ਖਰਬੂਜਾ ਆਪਣਾ ਪਾਣੀ ਛੱਡ ਦਿੰਦਾ ਹੈ। ਬਹੁਤ ਘੱਟ ਲੋਕ ਇਹ ਸਬਜ਼ੀ ਬਣਾਉਂਦੇ ਹਨ। ਚਿੱਬੜਾਂ ਤੇ ਖਖੜੀ ਦੀ ਸਬਜ਼ੀ ਕੁਝ ਲੋਕ ਬਣਾਉਂਦੇ ਸੁਣੇ ਹਨ। ਪਰ ਖਰਬੂਜੇ ਦੀ ਨਹੀਂ। ਕਿਉਂਕਿ ਖਰਬੂਜਾ ਅਮੂਮਨ ਮਿੱਠਾ ਹੁੰਦਾ ਹੈ। ਇਸ ਵਾਰ ਤੇ ਸੋ ਰੁਪਏ ਕਿਲੋ ਖਰਬੂਜਾ ਲੈਕੇ ਇਸ ਸਬਜ਼ੀ ਦੀ ਸ਼ੁਰੂਆਤ ਕੀਤੀ। ਇਹ ਕੋਈ ਵੀਡਿਆਈ ਨਹੀਂ। ਹਕੀਕਤ ਹੈ। ਅੱਜ ਕੱਲ੍ਹ ਲੋਕ ਆਲੂ ਛਿੱਲਕੇ ਬਣਾਉਂਦੇ ਹਨ। ਪਰ ਪਿੰਡ ਵਿੱਚ ਅਸੀਂ ਛਿਲਕੇ ਸਮੇਤ ਹੀ ਆਲੂਆਂ ਦੀ ਸਬਜ਼ੀ ਬਣਾਉਂਦੇ। ਡਾਢੀ ਸੁਆਦ ਲਗਦੀ ਸੀ। ਹੁਣ ਸੁਆਦ ਦੀ ਪ੍ਰੀਭਾਸ਼ਾ ਅਲੱਗ ਅਲੱਗ ਲੋਕਾਂ ਲਈ ਅਲੱਗ ਅਲੱਗ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ