ਮਾਮਾ ਸ਼ਬਦ ਦੋ ਵਾਰੀ ਮਾਂ ਆਖਣ ਨਾਲ ਬਣਦਾ ਹੈ। ਇਸ ਲਈ ਇਸ ਵਿਚ ਮਾਂ ਦਾ ਦੂਹਰਾ ਪਿਆਰ ਹੁੰਦਾ ਹੈ। ਨਾਨਕਿਆਂ ਦੇ ਬਗੀਚੇ ਦਾ ਜੰਮਪਲ ਮਾਮਾ ਹੀ ਲਾਡ ਲੜਾਉਂਦਾ ਹੈ। ਭਾਵੇਂ ਪੰਜਾਬ ਵਿਚ ਇੱਕ ਵਿਭਾਗ ਦੇ ਬੰਦਿਆਂ ਨੂੰ ਕਿਸੇ ਹੋਰ ਤਨਜ਼ ਤੇ ਮਾਮੇ ਆਖਿਆ ਜਾਂਦਾ ਹੈ ਪਰ ਮਾਮੇ ਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ ਹੈ।ਭਗਵਾਨ ਸ੍ਰੀ ਕ੍ਰਿਸ਼ਨ ਦੇ ਮਾਮੇ ਕੰਸ ਨੇ ਜੇ ਇਸ ਰਿਸ਼ਤੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਦੁਰਯੋਧਨ ਦੇ ਮਾਮੇ ਸ਼ਕੁਨੀ ਦਾ ਨਾਮ ਭਾਣਜੇ ਦਾ ਪੱਖ ਲੈਣ ਲਈ ਗਿਣਿਆ ਜਾਂਦਾ ਹੈ।
ਮੈਂ ਮੇਰੇ ਪੰਜ ਮਾਮਿਆਂ ਦੇ ਦਸ ਭਾਣਜਿਆਂ ਵਿਚੋਂ ਇੱਕ ਹਾਂ ਤੇ ਖੁਸ਼ਕਿਸਮਤ ਹਾਂ ਕਿ ਮੈਨੂੰ ਮੇਰੇ ਮਾਮਿਆਂ ਤੋੰ ਬਹੁਤ ਪਿਆਰ ਮਿਲਿਆ ਹੈ।
ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਮੇਰਾ ਮਾਮਾ ਬਿਹਾਰੀ ਲਾਲ ਮੈਨੂੰ ਡੀ ਸੀ ਆਖਦਾ ਸੀ ਤੇ ਓਹੀ ਮੇਰਾ ਨਿੱਕ ਨੇਮ ਪੱਕ ਗਿਆ। 1962 ਵਿੱਚ ਜਦੋਂ ਕੋਠੇ ਤੋਂ ਡਿਗਣ ਕਰਕੇ ਮੇਰੇ ਪਾਪਾ ਜੀ ਦਾ ਪੱਟ ਟੁੱਟ ਗਿਆ ਤਾਂ ਉਹਨਾਂ ਨੂੰ ਹੱਡੀਆਂ ਦੇ ਮਸ਼ਹੂਰ ਡਾਕਟਰ ਕ੍ਰਿਪਾਲ ਸਿੰਘ ਕੋਲ ਅੰਮ੍ਰਿਤਸਰ ਵਿਖੇ ਦਾਖਿਲ ਕਰਵਾਇਆ ਗਿਆ। ਅੱਠਵੀਂ ਵਿਚ ਪੜ੍ਹਦਾ ਮੇਰਾ ਮਾਮਾ ਬਿਹਾਰੀ ਲਾਲ ਇਹ੍ਹਨਾਂ ਦੀ ਤਿਮਾਰਦਾਰੀ ਲਈ ਕਈ ਦਿਨ ਓਥੇ ਰਿਹਾ। ਮਰੀਜ ਦੀ ਸੰਭਾਲ ਮਲ ਮੂਤ ਚੱਕਣ ਤੋੰ ਇਲਾਵਾ ਉਸ ਨੇ ਆਪਣਾ ਖੂਨ ਵੀ ਦਿੱਤਾ।
ਇਸੇ ਤਰਾਂ 1972 ਵਿਚ ਜਦੋਂ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਤਾਂ ਕੈਂਚੀ ਸਾਈਕਲ ਚਲਾਉਣਾ ਸਿੱਖਦੇ ਦੀ ਮੇਰੀ ਟੰਗ ਟੁੱਟ ਗਈ। ਅਸੀਂ ਘੁਮਿਆਰੇ ਪਿੰਡ ਰਹਿੰਦੇ ਸੀ। ਰਿਸ਼ਤੇਦਾਰ ਮਾਮੇ ਮਾਸੜ ਫੁਫੜ ਮੇਰਾ ਸਵੇਰੇ ਪਤਾ ਲੈਣ ਆਉਂਦੇ ਤੇ ਦੁਪਹਿਰ ਦੀ ਰੋਟੀ ਖਾ ਕੇ ਵਾਪਿਸ ਮੁੜਨ ਦੀ ਕਰਦੇ। ਮੇਰੇ ਕੋਲ ਕੋਈ ਨਾ ਰਹਿੰਦਾ ਜੋ ਮੇਰਾ ਦਿਲ ਲਵਾ ਸਕੇ। ਇਸ ਲਈ ਉਹਨਾਂ ਨੂੰ ਜਾਂਦੇ ਵੇਖ ਮੈਂ ਉੱਚੀ ਉੱਚੀ ਰੋਂਦਾ ਤੇ ਉਹਨਾਂ ਨੂੰ ਗਾਲਾਂ ਕੱਢਦਾ। ਫਿਰ ਮਾਮੇ ਬਿਹਾਰੀ ਲਾਲ ਨੂੰ ਹੀ ਮੇਰੇ ਤੇ ਤਰਸ ਆਇਆ ਤੇ ਉਹ ਕੋਈ ਹਫਤਾ ਭਰ ਸਾਡੇ ਕੋਲ ਰੁਕਿਆ।
1995 ਵਿਚ ਡੱਬਵਾਲੀ ਵਿੱਚ ਵਾਪਰੇ ਭਿਆਨਕ ਅਗਨੀ ਕਾਂਡ ਦਾ ਸੇਕ ਸਾਡੇ ਪਰਿਵਾਰ ਨੇ ਵੀ ਹੰਢਾਇਆ। ਅਸੀਂ ਕੋਈ ਛੇ ਮਹੀਨੇ ਡੀ ਐੱਮ ਸੀ ਲੁਧਿਆਣਾ ਰਹੇ। ਮਾਮਾ ਬਿਹਾਰੀ ਲਾਲ ਕੋਈ ਚਾਰ ਮਹੀਨੇ ਸਾਡੇ ਕੋਲ ਰਿਹਾ। ਉਸ ਨੇ ਇਸ ਦੌਰ ਵਿੱਚ ਸਾਨੂੰ ਹੌਸਲਾ ਹੀ ਨਹੀਂ ਦਿੱਤਾ ਸਗੋਂ ਆਪਣੇ ਭਾਣਜੇ ਦੇ ਪੁੱਤਰ ਦੀ ਸੇਵਾ ਵੀ ਕੀਤੀ। ਉਹ ਸਾਨੂੰ ਸਟੀਲ ਦੇ ਗਿਲਾਸ ਛੋਲੂਏ ਦੀ ਚੱਟਣੀ ਕੁੱਟ ਕੇ ਖਵਾਉਂਦੇ।
ਪਾਪਾ ਜੀ ਤੋਂ ਉਹ ਉਮਰ ਵਿਚ ਕਾਫੀ ਛੋਟੇ ਸਨ। ਵੱਡਾ ਜੀਜਾ ਹੋਣ ਕਰਕੇ ਉਹ ਆਪਣੇ ਛੋਟੇ ਸਾਲੇ ਤੇ ਕਈ ਵਾਰੀ ਗੁੱਸੇ ਵੀ ਹੋ ਜਾਂਦੇ। ਪਰ ਮਾਮਾ ਜੀ ਹੱਸ ਕੇ ਟਾਲ ਦਿੰਦੇ। ਬਚਪਨ ਤੋਂ ਲੈ ਕੇ ਆਪਣੇ ਆਖਰੀ ਸਾਂਹ ਤੱਕ ਉਹ ਮੇਰੇ ਪਾਪਾ ਜੀ ਨਾਲ ਜੁੜੇ ਰਹੇ। ਆਪਣੇ ਆਖਰੀ ਪਲਾਂ ਵੇਲੇ ਵੀ ਉਹ ਪਾਪਾ ਜੀ ਨੂੰ ਮਿਲਕੇ ਹੀ ਗਏ ਸਨ ਕਿ ਉਸੇ ਵੇਲੇ ਹੀ ਓਹਨਾ ਦੇ ਦਿਲ ਦੀ ਧੜਕਣ ਰੁਕ ਗਈ।
ਰਿਸ਼ਤਿਆਂ ਦੇ ਮਹਾਂਨਾਇਕ ਮਾਮਾ ਬਿਹਾਰੀ ਲਾਲ ਨੂੰ ਮੇਰਾ ਸਲਾਮ।
#ਰਮੇਸ਼ਸੇਠੀਬਾਦਲ