ਛੋਟੇ ਹੁੰਦਾ ਮੈਂ ਅਕਸਰ ਹੀ ਰਾਜਸਥਾਨ ਦੇ ਪਿੰਡ ਵਣਵਾਲੇ ਪਾਪਾ ਜੀ ਦੀ ਭੂਆ ਰਾਜ ਕੁਰ ਨੂੰ ਮਿਲਣ ਮੇਰੇ ਦਾਦਾ ਜੀ ਨਾਲ ਜਾਂਦਾ। ਬਾਗੜੀ ਬੈਲਟ ਦੇ ਇਸ ਪਿੰਡ ਵਿੱਚ ਓਦੋਂ ਬਿਜਲੀ ਨਹੀਂ ਸੀ ਆਈ ਅਜੇ। ਖਾਣ ਪਾਣ ਨਿਰੋਲ ਰਾਜਸਥਾਨੀ ਹੀ ਹੁੰਦਾ ਸੀ। ਭੂਆ ਅਕਸਰ ਪਾਪੜੀ, ਖੇਲਰੀ ( ਸੁਕਾਈ ਹੋਈ ਖੱਖੜੀ), ਸਾਂਗਰੀ (ਜੰਡ ਦੀਆਂ ਫਲਿਆਂ), ਢੇਗਰੀ, ਕਾਚਰੀ ਦੀ ਸ਼ਬਜ਼ੀ ਬਣਾਉਂਦੀ। ਘੱਟ ਮਸਾਲੇ ਤੇ ਵੱਧ ਮਿਰਚਾਂ ਵਾਲੀ। ਬਹੁਤ ਸਵਾਦ ਲਗਦੀ। ਇਹ ਰਾਜਸਥਾਨੀ ਪਤਾ ਨਹੀਂ ਕਿਓਂ ਮਿਰਚਾਂ ਬਹੁਤ ਖਾਂਦੇ ਹਨ। ਕਦੇ ਕਦੇ ਸਾਡੇ ਪਿੰਡ ਰਾਜਸਥਾਨੀ ਔਰਤਾਂ ਸਾਂਗਰੀ, ਖੇਲਰੀ, ਕਾਚਰੀ ਵੇਚਣ ਆਉਂਦੀਆਂ। ਮੇਰੀ ਮਾਂ ਵੀ ਇਹ ਸਬਜ਼ੀਆਂ ਬਹੁਤ ਸੁਆਦ ਬਣਾਉਂਦੀ। ਫਿਰ ਅਸੀਂ ਸ਼ਹਿਰੀਏ ਹੋ ਗਏ। ਮਟਰ ਪਨੀਰ ,ਛੋਲੇ ਪਨੀਰ, ਸ਼ਾਹੀ ਪਨੀਰ, ਮਲਾਈ ਕੋਫਤਾ, ਦਾਲ ਮਖਣੀ ਦੇ ਸ਼ੌਕੀਨ ਹੋ ਗਏ। ਇਥੋਂ ਤੱਕ ਕਿ ਆਲੂ, ਟੀਂਡੇ, ਭਿੰਡੀਆਂ, ਤੋਰੀਆਂ, ਕੁੱਦੂ, ਪੇਠਾ, ਬੈਂਗਣੀ ਤੇ ਗੋਭੀ ਵਰਗੀਆਂ ਸਬਜ਼ੀਆਂ ਤੋਂ ਦੂਰ ਹੋ ਗਏ।
ਪਰਸੋਂ ਬਜ਼ਾਰ ਵਿੱਚ ਖੁੱਲੀ ਬੀਕਾਨੇਰ ਵਾਲਿਆਂ ਦੀ ਦੁਕਾਨ ਤੋਂ ਓਹੀ ਸਾਂਗਰੀ ਕਾਚਰੀ ਤੇ ਖੇਲਰੀਆਂ ਮਿਲ ਗਈਆਂ।
ਖੁਦਾ ਕਸਮ ਸਾਂਗਰੀ ਦੀ ਸ਼ਬਜ਼ੀ ਖਾ ਕੇ ਨਜ਼ਾਰਾ ਆ ਗਿਆ। ਕਿਸਮਿਸ ਕਾਜੂ ਪਾ ਕੇ ਬਣਾਈ ਸਾਂਗਰੀ ਲਾਜਵਾਬ ਲੱਗੀ।
#ਰਮੇਸ਼ਸੇਠੀਬਾਦਲ
9876627233