“ਚਲੋ ਖਰਬੂਜੇ ਹੀ ਲ਼ੈ ਚੱਲੀਏ।” ਬਾਜ਼ਾਰ ਤੋਂ ਵਾਪੀਸੀ ਸਮੇਂ ਹਾਜ਼ੀ ਰਤਨ ਚੌਂਕ ਨੇੜੇ ਲੱਗੀਆਂ ਰੇਹੜੀਆਂ ਵੇਖਕੇ ਉਸਨੇ ਕਿਹਾ। ਭਾਅ ਪੁੱਛਕੇ ਅਸੀਂ ਕਾਰ ਚ ਬੈਠਿਆਂ ਨੇ ਦੋ ਖਰਬੂਜੇ ਪਸੰਦ ਕਰ ਲਏ। ਰੇਹੜੀ ਵਾਲੇ ਨੇ ਤੋਲਣ ਵੇਲੇ ਵੱਡੇ ਛੋਟੇ ਦੇ ਚੱਕਰ ਵਿੱਚ ਇੱਕ ਖਰਬੂਜਾ ਬਦਲ ਦਿੱਤਾ। ਲਿਫ਼ਾਫ਼ਾ ਫੜਕੇ ਅਸੀਂ ਕਾਰ ਤੋਰੀ ਹੀ ਸੀ ਕਿ ਉਸਨੇ ਖਰਬੂਜੇ ਚੈੱਕ ਕਰ ਲਏ। ਆਹ ਕੀ ਇਹ ਤਾਂ ਜਵਾਂ ਹੀ ਗਲਿਆ ਹੈ। ਪਿਲਪਿਲਾ ਜਿਹਾ। ਉਸਦੀ ਚੰਗੀ ਲਾਹ ਪਾਹ ਕਰਕੇ ਅਸੀਂ ਆਪਣਾ ਪੰਜਾਹ ਦਾ ਨੋਟ ਵਾਪਿਸ ਲ਼ੈ ਲਿਆ।
ਮੇਰੇ ਸਬਜ਼ੀ ਵਾਲੇ ਸ਼ਰਮੇ ਦੀ ਗੱਲ ਚੇਤੇ ਆ ਗਈ। ਡੱਬਵਾਲੀ ਸ਼ਬਜੀ ਦੇ ਬਾਹਰ ਰੇਹੜੀ ਲਾਉਂਦਾ ਹੈ। ਉਸ ਦਿਨ ਉਸਨੇ ਇਕੱਲੇ ਟਮਾਟਰ ਹੀ ਲਾਏ ਸਨ।
“ਸੇਠੀ ਸਾਹਿਬ ਸਾਡੇ ਕੋਲੇ ਕਮਾਈ ਦੇ ਤਿੰਨ ਤਰੀਕੇ ਹੁੰਦੇ ਹਨ।ਪਹਿਲਾ ਭਾਅ ਹੁੰਦਾ ਹੈ। ਹਰ ਗ੍ਰਾਹਕ ਭਾਅ ਦੀ ਟ੍ਰਾਈ ਕਰਦਾ ਹੈ। ਬਜ਼ਾਰ ਨਾਲੋਂ ਵੱਧ ਅਸੀਂ ਲਾ ਨਹੀਂ ਸਕਦੇ। ਦੂਜਾ ਹਥਿਆਰ ਹੁੰਦਾ ਹੈ ਤੋਲ ਵਿੱਚ ਹੇਰਾ ਫੇਰੀ। ਇਸ ਨਾਲ ਵੀ ਕਈ ਚੰਗੀ ਦਿਹਾੜੀ ਬਣਾਉਂਦੇ ਹਨ ਪਰ ਅਕਸਰ ਪਕੜੇ ਵੀ ਜਾਂਦੇ ਹਨ। ਤੀਜਾ ਸਾਧਨ ਹੁੰਦਾ ਹੈ ਖਰਾਬ ਮਾਲ ਗ੍ਰਾਹਕ ਦੇ ਪੇਟੇ ਪਾਉਣਾ। ਹੁਣ ਤੁਸੀਂ ਦੇਖੋ ਮੇਰੀ ਰੇਹੜੀ ਤੇ ਤੀਹ ਕਿਲੋ ਟਮਾਟਰ ਬਹੁਤ ਵਧੀਆ ਪਿਆ ਹੈ। ਪਰ ਮੇਰੇ ਕੰਡੇ ਦੇ ਨੇੜੇ ਪੰਜ ਕਿੱਲੋ ਕੱਲ੍ਹ ਦਾ ਮਾਲ ਹੈ ਜੋ ਬਹੁਤ ਨਰਮ ਹੈ। ਗ੍ਰਾਹਕ ਕਿੰਨਾ ਵੀ ਵਧੀਆ ਮਾਲ ਛਾਂਟਕੇ ਲਿਫਾਫੇ ਵਿੱਚ ਪਾ ਲਵੇ।ਤੋਲਣ ਵੇਲੇ ਅਸੀਂ ਦੋ ਤਿੰਨ ਚੰਗੇ ਟਮਾਟਰ ਕੱਢਕੇ ਦੋ ਨਰਮ ਪੀਸ ਹਰ ਲਿਫਾਫੇ ਵਿੱਚ ਪਾਉਣੇ ਹੀ ਹਨ। ਸ਼ਾਮ ਤੱਕ ਅਸੀਂ ਇਹ ਪੰਜ ਕਿਲੋ ਤੁਹਾਡੇ ਵਰਗਿਆਂ ਦੀ ਝੋਲੀ ਪਾਉਣਾ ਹੀ ਹੈ।” ਉਸਨੇ ਮੈਨੂੰ ਆਪਣੇ ਧੰਦੇ ਦੀ ਗੱਲ ਦੱਸੀ। ਕਿਸੇ ਨੇ ਸੱਚ ਕਿਹਾ ਹੈ ਜੇ ਕੋਈਂ ਛੇ ਮਹੀਨੇ ਸ਼ਬਜੀ ਦਾ ਕੰਮ ਕਰ ਲਵੇ ਉਹ ਜਿੰਦਗੀ ਵਿੱਚ ਕਦੇ ਮਾਰ ਨਹੀਂ ਖਾਂਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ