ਬਤੌਰ ਵੈਟ ਡਾਕਟਰ ਇੱਕ ਕਾਲ ਆਈ..ਕੁੱਤਾ ਬੜਾ ਬਿਮਾਰ ਸੀ..ਆ ਜਾਓ..ਓਥੇ ਅੱਪੜਿਆ..ਗੋਰਾ ਰੋਨ,ਉਸਦੀ ਵਹੁਟੀ ਲੀਸਾ ਅਤੇ ਸੱਤਾਂ ਸਾਲ ਦਾ ਪੁੱਤ ਸ਼ੈਨ..!
ਆਖਣ ਲੱਗੇ..ਪਲੀਜ ਇਸ ਨੂੰ ਕਿਸੇ ਤਰਾਂ ਵੀ ਬਚਾ ਲਵੋ!
ਟੈਸਟ ਕੀਤੇ..ਕੈਂਸਰ ਦੀ ਆਖਰੀ ਸਟੇਜ ਸੀ..ਅਸਲੀਅਤ ਦੱਸ ਦਿੱਤੀ..ਉਦਾਸ ਚੇਹਰੇ ਹੋਰ ਮੁਰਝਾ ਗਏ..ਸਲਾਹ ਦਿੱਤੀ ਜੇ ਚਾਹੁੰਦੇ ਹੋ ਜਿਆਦਾ ਤਕਲੀਫ ਨਾ ਹੋਵੇ ਤਾਂ ਟੀਕਾ ਲਾ ਕੇ ਮਾਰਨਾ ਪੈਣਾ..!
ਹਕੀਕਤ ਸਮਝਦਿਆਂ ਹਾਂ ਕਰ ਦਿੱਤੀ..ਮਿਥੇ ਦਿਨ ਆਖਣ ਲੱਗੇ ਕੇ ਨਿੱਕਾ ਪੁੱਤ ਸ਼ੈਨ ਵੀ ਇਹ ਸਾਰਾ ਕੁਝ ਹੁੰਦਾ ਆਪਣੀਆਂ ਅੱਖਾਂ ਨਾਲ ਵੇਖੇਗਾ ਤਾਂ ਕੇ ਉਹ ਜਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂੰ ਹੋ ਸਕੇ!
ਟੇਬਲ ਤੇ ਅਡੋਲ ਲੰਮੇ ਪਾਏ ਤੇ ਨਿੱਕਾ ਸ਼ੈਨ ਹੌਲੀ ਹੌਲੀ ਹੱਥ ਫੇਰੀ ਜਾ ਰਿਹਾ ਸੀ..ਫੇਰ ਟੀਕੇ ਨੇ ਅਸਰ ਦਿਖਾਇਆ ਤੇ ਉਹ ਸਦਾ ਦੀ ਨੀਂਦਰ ਸੌਂ ਗਿਆ..!
ਸਾਰੇ ਕੁਝ ਦੇਰ ਬੈਠੇ ਰਹੇ ਫੇਰ ਮੈਂ ਇਹ ਆਖਦਿਆਂ ਚੁੱਪ ਤੋੜੀ ਕੇ ਕੁੱਤੇ ਇਨਸਾਨ ਦੇ ਮੁਕਾਬਲੇ ਬੜੀ ਥੋੜੀ ਜਿੰਦਗੀ ਜਿਉਂਦੇ ਨੇ..!
ਅਜੇ ਕੁਝ ਹੋਰ ਵੀ ਆਖਣਾ ਚਾਹੁੰਦਾ ਸਾਂ ਕੇ ਨਿੱਕਾ ਸ਼ੈਨ ਬੋਲ ਉਠਿਆ..ਤੁਹਾਨੂੰ ਪਤਾ ਕੁੱਤਿਆਂ ਦੀ ਉਮਰ ਏਨੀ ਛੋਟੀ ਕਿਓਂ ਹੁੰਦੀ ਏ?
ਮੇਰੇ ਕੰਨ ਖੜੇ ਹੋ ਗਏ..!
ਆਖਣ ਲੱਗਾ ਕੇ ਅਸਲ ਵਿਚ ਇਨਸਾਨ ਨੂੰ ਇਹ ਸਿੱਖਣ ਵਾਸਤੇ ਹੀ ਕਾਫੀ ਸਮਾਂ ਲੱਗ ਜਾਂਦਾ ਏ ਕੇ ਇੱਕ ਚੰਗੀ ਜਿੰਦਗੀ ਕਿੱਦਾਂ ਜਿਉਣੀ..ਦੂਜਿਆਂ ਨੂੰ ਪਿਆਰ ਕਿੱਦਾਂ ਕਰਨਾ ਹੈ..ਚੰਗਾ ਵਰਤਾਓ ਕਿਦਾਂ ਕਰਨਾ ਹੈ..ਪਰ ਕੁੱਤੇ ਇਹ ਸਭ ਪਹਿਲਾਂ ਤੋਂ ਹੀ ਜਾਣਦੇ ਹੁੰਦੇ ਨੇ..ਸੋ ਓਹਨਾ ਨੂੰ ਏਨਾ ਲੰਮਾ ਸਮਾਂ ਜਿਉਂਦੇ ਰਹਿਣ ਦੀ ਲੋੜ ਵੀ ਨਹੀਂ ਰਹਿੰਦੀ..!
ਸ਼ੈਨ ਨਹੀਂ ਸੀ ਜਾਣਦਾ ਉਸਨੇ ਕਿੰਨੀ ਵੱਡੀ ਗੱਲ ਆਖ ਦਿੱਤੀ ਸੀ..ਕੱਸ ਕੇ ਚਪੇੜ ਮਾਰੀ ਸੀ ਉਸਨੇ ਹੈਵਾਨ ਬਣੀ ਅਜੋਕੀ ਇਨਸਾਨੀਅਤ ਤੇ!
ਸੋ ਦੋਸਤੋ ਆਓ ਨਿਕੀ ਜਿੰਨੀ ਕੋਸ਼ਿਸ਼ ਕਰੀਏ..ਦੂਜਿਆਂ ਪ੍ਰਤੀ ਫਿਰਾਖਦਿੱਲੀ ਵਾਲਾ ਰਵੱਈਆ ਅਪਨਾਉਣ ਦੀ..ਦੂਜਿਆਂ ਦੀ ਸੱਚੇ ਦਿਲੋਂ ਕਦਰ ਕਰਨ ਅਤੇ ਸਦਾ ਮਿੱਠਾ ਬੋਲਣ ਦੀ!
ਫਰਜ ਕਰੋ ਜੇ ਇੱਕ ਕੁੱਤਾ ਸਾਡਾ ਅਧਿਆਪਕ ਹੁੰਦਾ ਤਾਂ ਉਹ ਸ਼ਾਇਦ ਅਕਸਰ ਹੀ ਅੱਗੇ ਦਿੱਤੀਆਂ ਕੁਝ ਗੱਲਾਂ ਤੇ ਹੀ ਜ਼ੋਰ ਪਾਇਆ ਕਰਦਾ..!
>ਜਦੋ ਵੀ ਕੋਈ ਮਿੱਤਰ ਪਿਆਰਾ ਘਰੇ ਆਵੇ ਤਾਂ ਸਾਰੇ ਕੰਮ ਛੱਡ ਦੌੜ ਕੇ ਉਸਦਾ ਤਹਿ ਦਿੱਲੋਂ ਸੁਆਗਤ ਕਰੋ..!
>ਜਿੰਦਗੀ ਵਿਚ ਕਦੀ ਵੀ ਅਨੰਦ ਮਾਨਣ ਵਾਲੇ ਸਫ਼ਰ ਵਾਲੇ ਮੌਕੇ ਨੂੰ ਅਜਾਈਂ ਨਾ ਗਵਾਓ..!
>ਠੰਡੀ ਮੀਠੀ ਤੇ ਤਾਜੀ ਹਵਾ ਦੇ ਬੁੱਲਿਆਂ ਨੂੰ ਆਪਣੇ ਚੇਹਰੇ ਤੇ ਪੈਣ ਦਿਓ ਇਹ ਜਿੰਦਗੀ ਵਿਚ ਤਾਜਗੀ ਨਵਾਂਪਣ ਤੇ ਤੰਦਰੁਸਤੀ ਭਰ ਦਿੰਦੇ ਨੇ..!
>ਸੁਵੇਰੇ ਉੱਠਣ ਤੋਂ ਪਹਿਲਾਂ ਹਲਕਾ ਫੁਲਕਾ ਸਟ੍ਰੈੱਚ (ਹਲਕੀ ਕਸਰਤ) ਜਰੂਰ ਕਰਿਆ ਕਰੋ..!
>ਰੋਜਾਨਾ ਦੌੜੋ..ਨੱਚੋ..ਕੁੱਦੋ..ਹੱਸੋ..ਖੇਡੋ..ਖੁਸ਼ੀਆਂ ਮਾਣੋ ਤੇ ਬੱਚੇ ਬਣ ਸ਼ਰਾਰਤਾਂ ਜਰੂਰ ਕਰੋ..!
>ਦੂਜਿਆਂ ਵੱਲੋਂ ਵਿਖਾਈ ਹਮਦਰਦੀ ਨੂੰ ਆਪਣੇ ਵਜੂਦ ਤੇ ਖੁੱਲ ਦਿੱਲੀ ਨਾਲ ਪ੍ਰਵਾਨ ਕਰੋ ਅਤੇ ਓਹਨਾ ਵੱਲੋਂ ਪਿਆਰ ਅਤੇ ਆਦਰ ਸਤਿਕਾਰ ਵਾਲੇ ਸਪਰਸ਼ ਨੂੰ ਕਦੀ ਵੀ ਗਲਤ ਨਾ ਸਮਝੋ!
>ਜਿਥੇ ਭੌਂਕਣ ਨਾਲ ਕੰਮ ਚੱਲ ਜਾਵੇ ਤਾਂ ਓਥੇ ਵੱਢਣਾ ਬੇਵਕੂਫੀ ਹੋਵੇਗੀ..ਜਾਣੀ ਕੇ ਮਾਰੇ ਨਾਲੋਂ ਭਜਾਇਆ ਚੰਗਾ..!
>ਗਰਮੀਂ ਦੇ ਦਿਨਾਂ ਵਿਚ ਗਰਮ ਘਾਹ ਤੇ ਲੇਟਣਾ ਬੇਵਕੂਫੀ ਹੋਵੇਗੀ..ਵੱਧ ਤੋਂ ਵੱਧ ਪਾਣੀ ਪਿਓ ਅਤੇ ਹਮੇਸ਼ਾ ਛਾਂ ਵਾਲੀ ਜਗਾ ਤੇ ਹੀ ਰਹੋ..!
>ਜਦੋਂ ਦੁਸ਼ਮਣ ਮੀਟ ਦੀ ਬੋਟੀ ਪਾ ਦੇਵੇ ਤਾਂ ਆਪਣੇ ਘਰ ਦੀ ਰਾਖੀ ਕਰਨੀ ਕਦੀ ਨਾ ਛੱਡੋ ਤੇ ਨਾ ਹੀ ਆਪਣੇ ਮਾਲਕ ਤੇ ਕਦੇ ਭੌਂਕੋ..!
>ਜਦੋਂ ਬਹੁਤ ਖੁਸ਼ ਹੋਵੋ ਤਾਂ ਇਸ ਦਾ ਇਜਹਾਰ ਨੱਚ ਕੇ ਜਾ ਫੇਰ ਆਪਣੇ ਦੁਆਲੇ ਚੱਕਰ ਕੱਟ ਕੇ ਜਰੂਰ ਕਰੋ..!
>ਜਦੋਂ ਕਦੀ ਪੈਦਲ ਤੁਰ ਕੇ ਲੰਮੀ ਦੂਰੀ ਤਹਿ ਕਰਨੀ ਪੈ ਜਾਵੇ ਤਾਂ ਖੁਸ਼ੀ ਮਹਿਸੂਸ ਕਰੋ..!
>ਹਮੇਸ਼ਾਂ ਹਰੇਕ ਨਾਲ ਵਫ਼ਾਦਾਰ ਰਹੋ..!
>ਕਦੀ ਵੀ ਉਹ ਬਣ ਕੇ ਨਾ ਦਿਖਾਓ ਜੋ ਤੁਸੀਂ ਹੈ ਨਹੀਂ..ਸਹਿਜ ਵਿਚ ਜੀਣਾ ਸਿੱਖੋ..!
>ਜੇ ਕਦੀ ਸੱਚ ਦੀ ਭਾਲ ਕਰਨੀ ਪੈ ਜਾਵੇ ਤਾਂ ਟੋਆ ਓਨੀ ਦੇਰ ਤੱਕ ਪੁੱਟਦੇ ਰਹੋ ਜਦੋਂ ਤੱਕ ਇਹ ਮਿਲ ਨਹੀਂ ਜਾਂਦਾ..!
>ਕਿਸੇ ਕਾਰਨ ਜੇ ਕੋਈ ਮਿੱਤਰ ਪਿਆਰਾ ਉਦਾਸ ਜਾਂ ਗੁੱਸੇ ਵਿਚ ਹੈ ਤਾਂ ਉਸਦੇ ਕੋਲ ਬੈਠੇ ਰਹੋ ਤੇ ਉਸਨੂੰ ਇਹ ਇਹਸਾਸ ਦਿਵਾਓ ਕੇ ਉਹ ਇਸ ਦੁਨੀਆ ਵਿਚ ਇੱਕਲਾ ਨਹੀਂ ਏ..!
ਸੰਨ ਇਕੱਤਰ ਵਿਚ ਬਣੀ ਫਿਲਮ “ਅਨੰਦ”..ਪਲ ਪਲ ਮੌਤ ਵੱਲ ਵਧਦਾ ਹੋਇਆ ਕੈਂਸਰ ਪੀੜਤ..ਤਾਂ ਵੀ ਜਿੰਦਗੀ ਦਾ ਹਰ ਇੱਕ ਪਲ ਖੁੱਲ ਕੇ ਮਾਣਦਾ ਹੋਇਆ ਉਹ ਅਕਸਰ ਹੀ ਆਖਦਾ..ਦੋਸਤੋ ਜਿੰਦਗੀ ਲੰਮੀ ਨਹੀਂ ਵੱਡੀ ਹੋਣੀ ਚਾਹੀਦੀ ਏ..!
ਦੋਸਤੋ ਸਿਖਰ ਦੁਪਹਿਰੇ ਭਰਿਆ ਮੇਲਾ ਛੱਡਣਾ ਹਰੇਕ ਦੇ ਵੱਸ ਵਿਚ ਨਹੀਂ ਹੁੰਦਾ..ਸਿਖਰ ਦੁਪਹਿਰ ਸਿਰ ਤੇ..ਮੇਰਾ ਢਲ ਚੱਲਿਆ ਪਰਛਾਵਾਂ..ਕਬਰਾਂ ਉਡੀਕਦੀਆਂ ਮੈਨੂੰ..ਜਿਉਂ ਪੁੱਤਰਾਂ ਨੂੰ ਮਾਵਾਂ..!
ਕਦੇ ਜੀ ਉਦਾਸ ਹੋਵੇ ਤਾਂ ਸਿਸਟਮ ਖਿਲਾਫ ਲੜਦਾ “ਪਾਨ ਸਿੰਘ ਤੋਮਰ” ਵੇਖ ਲਈਦਾ..ਪਾਨ ਸਿੰਘ ਚਾਹੇ ਛੇ ਦਹਾਕੇ ਪਹਿਲਾ ਵਾਲੇ ਹੋਣ ਜਾਂ ਅੱਜ ਦੇ..ਬਹੁਤੀ ਦੇਰ ਤੀਕਰ ਜਿਉਂਦੇ ਨਹੀ ਰਹਿਣ ਦਿੱਤੇ ਜਾਂਦੇ..!
ਹਰਪ੍ਰੀਤ ਸਿੰਘ ਜਵੰਦਾ