ਠੇਕੇਦਾਰ ਨੇ ਰੁੱਖ ਵੱਢਣ ਲਈ ਬੰਦਾ ਰੱਖ ਲਿਆ..ਆਖਣ ਲੱਗਾ ਚੰਗਾ ਕੰਮ ਕਰੇਂਗਾ ਤੇ ਪੈਸੇ ਵੀ ਚੰਗੇ ਮਿਲਣਗੇ!
ਨਵੀਂ ਨਕੋਰ ਕੁਲਹਾੜੀ ਨਾਲ ਪਹਿਲੇ ਦਿਨ ਹੀ 18 ਰੁੱਖ ਵੱਡ ਲਿਆਇਆ!
ਦੂਜੇ ਦਿਨ ਹੋਰ ਜੋਰ ਲਾਇਆ ਪਰ ਸਿਰਫ 15 ਹੀ ਵਢੇ ਗਏ!
ਤੀਜੇ ਦਿਨ ਤੜਕੇ ਉੱਠ ਲੱਗ ਗਿਆ..ਸ਼ਾਮ ਤੱਕ ਵੱਢੇ ਰੁਖਾਂ ਦੀ ਗਿਣਤੀ 10 ਤੋਂ ਵੀ ਨਾ ਟੱਪ ਸਕੀ!
ਚੌਥੇ ਦਿਨ ਮਾਲਕ ਕੋਲ ਪੇਸ਼ ਹੋ ਗਿਆ..ਆਖਣ ਲੱਗਾ ਸਮਝ ਨਹੀਂ ਆਉਂਦੀ ..ਮਿਹਨਤ ਦਿਨੋਂ ਦਿਨ ਵਧੀ ਜਾਂਦੀ ਪਰ ਨਤੀਜਾ ਦਿਨੋੰ-ਦਿਨ ਸਿਫ਼ਰ!
ਠੇਕੇਦਾਰ ਹੱਸਿਆ..ਪੁੱਛਣ ਲੱਗਾ..ਤਿੰਨ ਦਿਨ ਹੋਗੇ ਤੈਨੂੰ ਰੁੱਖ ਵੱਢਦਿਆਂ..ਕੁਲਹਾੜੀ ਕਿੰਨੀ ਵੇਰ ਤਿੱਖੀ ਕੀਤੀ?
ਕਹਿੰਦਾ ਇੱਕ ਵੇਰ ਵੀ ਨਹੀਂ..ਰੁੱਖ ਵੱਢਣ ਦਾ ਐਸਾ ਜਨੂੰਨ ਕੇ ਏਧਰ ਖਿਆਲ ਹੀ ਨਹੀਂ ਗਿਆ ਕੇ “ਕੁਲਹਾੜੀ” ਤਿਖੀ ਕਰਨੀ ਵੀ ਜਰੂਰੀ ਹੁੰਦੀ!
ਠੇਕੇਦਾਰ ਆਖਣ ਲੱਗਾ ਇਹ ਕੰਮ ਸਭ ਤੋਂ ਜਰੂਰੀ..ਵਰਨਾ ਇੱਕ ਦਿਨ ਖੁਦ ਵੀ ਸਿਫ਼ਰ ਹੋ ਜਾਵੇਂਗਾ!
ਇਸ ਜਹਾਨ ਵਿਚ ਬੰਦਾ ਵੀ ਅਕਸਰ ਹੀ ਉੱਪਰ ਵਾਲੇ ਨੂੰ ਉਲਾਹਮੇਂ ਹੀ ਦਿੰਦਾ ਰਹਿੰਦਾ..ਹੇ ਰੱਬਾ ਏਨਾ ਕੰਮ ਕਰਦਾ ਹਾਂ..ਏਨੇ ਪਾਪੜ ਵੇਲਦਾ..ਤਾਂ ਵੀ ਬਰਕਤ ਨਹੀਂ ਪੈਂਦੀ..ਵੇਹੜੇ ਵਿਚੋਂ ਖੁਸ਼ੀ ਖੇੜੇ ਸੁਖ ਸੁਕੂਨ ਖੰਬ ਲਾ ਕੇ ਉੱਡ ਗਿਆ..ਦੁੱਖਾਂ ਨੇ ਘੇਰਾ ਪਾ ਲਿਆ..ਔਲਾਦ ਕੁਰਾਹੇ ਪੈ ਗਈ..ਮਨ ਵੀ ਹਮੇਸ਼ਾਂ ਸਾੜੇ ਤੇ ਈਰਖਾ ਵਾਲੀ ਭੱਠੀ ਵਿਚ ਸੜਦਾ ਰਹਿੰਦਾ..ਹੁਣ ਤੂੰ ਹੀ ਦੱਸ ਮੈਂ ਕਰਨ ਤੇ ਕੀ ਕਰਾਂ?
ਉਪਰੋਂ ਆਵਾਜ ਆਉਂਦੀ..ਆਪਣੀ ਕੁਲਹਾੜੀ ਤਿੱਖੀ ਕਰ..!
ਬੰਦਾ ਆਖਦਾ ਓਹ ਕਿੱਦਾਂ?
ਫੇਰ ਆਵਾਜ ਆਉਂਦੀ..ਅੰਨੀ ਦੌੜ-ਭੱਜ ਵਿਚੋਂ ਬੰਦਗੀ ਤੇ ਪਰਿਵਾਰ ਵਾਸਤੇ ਸਮਾਂ ਕੱਢ..ਓਹਨਾ ਨਾਲ ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਂਝੀਆਂ ਕਰ..ਬੱਚਿਆਂ ਨਾਲ ਬੱਚਾ ਤੇ ਬਜੁਰਗਾਂ ਨਾਲ ਬਜੁਰਗ ਬਣ ਕੇ ਵੇਖ..ਹੱਕ ਸੱਚ ਦੀ ਕਿਰਤ ਵਿਚੋਂ ਦਸਵੰਦ ਕੱਢ..ਕੁਲਹਾੜੀ ਆਪਨੇ ਆਪ ਹੀ ਤਿੱਖੀ ਹੋ ਜਾਵੇਗੀ!
ਵਾਹੋ ਦਾਹੀ ਨੱਸੀ ਜਾ ਰਿਹਾ ਇਨਸਾਨ ਵਾਕਿਆ ਹੀ ਕੁਲਹਾੜੀ ਤਿੱਖੀ ਕਰਨੀ ਭੁੱਲ ਗਿਆ..ਤਾਂ ਹੀ ਦਿਨੋਂ ਦਿਨ ਸਿਫ਼ਰ ਹੋਈ ਜਾ ਰਿਹਾ!
(2017)
ਹਰਪ੍ਰੀਤ ਸਿੰਘ ਜਵੰਦਾ