ਐਨਕਾਂ ਵਾਲੀ ਕੁੜੀ | ainka wali kudi

ਪ੍ਰਭਲੀਨ  ਦੇਖਣ ਵਿਚ ਬਹੁਤ ਹੀ ਪਿਆਰੀ ਸੀ ।ਜਨਮ ਤੋਂ ਕੁਝ ਸਮੇਂ ਬਾਅਦ ਹੀ ਪ੍ਰਭਲੀਨ ਇਧਰ ਉਧਰ ਦੇਖਦੀ ਰਹਿੰਦੀ ਪਰ ਬੱਚੀ ਹੋਣ ਕਰਕੇ ਸਭ ਨੂੰ ਲੱਗਦਾ ਕਿ ਛੱਤ ਵੱਲ ਦੇਖ ਰਹੀ ਜਾਂ ਗੂੜ੍ਹੇ ਰੰਗ ਦੇਖ ਕੇ ਖੁਸ਼ ਹੋ ਰਹੀ ।ਜਦ ਪ੍ਰਭਲੀਨ ਦੀ ਉਮਰ ਡੇਢ ਕ ਸਾਲ ਦੀ ਸੀ ਤਾਂ ਪ੍ਰਭਲੀਨ  ਆਪਣੇ ਮੰਮੀ  ਨਾਲ ਰਹਿਣ ਲਈ   ਨਾਨਕੇ ਪਿੰਡ ਗਈ ਸੀ ।ਪ੍ਰਭਲੀਨ ਦੇ ਮਾਮਾ ਜੀ ਨੂੰ ਵੀ ਲੱਗਿਆ ਕਿ ਪ੍ਰਭਲੀਨ ਇਸ ਤਰ੍ਹਾਂ ਇਕ ਥਾਂ ਹੀ ਨਜ਼ਰ ਟਿਕਾ ਕੇ ਕਿਉਂ ਦੇਖਦੀ ।

ਉਹਨਾਂ ਨੇ ਉਥੇ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਨੇ ਇਕ ਵਾਰ ਦਵਾਈ ਦੇ ਦਿੱਤੀ।ਡਾਕਟਰ ਮੁਤਾਬਕ ਪ੍ਰਭਲੀਨ ਦੀ ਨਜ਼ਰ ਕਮਜ਼ੋਰ ਸੀ  ।ਡਾਕਟਰ ਨੇ ਹਿਦਾਇਤ ਦਿੱਤੀ ਕਿ ਹੁਣ ਕੁਝ  ਮਹੀਨਿਆਂ ਬਾਅਦ ਪ੍ਰਭਲੀਨ ਦੀ ਨਜ਼ਰ ਚੈਕ ਕਰਵਾਈ ਜਾਵੇ ਕਿਉਂਕਿ ਪ੍ਰਭਲੀਨ ਅਜੇ ਬਹੁਤ ਛੋਟੀ ਸੀ ਜਿਸ ਕਰਕੇ ਉਸ ਦੀ ਨਜ਼ਰ ਕਿੰਨੀ ਘੱਟ  ਹੈ ਉਸਦਾ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੀ ਨਹੀਂ ਅਸੰਭਵ ਸੀ ।

ਸਭ ਦਾ ਮੰਨਣਾ ਸੀ ਕਿ ਨਿੱਕੀ ਜਿਹੀ ਬੱਚੀ ਦੀ ਨਜ਼ਰ ਕਿਵੇਂ ਘੱਟ ਹੋ ਸਕਦੀ ।ਉਸ ਮਾਸੂਮ ਨੇ ਕੋਈ ਜਿਆਦਾ ਨਿਗ੍ਹਾ ਲਗਾ ਕੇ ਪੜ੍ਹਾਈ ਨਹੀ ਕੀਤੀ ਅਤੇ ਨਾ ਹੀ ਕੋਈ ਟੀ ਵੀ ਦੇਖਿਆ ।ਕਿਉਂਕਿ ਉਦੋਂ ਬਜ਼ੁਰਗਾਂ ਦੀ ਧਾਰਨਾ ਹੁੰਦੀ ਸੀ ਕਿ ਜਿਆਦਾ ਪੜ੍ਹਨ ਵਾਲੇ ਅਤੇ ਜਿਆਦਾ ਟੀ ਵੀ ਦੇਖਣ ਵਾਲਿਆਂ ਦੀ ਨਜ਼ਰ ਹੀ ਕਮਜ਼ੋਰ ਹੁੰਦੀ ਹੈ ।

ਪ੍ਰਭਲੀਨ ਦੋ ਕ ਸਾਲ ਦੀ ਹੋਈ ਤਾਂ ਉਸ ਦੇ ਚਲਣ ਫਿਰਨ ਦੇ ਢੰਗ ਤੋਂ ਸਭ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਪ੍ਰਭਲੀਨ ਦੀ ਨਜ਼ਰ ਕਮਜ਼ੋਰ ਹੋ ਸਕਦੀ ਜੋ ਉਹ ਤੁਰਨ ਸਮੇਂ ਡਿਕ ਡੋਲੇ ਜਿਹੇ ਖਾਂਦੀ ।ਪ੍ਰਭਲੀਨ ਦੇ ਪਰਿਵਾਰ ਨੇ ਵਧੀਆ ਤੋਂ ਵਧੀਆ ਡਾਕਟਰਾਂ ਕੋਲ ਪ੍ਰਭਲੀਨ ਨੂੰ ਚੈਕ ਕਰਵਾਇਆ ।ਸਭ ਨੇ ਹੀ ਪ੍ਰਭਲੀਨ ਦੀ ਨਜ਼ਰ ਕਮਜ਼ੋਰ ਹੋਣ ਦਾ ਜ਼ਿਕਰ ਕੀਤਾ ।ਇਸੇ ਭੱਜ ਦੌੜ ਵਿੱਚ ਤਕਰੀਬਨ ਇਕ ਸਾਲ ਗੁਜ਼ਰ ਗਿਆ ।ਮਾਂ ਬਾਪ ਦਾ ਦਿਲ ਆਪਣੀ ਮਾਸੂਮ ਬੱਚੀ ਵੱਲ ਦੇਖ ਕੇ ਕੁਰਲਾ ਉੱਠਦਾ ਸੀ ।ਜਿਸ ਕਰਕੇ ਉਹ ਹਰ ਵਧੀਆ ਡਾਕਟਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ।

ਜਦ ਪ੍ਰਭਲੀਨ ਤਿੰਨ ਸਾਲ ਦੀ ਹੋਈ ਤਾਂ ਪ੍ਰਭਲੀਨ ਨੂੰ  ਇਕ  ਹੋਰ ਵਧੀਆ ਡਾਕਟਰ ਕੋਲ ਚੈਕ ਕਰਵਾਇਆ ਗਿਆ ।ਉਸ ਡਾਕਟਰ ਨੇ ਪ੍ਰਭਲੀਨ ਦੇ ਪਰਿਵਾਰ ਨੂੰ ਧਰਵਾਸ ਦਿੰਦੇ ਕਿਹਾ ਕਿ ਕਿਤੇ ਵੀ ਭੱਜ ਨੱਸ ਕਰਨ ਦੀ ਜ਼ਰੂਰਤ ਨਹੀਂ ।ਛੋਟੀ ਉਮਰ ਵਿੱਚ ਹੀ ਬੱਚੀ ਦੀ ਨਜ਼ਰ ਬਹੁਤ ਜਿਆਦਾ ਘੱਟ ਹੋਣ ਕਰਕੇ ਉਸਨੂੰ ਦੇਖਣ ਵਿੱਚ ਸਮੱਸਿਆ ਆ ਰਹੀ ।ਡਾਕਟਰ ਨੇ ਪ੍ਰਭਲੀਨ ਦੀ ਨਿਗ੍ਹਾ ਚੈਕ ਕਰਕੇ ਸੱਤ ਨੰਬਰ ਦੀ ਐਨਕ ਲਗਾ ਦਿੱਤੀ ।ਡਾਕਟਰ ਨੇ ਸਾਫ ਹਿਦਾਇਤ ਦਿੱਤੀ ਕਿ ਪ੍ਰਭਲੀਨ ਨੇ ਹਰ ਸਮੇਂ ਐਨਕ ਲਗਾਈ ਰੱਖਣੀ ।ਇਹ ਐਨਕ ਪ੍ਰਭਲੀਨ ਨੂੰ ਅਠਾਰਾਂ ਸਾਲ ਦੀ ਉਮਰ ਤੱਕ ਲਗਾਉਣੀ ਜਰੂਰੀ ਹੋਵੇਗੀ ।ਉਸ ਤੋਂ ਬਾਅਦ ਪ੍ਰਭਲੀਨ ਦੇ ਲੈਨਜ਼ ਪਾਏ ਜਾ ਸਕਦੇ ਹਨ ।

ਮਾਂ ਨੂੰ ਟੈਨਸ਼ਨ ਸੀ ਕਿ ਭੋਰਾ ਭਰ ਮਾਸੂਮ ਬੱਚੀ ਸਾਰਾ ਦਿਨ ਕਿਦਾਂ  ਐਨਕ ਲਗਾ ਕੇ ਰੱਖੇਗੀ ।ਪਰ ਫਿਰ ਵੀ ਮਾਂ ਨੂੰ ਕੁਝ ਕ ਦਿਨ ਪ੍ਰਭਲੀਨ ਵੱਲ ਖਾਸ ਧਿਆਨ ਦੀ ਜ਼ਰੂਰਤ ਸੀ ।ਪ੍ਰਭਲੀਨ ਬਹੁਤ ਹੋਣਹਾਰ ਬੱਚੀ ਸੀ ਉਸਨੇ ਕੁਝ ਕ ਦਿਨਾਂ ਵਿਚ ਹੀ ਐਨਕ ਲਗਾਉਣ ਦੀ ਆਦਤ ਪਾ ਲਈ ।ਉਹ ਇਕ ਮਿੰਟ ਵੀ ਆਪਣੀ ਐਨਕ ਦਾ ਵਸਾ ਨਹੀਂ ਕਰਦੀ ਸੀ । ਘਰ ਵਿਚ ਸਭ ਤੋਂ ਛੋਟੀ ਪ੍ਰਭਲੀਨ ਹੀ ਸੀ ਜਿਸ ਕਰਕੇ ਚਾਚੇ ,ਤਾਏ ਅਤੇ ਭੂਆ ਸਭ ਹੀ ਪ੍ਰਭਲੀਨ ਉੱਪਰ ਜਾਨ ਕੁਰਬਾਨ ਕਰਨ ਤੱਕ ਜਾਂਦੇ ਸੀ ।ਪ੍ਰਭਲੀਨ ਸਭ ਦੀ ਲਾਡਲੀ ਸੀ ।ਪ੍ਰਭਲੀਨ ਦੀਆਂ ਐਨਕਾਂ ਦੇਖ ਸਭ ਦੇ ਦਿਲ ਚ ਖੋਹ ਜਿਹੀ ਪੈਂਦੀ ਸੀ ਕਿ ਰੱਬਾ ਇਸ ਮਾਸੂਮ ਨੇ ਤਾਂ ਅਜੇ ਜਿੰਦਗੀ ਦੇ ਰੰਗ ਦੇਖੇ ਵੀ ਨਹੀਂ ਸੀ ਕਿਉਂ ਐਡੀ ਵੱਡੀ ਸਜ਼ਾ ਦੇ ਦਿੱਤੀ ਸਾਡੀ ਮਾਲੂਕ ਜਿਹੀ ਬਾਲੜੀ ਨੂੰ ।ਪਰ ਕੋਈ ਕੁਝ ਕਰ ਵੀ ਤਾਂ ਨਹੀਂ ਸਕਦਾ ਸੀ ।

ਪ੍ਰਭਲੀਨ ਖੇਡਣ ਸਮੇਂ ਵੀ ਆਪਣੀ ਐਨਕ ਨੂੰ ਬੋਚ ਬੋਚ ਰੱਖਦੀ ਤਾਂ ਕਿ ਕਿਤੇ ਖੇਡਦੇ ਸਮੇਂ ਡਿੱਗ ਕੇ ਟੁੱਟ ਨਾ ਜਾਵੇ ।ਕਈ ਵਾਰ ਨਾਲ ਖੇਡਦੇ ਬੱਚੇ ਪ੍ਰਭਲੀਨ ਨੂੰ ਡਬਲ ਬੈਟਰੀ ,ਮੂਰੀ ਆਦਿ ਕਹਿ ਕੇ ਬੁਲਾਉਦੇ ਤਾਂ ਪ੍ਰਭਲੀਨ ਦੇ ਨਾਲ ਸਭ ਦੇ ਹਿਰਦੇ ਵਲੂੰਧਰੇ ਜਾਂਦੇ ।ਪ੍ਰਭਲੀਨ ਨਜ਼ਰ ਕਮਜ਼ੋਰ ਹੋਣ ਦੇ ਬਾਵਜੂਦ ਵੀ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ।

ਪ੍ਰਭਲੀਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਭ ਨੂੰ ਹੀ ਆਕਰਸ਼ਿਤ ਕਰ ਲੈਂਦੀਆਂ ਸੀ ।ਇਸ ਤਰ੍ਹਾਂ ਹੀ ਕੁਝ ਸਾਲ ਗੁਜ਼ਰਦੇ ਗਏ ।
ਪ੍ਰਭਲੀਨ ਦੀ ਭੂਆ ਦੇ ਘਰ ਬੇਟੀ ਨੇ ਜਨਮ ਲਿਆ ।ਜਿਸ ਕਰਕੇ ਪ੍ਰਭਲੀਨ ਦੀ  ਭੂਆ  ਕੁਝ ਸਮਾਂ ਰਹਿਣ ਲਈ  ਇਥੇ ਹੀ ਰੁਕੀ ਸੀ ਤਾਂ ਕਿ ਬੱਚੀ ਦਾ ਪਾਲਣ ਪੋਸ਼ਣ ਵੱਡਿਆ ਦੀ ਦੇਖ ਰੇਖ ਵਿਚ ਹੋ ਸਕੇ ।

ਪ੍ਰਭਲੀਨ ਸਕੂਲੋਂ ਵਾਪਸ ਆਉਦੇ ਹੀ ਬੱਚੀ ਨੂੰ ਗੋਦੀ ਚੁੱਕ ਬੈਠੀ ਰਹਿੰਦੀ ।ਕਦੇ ਉਸਦੇ ਨਿੱਕੇ ਨਿੱਕੇ ਹੱਥਾਂ ਨੂੰ ਚੁੰਮਦੀ ਰਹਿੰਦੀ ।ਇਕ ਦਿਨ ਭੂਆ ਨੇ ਛੋਟੀ ਬੱਚੀ ਦੀ ਦਵਾਈ ਲੈਣ ਸ਼ਹਿਰ ਜਾਣਾ ਸੀ । ਪ੍ਰਭਲੀਨ ਕਹਿੰਦੀ ਭੂਆ ਜੀ,ਮੈਂ ਤੁਹਾਨੂੰ ਕੁਝ ਕਹਿਣਾ ।ਭੂਆ ਨੇ ਕਿਹਾ ,ਦੱਸ ਪੁੱਤ ਕੀ ਕਹਿਣਾ ? ਪ੍ਰਭਲੀਨ ਬੋਲੀ ,ਭੂਆ ਜੀ ਤੁਸੀਂ ਗੁਡੂ ਦੀ ਦਵਾਈ ਲੈਣ ਚਲੇ ਹੋ ? ਭੂਆ ,ਹਾਂ ਪੁੱਤ  ਦਵਾਈ ਲੈ ਕੇ ਆਜਾਗੇ ਸ਼ਾਮ ਤੱਕ । ਪ੍ਰਭਲੀਨ ਰੁਕ ਕੇ ਕਹਿੰਦੀ ,ਭੂਆ ਜੀ ਤੁਸੀਂ ਸ਼ਹਿਰੋ ਗੁਡੂ ਦੀ ਨਿਗ੍ਹਾ ਵੀ ਚੈਕ ਕਰਵਾ ਆਇਓ ।ਕਿਤੇ ਡਾਕਟਰ ਇਦੇ ਵੀ ਐਨਕ ਨਾ ਲਗਾ ਦੇਣ ।ਨਹੀਂ ਤਾਂ ਸਭ ਇਹਨੂੰ ਵੀ ਮੇਰੇ ਵਾਂਗੂੰ ਐਨਕਾਂ ਵਾਲੀ ਕੁੜੀ ਕਹਿ ਕੇ   ਬੁਲਾਇਆ ਕਰਨਗੇ ।

ਨੌ ਸਾਲ ਦੀ ਮਾਸੂਮ ਦੇ ਮੂੰਹੋਂ ਇਹ ਸ਼ਬਦ ਸੁਣ ਸਭ ਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗੇ ।ਕਿਉਂਕਿ ਸਭ ਪ੍ਰਭਲੀਨ ਦੀਆਂ ਗੱਲਾਂ ਪਿੱਛੇ ਛੁਪੇ ਦਰਦ ਨੂੰ ਭਲੀਭਾਂਤ ਜਾਣਦੇ ਸੀ।ਭੂਆ ਨੇ ਪ੍ਰਭਲੀਨ ਨੂੰ ਗੱਲ ਨਾਲ ਲਗਾਉਦੇ ਕਿਹਾ,ਲੋਕਾਂ ਨੂੰ ਕੀ ਕਹਿਣਾ ,ਉਹਨਾਂ ਲਈ ਹੀ ਤੂੰ ਐਨਕਾਂ ਵਾਲੀ ਕੁੜੀ ਹੋਏਗੀ ।ਪਰ ਤੂੰ ਤਾਂ ਸਾਡੇ ਘਰ ਦੀ ਰੌਣਕ ਏ ।ਰੁਸਿਆ ਨੂੰ ਮਨਾਉਣ ਦਾ ਹੁਨਰ ਰੱਖਣ ਵਾਲੀ ਪਰੀ ਏ ।ਲੋਕ ਤਾਂ ਕਮਲੇ ਆ ,ਉਹਨਾਂ ਨੂੰ ਕੀ ਪਤਾ ਸਾਡੀ ਪਰੀ ਕਿੰਨੀਆ ਸਿਆਣੀਆਂ ਗੱਲਾਂ ਕਰਦੀ ਏ ।

ਬੇਸ਼ਕ ਸਾਰੇ ਪਰਿਵਾਰ ਨੇ ਪ੍ਰਭਲੀਨ ਨੂੰ ਹੌਂਸਲਾ ਦਿੱਤਾ ।ਪਰ ਕਿਤੇ ਨਾ ਕਿਤੇ ਸਭ ਜਾਣਦੇ ਸੀ ਕਿ ਉਸਦੇ ਬਾਲ ਮਨ ਉੱਪਰ ਨਿਗ੍ਹਾ ਘੱਟ ਹੋਣ ਦਾ ਗਹਿਰਾ ਅਸਰ ਹੋਇਆ । ਪ੍ਰਭਲੀਨ ਦੁਆਰਾ ਕਹੀ ਗੱਲ  ਸਭ ਨੂੰ ਕਿਤੇ ਨਾ ਕਿਤੇ ਬੇਚੈਨ ਕਰ ਰਹੀ ਸੀ ।ਪਰ ਸਭ ਇੰਤਜ਼ਾਰ ਤੋ ਬਿਨਾਂ ਕੁਝ ਨਹੀਂ ਕਰ ਸਕਦੇ ਸੀ ।

(ਇਹ ਕਹਾਣੀ ਕੋਈ ਮਨਘੜਤ ਕਹਾਣੀ ਨਹੀਂ ਹੈ ।ਮੇਰੀ ਖੁਦ ਦੀ ਭਤੀਜੀ ਦੀ ਕਹਾਣੀ ਹੈ ਜੋ ਸਾਨੂੰ ਜਾਨ ਤੋਂ ਵੀ ਜਿਆਦਾ ਪਿਆਰੀ ਹੈ ।ਪਰ ਮੇਰਾ ਇਹ ਕਹਾਣੀ ਲਿਖਣ ਦਾ ਮਕਸਦ ਸਿਰਫ ਐਨਾ ਸੀ ਕਿ ਜੇ ਅਸੀਂ ਕਿਸੇ ਬੱਚੇ ਨੂੰ ਬੁਲਾਉਣਾ ਹੁੰਦਾ ਉਸਦਾ ਨਾਮ ਨਹੀਂ ਜਾਣਦੇ ਤਾਂ ਹੋਰ ਕੋਈ ਵੀ ਹੋਰ  ਨਾਮ ਲੈ ਕੇ ਬੁਲਾ ਸਕਦੇ ।ਹੋ ਸਕੇ ਤਾਂ ਕਦੇ ਵੀ ਉਹ ਐਨਕਾਂ ਵਾਲੀ ਕੁੜੀ ਜਾਂ ਮੁੰਡੇ  ਨੂੰ ਬੁਲਾਈ ਵਗੈਰਾ ਕਹਿਣ ਤੋਂ ਗੁਰੇਜ਼ ਕਰੀਏ ਅਤੇ ਆਪਣੇ ਬੱਚਿਆਂ ਨੂੰ ਵੀ ਅਜਿਹਾ ਕਰਨ ਦੀ ਸਿੱਖਿਆ ਦੇਈਏ ।ਬੇਸ਼ਕ ਆਪਾਂ ਨੂੰ ਲੱਗਦਾ ਕਿ ਆਪਾਂ ਹਿਨਟ ਦੇ ਕੇ ਹੀ ਬੁਲਾਇਆ ਪਰ ਕਿਤੇ ਨਾ ਕਿਤੇ ਉਹ ਗੱਲਾਂ ਬੱਚਿਆਂ ਨੂੰ ਠੇਸ ਪਹੁੰਚਾਉਦੀਆਂ ।ਜੋ ਬਹੁਤ ਵਾਰ ਬੱਚੇ ਦੱਸਦੇ ਵੀ ਨਹੀਂ ਪਰ ਸਿਰਫ ਉਹਨਾਂ ਦੀਆਂ ਗੱਲਾਂ ਤੋਂ ਮਹਿਸੂਸ ਕਰਨੀਆਂ ਪੈਂਦੀਆਂ ।)

Leave a Reply

Your email address will not be published. Required fields are marked *